
ਨੌਜਵਾਨਾਂ ਨੂੰ ਭਰਮਾ ਕੇ ਗ਼ਲਤ ਕੰਮਾਂ ਵਾਸਤੇ ਪ੍ਰੇਰਿਤ ਕੀਤਾ ਜਾ ਰਿਹਾ। ਸੁਰੱਖਿਆ ਏਜੰਸੀਆਂ ਦੀ ਇਹਤਿਆਤ ਵਰਤਣ ਦੀ ਸਲਾਹ।
ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. (ISI) ਅਤੇ ਪਾਕਿਸਤਾਨ ਇੰਟੈਲੀਜੈਂਸ ਆਪਰੇਟਿਵਜ਼ (PIO) ਵੱਲੋਂ ਭਾਰਤੀ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਅਤੇ ਸੰਵੇਦਨਸ਼ੀਲ ਜਾਣਕਾਰੀਆਂ ਹਾਸਲ ਕਰਨ ਲਈ ਨਵੇਂ ਡਿਜੀਟਲ ਹੱਥਕੰਡੇ ਵਰਤੇ ਜਾ ਰਹੇ ਹਨ। ਸੁਰੱਖਿਆ ਏਜੰਸੀਆਂ ਨੇ ਇਸ ਸਬੰਧੀ ਦੇਸ਼ ਦੇ ਨੌਜਵਾਨਾਂ ਲਈ ਇੱਕ ਅਹਿਮ ਚੇਤਾਵਨੀ ਜਾਰੀ ਕਰਦਿਆਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਇੰਝ ਬਣਾਇਆ ਜਾ ਰਿਹਾ ਹੈ ਨੌਜਵਾਨਾਂ ਨੂੰ ਸ਼ਿਕਾਰ:
ਧਾਰਮਿਕ ਭਾਵਨਾਵਾਂ ਨਾਲ ਖਿਲਵਾੜ: ਪਾਕਿਸਤਾਨੀ ਏਜੰਟ ਧਰਮ ਦੀ ਆੜ ਵਿੱਚ ਨੌਜਵਾਨਾਂ ਦਾ ਬ੍ਰੇਨਵਾਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੱਟੜਪੰਥੀ ਵਿਚਾਰਾਂ ਵਿੱਚ ਉਲਝਾ ਕੇ ਦੇਸ਼ ਖ਼ਿਲਾਫ਼ ਜਾਸੂਸੀ ਲਈ ਉਕਸਾਉਂਦੇ ਹਨ।
+92 ਕੋਡ ਤੋਂ ਫਰਜ਼ੀ ਕਾਲਾਂ ਤੇ ਮੈਸੇਜ: +92 (ਪਾਕਿਸਤਾਨ) ਅਤੇ ਹੋਰ ਵਿਦੇਸ਼ੀ ਨੰਬਰਾਂ ਤੋਂ ਵਟਸਐਪ ‘ਤੇ ਕੇ.ਬੀ.ਸੀ., ਲਾਟਰੀ ਜਾਂ ਕੈਸ਼ ਇਨਾਮਾਂ ਦੇ ਝਾਂਸੇ ਦਿੱਤੇ ਜਾ ਰਹੇ ਹਨ। ਇਨਾਮ ਦੇ ਬਹਾਨੇ ਪ੍ਰੋਸੈਸਿੰਗ ਫੀਸ ਮੰਗ ਕੇ ਜਾਂ ਫਰਜ਼ੀ ਲਿੰਕਾਂ ਰਾਹੀਂ ਫੋਨ ਹੈਕ ਕੀਤੇ ਜਾ ਰਹੇ ਹਨ।
ਸ਼ੌਸ਼ਲ ਮੀਡੀਆ ਹਨੀਟ੍ਰੈਪ: ਔਰਤਾਂ ਦੇ ਨਾਂ ‘ਤੇ ਫਰਜ਼ੀ ਆਈਡੀਆਂ ਬਣਾ ਕੇ ਨੌਜਵਾਨਾਂ ਨਾਲ ਫੇਸਬੁੱਕ, ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ‘ਤੇ ਨਜ਼ਦੀਕੀਆਂ ਵਧਾਈਆਂ ਜਾਂਦੀਆਂ ਹਨ ਅਤੇ ਬਾਅਦ ਵਿੱਚ ਅਸ਼ਲੀਲ ਗੱਲਬਾਤ ਜਾਂ ਤਸਵੀਰਾਂ ਰਾਹੀਂ ਬਲੈਕਮੇਲ ਕੀਤਾ ਜਾਂਦਾ ਹੈ।
ਨੌਕਰੀ ਤੇ ਕਮਾਈ ਦਾ ਲਾਲਚ: ਘਰ ਬੈਠੇ ਕਮਾਈ, ਡਾਟਾ ਐਂਟਰੀ ਜਾਂ ਟੈਲੀਗ੍ਰਾਮ ਟਾਸਕ ਦੇ ਬਹਾਨੇ ਛੋਟੀ-ਮੋਟੀ ਜਾਸੂਸੀ ਅਤੇ ਲੋਕੇਸ਼ਨਾਂ ਮੰਗੀਆਂ ਜਾਂਦੀਆਂ ਹਨ।
ਫਰਜ਼ੀ ਲੋਨ ਅਤੇ ਸੱਟੇਬਾਜ਼ੀ ਐਪਸ: ਗੈਰ-ਕਾਨੂੰਨੀ ਐਪਾਂ ਰਾਹੀਂ ਕਰਜ਼ੇ ਅਤੇ ਜੂਏ ਦੇ ਜਾਲ ਵਿੱਚ ਫਸਾ ਕੇ ਨੌਜਵਾਨਾਂ ਨੂੰ ਮਾਨਸਿਕ ਤੌਰ ‘ਤੇ ਘੇਰਿਆ ਜਾਂਦਾ ਹੈ।
ਜਾਲ ਵਿੱਚ ਫਸਣ ਦੇ ਗੰਭੀਰ ਸਿੱਟੇ:
ਖੁਫੀਆ ਵਿਭਾਗ ਅਨੁਸਾਰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ‘ਤੇ ਸਖ਼ਤ ਕਾਨੂੰਨਾਂ ਜਿਵੇਂ UAPA ਅਤੇ ਆਫੀਸ਼ੀਅਲ ਸੀਕਰੇਟਸ ਐਕਟ ਤਹਿਤ ਮਾਮਲੇ ਦਰਜ ਹੁੰਦੇ ਹਨ। ਇਸ ਨਾਲ ਨੌਜਵਾਨਾਂ ਦਾ ਭਵਿੱਖ ਤਬਾਹ ਹੋ ਜਾਂਦਾ ਹੈ, ਸਰਕਾਰੀ ਨੌਕਰੀਆਂ ਅਤੇ ਪਾਸਪੋਰਟ ਦੇ ਰਾਹ ਬੰਦ ਹੋ ਜਾਂਦੇ ਹਨ। ਇਸ ਤੋਂ ਇਲਾਵਾ ਭਾਰੀ ਵਿੱਤੀ ਨੁਕਸਾਨ, ਸਮਾਜਿਕ ਬਦਨਾਮੀ ਅਤੇ ਦੇਸ਼ ਦੀ ਸੁਰੱਖਿਆ ਨੂੰ ਵੱਡਾ ਖ਼ਤਰਾ ਪੈਦਾ ਹੁੰਦਾ ਹੈ।
ਸੁਰੱਖਿਆ ਏਜੰਸੀਆਂ ਦੀਆਂ ਮੁੱਖ ਹਦਾਇਤਾਂ:
ਕਿਸੇ ਵੀ ਤਰ੍ਹਾਂ ਦੇ ਧਾਰਮਿਕ ਭੜਕਾਊ ਪ੍ਰਚਾਰ ਜਾਂ ਸ਼ੱਕੀ ਸੋਸ਼ਲ ਮੀਡੀਆ ਗਰੁੱਪਾਂ ਦੇ ਝਾਂਸੇ ਵਿੱਚ ਨਾ ਆਓ। +92 ਨੰਬਰ ਤੋਂ ਆਉਣ ਵਾਲੀਆਂ ਸ਼ੱਕੀ ਕਾਲਾਂ, ਲਾਟਰੀ ਮੈਸੇਜਾਂ ਅਤੇ ਲਿੰਕਾਂ ਨੂੰ ਤੁਰੰਤ ਬਲਾਕ ਤੇ ਰਿਪੋਰਟ ਕਰੋ। ਬਿਨਾਂ ਮੁਕਾਬਲੇ ਕਿਸੇ ਲਾਟਰੀ ਦੇ ਇਨਾਮ ਦਾ ਦਾਅਵਾ ਨਾ ਮੰਨੋ ਅਤੇ ਕਦੇ ਵੀ ਪੈਸੇ ਟਰਾਂਸਫਰ ਨਾ ਕਰੋ। ਸੋਸ਼ਲ ਮੀਡੀਆ ‘ਤੇ ਅਣਜਾਣ ਵਿਅਕਤੀਆਂ ਦੀਆਂ ਫਰੈਂਡ ਰਿਕਵੈਸਟਾਂ ਸਵੀਕਾਰ ਨਾ ਕਰੋ ਅਤੇ ਨਿੱਜੀ ਡਾਟਾ ਸਾਂਝਾ ਕਰਨ ਤੋਂ ਬਚੋ।
