
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੂੰਨੀ ਕਲਾਂ, ਬਡਾਲੀ ਆਲਾ ਸਿੰਘ ਅਤੇ ਕੋਟਲਾ ਬਜਵਾੜਾ ਵਿੱਚ ਮਾਪੇ ਵਰਕਸ਼ਾਪ 2.0 ਕਰਵਾਈ
ਫ਼ਤਹਿਗੜ੍ਹ ਸਾਹਿਬ, 07 ਫਰਵਰੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੂੰਨੀ ਕਲਾਂ, ਬਡਾਲੀ ਆਲਾ ਸਿੰਘ ਅਤੇ ਕੋਟਲਾ ਬਜਵਾੜਾ ਵਿੱਚ ਆਯੋਜਿਤ ਮਾਪੇ ਵਰਕਸ਼ਾਪ 2.0 ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਦੀਦਾਰ ਸਿੰਘ ਮਾਂਗਟ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਓ.ਐਸ.ਡੀ ਗੁਲਸ਼ਨ ਛਾਬੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਉਪ ਜ਼ਿਲ੍ਹਾ ਸਿੱਖਿਆ ਅਫਸਰ ਦੀਦਾਰ ਸਿੰਘ ਮਾਂਗਟ ਨੇ ਕਿਹਾ ਕਿ ਮਾਪੇ ਵਰਕਸ਼ਾਪ 2.0 ਵਿੱਚ ਅੰਕਾਂ ਦੀ ਬਜਾਏ ਬੱਚੇ ਦੀ ਸਿਹਤ, ਅਨੁਸ਼ਾਸਨ ਅਤੇ ਰਚਨਾਤਮਕਤਾ, ਨਸ਼ੇ ਵਿਰੁੱਧ 'ਤੇ ਚਰਚਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੀਆਂ ਕਮਜ਼ੋਰੀਆਂ ਅਤੇ ਮਜ਼ਬੂਤ ਪੱਖਾਂ ਨੂੰ ਪਛਾਣ ਕੇ ਭਵਿੱਖ ਦੀ ਰਣਨੀਤੀ ਬਣਾਈ ਜਾਂਦੀ ਹੈ ਕਿ ਵਿਦਿਆਰਥੀ ਕਿਹੜੇ ਸੁਧਾਰਾਂ ਸਦਕਾ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਬਣ ਸਕਦੇ ਹਨ।
ਇਸ ਮੌਕੇ ਗੁਲਸ਼ਨ ਛਾਬੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੀ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਡੀਆਂ ਪੁਲਾਂਘਾਂ ਪੁੱਟ ਸਕਣ।
ਉਹਨਾਂ ਕਿਹਾ ਕਿ ਮਾਪੇ ਵਰਕਸ਼ਾਪ ਦੇ ਸੰਲੋਗਨ ਪ੍ਰੀਖਿਆ ਦੀ ਤਿਆਰੀ ਸਾਂਝੀ ਜਿੰਮੇਵਾਰੀ ਤਹਿਤ ਵਿਦਿਆਰਥੀਆਂ ਨੂੰ ਪ੍ਰੀਖਿਆ ਅਤੇ ਜਿੰਦਗੀ ਵਿੱਚ ਕਾਮਯਾਬ ਕਰਨ ਵਿੱਚ ਮਾਪਿਆ ਅਤੇ ਅਧਿਆਪਕਾਂ ਦੀ ਅਹਿਮ ਜਿੰਮੇਵਾਰੀ ਹੈ। ਵਿਦਿਆਰਥੀ ਸਕੂਲ ਵਿੱਚ ਜੋ ਵੀ ਸਿੱਖਦੇ ਹਨ ਜੇਕਰ ਉਹ ਮਾਪਿਆ ਦੀ ਮਦਦ ਨਾਲ ਘਰ ਜਾਕੇ ਉਸਨੂੰ ਦੋਹਰਾਉਣਗੇ ਤਾ ਉਸਦਾ ਬਹੁਤ ਫਾਇਦਾ ਹੋਵੇਗਾ। ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਉਸਾਰੂ ਵਿਦਿਅਕ ਮਾਹੌਲ ਦੇਣ ਲਈ ਸਕੂਲਾਂ ਦੇ ਢਾਂਚੇ ਵਿੱਚ ਲਗਾਤਾਰ ਸੁਧਾਰ ਕੀਤਾ ਗਿਆ ਹੈ ਅਤੇ ਇਹ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਹੁਣ ਪਹਿਲਾਂ ਨਾਲੋਂ ਵਧੇਰੇ ਸਾਫ ਸਫਾਈ ਤੇ ਹੋਰ ਸਹੂਲਤਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਦਾਖਲਾ ਮੁਹਿੰਮ-2026 ਤਹਿਤ ਆਪਣੇ ਘਰ ਦੇ ਆਸ ਪਾਸ ਸਾਰੇ ਮਾਪਿਆ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਸ਼੍ਰੀ ਛਾਬੜਾ ਨੇ ਕਿਹਾ ਕਿ ਇਸ ਮਾਪੇ ਵਰਕਸ਼ਾਪ ਦੋਰਾਨ ਸਕੂਲਾਂ ਵਿੱਚ ਮਾਪਿਆ ਨੂੰ ਜੋ ਟਰੇਨਿੰਗ ਦਿੱਤੀ ਜਾ ਰਹੀ ਹੈ, ਮਾਪੇ ਉਸਦਾ ਪ੍ਰਯੋਗ ਘਰ ਵਿੱਚ ਕਰਨ ਤਾਂ ਜੋ ਉਹਨਾਂ ਦੇ ਬੱਚੇ ਕਾਮਯਾਬ ਹੋ ਸਕਣ। ਉਹਨਾਂ ਕਿਹਾ ਕਿ ਪ੍ਰੀਖਿਆ ਦੇ ਦਿਨਾਂ ਵਿੱਚ ਬੱਚਿਆਂ ਨੂੂੰ ਟੀ.ਵੀ. ਅਤੇ ਮੋਬਾਇਲ ਤੋਂ ਦੂਰ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਪਿਆਰ ਨਾਲ ਸਮਝਾਕੇ ਪ੍ਰੀਖਿਆ ਦੀ ਤਿਆਰੀ ਲਈ ਪ੍ਰਰਿਤ ਕਰਨਾ ਚਾਹੀਦਾ ਹੈ।

ਬੁਲਾਰਿਆਂ ਨੇ ਮਾਪਿਆਂ ਤੇ ਅਧਿਆਪਕਾਂ ਨੂੰ ਆਪਸ ਵਿੱਚ ਤਾਲਮੇਲ ਵਧਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ।
——————————
This news is auto published from an agency/source and may be published as received.
