
ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼:
ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ), ਫ਼ਤਹਿਗੜ੍ਹ ਸਾਹਿਬ ਵੱਲੋਂ ਰਾਸ਼ਟਰੀ ਜਨਸੰਖਿਆ ਸਿੱਖਿਆ ਨੀਤੀ ਪ੍ਰਾਜੈਕਟ ਤਹਿਤ ਉੱਚ ਵਿਦਿਅਕ ਅਦਾਰਿਆਂ ਨਾਲ ਤਾਲਮੇਲ ਕਰਨ ਦੇ ਸਿਲਸਿਲੇ ਦੀ ਕੜੀ ਵਜੋਂ ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਨੌਜਵਾਨ ਸਿੱਖਿਆਰਥੀਆਂ ਨਾਲ ਸੰਵਾਦ ਰਚਾਇਆ ਗਿਆ। ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਸੰਧੂ ਨੇ ਸਮੇਂ ਦੀ ਸੁਚੱਜੀ ਵਰਤੋਂ ਅਤੇ ਦਬਾਅ ਦੇ ਦੌਰ ਵਿੱਚ ਮਾਨਸਿਕ ਸੰਤੁਲਨ ਕਾਇਮ ਰੱਖਣ ਦੇ ਬਹੁਤ ਸਾਰੇ ਗੁਰ ਸਿੱਖਿਆਰਥੀਆਂ ਨਾਲ ਸਾਂਝੇ ਕੀਤੇ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੀ ਰਿਸੋਰਸ ਪਰਸਨ ਅਤੇ ਨੌਜਵਾਨ ਸਕਾਲਰ ਹਰਮਨਜੀਤ ਕੌਰ ਨੇ ਰੀਜ਼ਨਿੰਗ ਦੇ ਹੁਨਰ ਬਾਰੇ ਡੇਢ ਘੰਟੇ ਦਾ ਸੈਸ਼ਨ ਕੀਤਾ। ਇਸ ਸੈਸ਼ਨ ਦੌਰਾਨ ਥਾਪਰ ਯੂਨੀਵਰਸਿਟੀ ਤੋਂ ਗਣਿਤ ਵਿਸ਼ੇ ਵਿੱਚ ਪੀਐੱਚ.ਡੀ. ਮੁਕੰਮਲ ਕਰ ਚੁੱਕੀ ਅਤੇ ਚੈੱਸ ਦੀ ਕੌਮੀ ਖਿਡਾਰਨ ਹਰਮਨਜੀਤ ਕੌਰ ਨੇ ਕਿਹਾ ਕਿ ਰੀਜ਼ਨਿੰਗ ਪਾਵਰ ਦਾ ਸਬੰਧ ਸਿਰਫ਼ ਇਮਤਿਹਾਨ ਪਾਸ ਕਰਨ ਜਾਂ ਮੁਕਾਬਲੇ ਦੀ ਪ੍ਰੀਖਿਆ ਨੂੰ ਕਲੀਅਰ ਕਰਨ ਨਾਲ ਨਹੀਂ ਹੈ, ਬਲਕਿ ਤਰਕ-ਸ਼ਕਤੀ ਇੱਕ ਜੀਵਨ-ਸ਼ੈਲੀ ਹੈ ਜਿਸ ਨਾਲ ਤਾਉੱਮਰ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਤਰਕ-ਸ਼ਕਤੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਕਿਸੇ ਸਮੱਸਿਆ ਦਾ ਹੱਲ ਲੱਭਣਾ ਹੀ ਕਾਫ਼ੀ ਨਹੀਂ ਹੁੰਦਾ, ਬਲਕਿ ਉਸ ਹੱਲ ਤੱਕ ਪਹੁੰਚਣ ਦੀ ਦਿਸ਼ਾ ਅਤੇ ਰਾਹ ਵੀ ਬਹੁਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਨਜ਼ਰੀਏ ਤੋਂ ਰੀਜ਼ਨਿੰਗ ਪਾਵਰ ਦੇ ਬਹੁਤ ਸਾਰੇ ਪੈਟਰਨ ਅਤੇ ਉਨ੍ਹਾਂ ਨੂੰ ਹੱਲ ਕਰਨ ਦੇ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਕਈ ਵਾਰ ਲਾਪਰਵਾਹੀ, ਅਤਿ-ਵਿਸ਼ਵਾਸ ਜਾਂ ਕਾਹਲੀ ਵਿੱਚ ਕੀਤੀਆਂ ਗ਼ਲਤੀਆਂ ਸਮੱਸਿਆ ਦੇ ਸਹੀ ਹੱਲ ਦੀ ਥਾਂ ਗ਼ਲਤ ਦਿਸ਼ਾ ਵੱਲ ਲੈ ਜਾਂਦੀਆਂ ਹਨ।ਲੈਕਚਰਰ ਕੰਵਲਦੀਪ ਸਿੰਘ ਸੋਹੀ ਨੇ ਕਿਹਾ ਕਿ ਹਰਮਨਜੀਤ ਕੌਰ ਨੇ ਇੱਕੋ ਸਮੇਂ ਗਣਿਤ ਵਰਗੇ ਵਿਸ਼ੇ ਵਿੱਚ ਪੀਐੱਚ.ਡੀ. ਕਰਨ ਦੇ ਨਾਲ-ਨਾਲ ਸ਼ਤਰੰਜ ਵਰਗੀ ਦਿਮਾਗੀ ਖੇਡ ਵਿੱਚ ਵੀ ਸੂਬੇ ਦੀ ਪ੍ਰਤੀਨਿਧਤਾ ਕੀਤੀ ਹੈ ਅਤੇ ਐਨ.ਸੀ.ਸੀ ਦਾ ‘ਸੀ ਸਰਟੀਫਿਕੇਟ’ ਵੀ ਏ ਗ੍ਰੇਡ ਵਿੱਚ ਪ੍ਰਾਪਤ ਕੀਤਾ ਹੋਇਆ ਹੈ। ਹਰਮਨਜੀਤ ਕੌਰ ਨੂੰ ਅਕਾਦਮਿਕ ਪ੍ਰਾਪਤੀਆਂ ਦੀ ਮੈਰਿਟ ਦੇ ਆਧਾਰ ‘ਤੇ ਜ਼ਿਲ੍ਹਾ ਪੱਧਰੀ ਸਨਮਾਨ ਮਿਲੇ ਹੋਏ ਹਨ। ਸੋਹੀ ਨੇ ਕਿਹਾ ਕਿ ਅਜਿਹੀਆਂ ਬਹੁਪੱਖੀ ਪ੍ਰਤਿਭਾਵਾਂ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ। ਸੰਸਥਾ ਮੁਖੀ ਡਾ. ਆਨੰਦ ਗੁਪਤਾ ਨੇ ਕਿਹਾ ਕਿ ਅਜਿਹੇ ਸੈਸ਼ਨ ਪਾਠਕ੍ਰਮ ਤੋਂ ਇਲਾਵਾ ਸਿਖਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਡਾਇਟ ਹਮੇਸ਼ਾ ਅਜਿਹੇ ਸਮਾਗਮਾਂ ਲਈ ਤਤਪਰ ਰਹਿੰਦੀ ਹੈ। ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਹਰਮਨਜੀਤ ਕੌਰ ਉਸ ‘ਜੈੱਨ-ਜੀ’ ਦੀ ਪ੍ਰਤੀਨਿਧਤਾ ਕਰਦੀ ਹੈ, ਜਿਹੜੀ ਇੱਕੋ ਸਮੇਂ ਆਪਣੇ ਹੁਨਰ ਵਿੱਚ ਵੀ ਮਾਹਿਰ ਹੈ ਅਤੇ ਆਪਣੇ ਹੱਕਾਂ ਪ੍ਰਤੀ ਵੀ ਸੁਚੇਤ ਹੈ। ਇਸ ਮੌਕੇ ਸਿਖਿਆਰਥੀਆਂ ਨੇ ਸਰਗਰਮ ਸ਼ਮੂਲੀਅਤ ਕਰਦਿਆਂ ਇਸ ਸੈਸ਼ਨ ਨੂੰ ਹੋਰ ਵਧੇਰੇ ਲਾਹੇਵੰਦ ਬਣਾਇਆ। ਡਾਇਟ ਦੇ ਅਧਿਆਪਕਾਂ ਵੰਦਨਾ ਚੋਪੜਾ, ਨਰਿੰਦਰ ਕੌਰ, ਜਸਪਾਲ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਸੁਜਾਦ ਅਲੀ ਅਤੇ ਤਨਵੀਰ ਸਿੰਘ ਨੇ ਵੀ ਸਿਖਿਆਰਥੀਆਂ ਵਾਂਗ ਸ਼ਿੱਦਤ ਨਾਲ ਭਾਗ ਲਿਆ।
