
308 ਨਿਰੰਕਾਰੀ ਸ਼ਰਧਾਲੂਆਂ ਨੇ ਕੀਤਾ ਸਵੈ-ਇੱਛਾ ਨਾਲ ਖੂਨਦਾਨ
ਮੋਹਾਲੀ, 9 ਅਗਸਤ (ਰੂਪ ਨਰੇਸ਼): ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਸੰਤ ਨਿਰੰਕਾਰੀ ਸਤਸੰਗ ਭਵਨ, ਫੇਜ਼-6, ਮੋਹਾਲੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕੁੱਲ 308 ਨਿਰੰਕਾਰੀ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਸਵੈ-ਇੱਛਾ ਨਾਲ ਖੂਨਦਾਨ ਕੀਤਾ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ।

ਇਸ ਖੂਨਦਾਨ ਕੈਂਪ ਦਾ ਉਦਘਾਟਨ ਦਿੱਲੀ ਤੋਂ ਪਹੁੰਚੇ ਕੇਂਦਰੀ ਗਿਆਨ ਪ੍ਰਚਾਰਕ ਸ਼੍ਰੀ ਇੰਦਰਜੀਤ ਸ਼ਰਮਾ ਜੀ ਅਤੇ ਚੰਡੀਗੜ੍ਹ ਜ਼ੋਨ ਦੇ ਜੋਨਲ ਇੰਚਾਰਜ ਸ਼੍ਰੀ ਓ. ਪੀ. ਨਿਰੰਕਾਰੀ ਜੀ ਵੱਲੋਂ ਫੇਜ਼-6 ਮੋਹਾਲੀ, ਟੀ.ਡੀ.ਆਈ. ਦੇ ਮੁਖੀ ਮਹਾਤਮਾਵਾਂ ਅਤੇ ਚੰਡੀਗੜ੍ਹ ਖੇਤਰ ਦੇ ਖੇਤਰੀ ਸੰਚਾਲਕ ਦੀ ਹਾਜ਼ਰੀ ਵਿੱਚ ਸਾਂਝੇ ਤੌਰ ’ਤੇ ਕੀਤਾ ।

ਇਸ ਮੌਕੇ ਚੰਡੀਗੜ੍ਹ ਜ਼ੋਨ ਦੇ ਜੋਨਲ ਇੰਚਾਰਜ ਸ਼੍ਰੀ ਓ. ਪੀ. ਨਿਰੰਕਾਰੀ ਜੀ ਨੇ ਖੂਨਦਾਨੀਆਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਖੂਨਦਾਨ ਨੂੰ ਮਨੁੱਖਤਾ ਦੀ ਸੇਵਾ ਦਾ ਇੱਕ ਮਹੱਤਵਪੂਰਨ ਸਾਧਨ ਦੱਸਿਆ ਹੈ। ਮਨੁੱਖੀ ਖੂਨ ਦਾ ਕੋਈ ਵਿਕਲਪ ਨਹੀਂ ਹੈ। ਖੂਨਦਾਨ ਸਿਰਫ਼ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ, ਸਗੋਂ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਬਚਾਉਣ ਵਿੱਚ ਯੋਗਦਾਨ ਪਾਉਣ ਵਾਲੀ ਮਹਾਨ ਸੇਵਾ ਹੈ। ਹਰੇਕ ਤੰਦਰੁਸਤ ਅਤੇ ਯੋਗ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਅਜਿਹੀਆਂ ਸੇਵਾ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਹੁਣ ਤੱਕ 9,000 ਤੋਂ ਵੱਧ ਖੂਨਦਾਨ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਲਗਭਗ 15 ਲੱਖ ਯੂਨਿਟ ਖੂਨ ਦਾਨ ਕੀਤਾ ਜਾ ਚੁੱਕਾ ਹੈ।

ਦਿੱਲੀ ਤੋਂ ਪਹੁੰਚੇ ਕੇਂਦਰੀ ਪ੍ਰਚਾਰਕ ਸ਼੍ਰੀ ਇੰਦਰਜੀਤ ਸ਼ਰਮਾ ਜੀ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਮੇਂ-ਸਮੇਂ ’ਤੇ ਲਗਾਏ ਜਾਣ ਵਾਲੇ ਖੂਨਦਾਨ ਕੈਂਪ ਮਨੁੱਖੀ ਭਲਾਈ ਦੀ ਭਾਵਨਾ ਨੂੰ ਅੱਗੇ ਵਧਾਉਣ ਦਾ ਕੰਮ ਕਰਦੇ ਹਨ। ਅਜਿਹੇ ਸਮਾਗਮਾਂ ਰਾਹੀਂ ਸਮਾਜ ਵਿੱਚ ਨਿਸ਼ਕਾਮ ਸੇਵਾ, ਮਨੁੱਖੀ ਏਕਤਾ, ਪਰਉਪਕਾਰ, ਭਾਈਚਾਰੇ ਅਤੇ ਮਿਲਵਰਤਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਨੇ ਖੂਨਦਾਨ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਪ੍ਰੇਰਣਾਦਾਇਕ ਕਥਨ “ਖੂਨ ਨਾਲੀਆਂ ਵਿੱਚ ਨਹੀਂ, ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ” ਨੂੰ ਜੀਵਨ ਵਿੱਚ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖੂਨਦਾਨ ਰਾਹੀਂ ਸਤਿਗੁਰੂ ਦੇ ਏਕਤਾ ਦੇ ਸੰਦੇਸ਼ ਨੂੰ ਵਿਹਾਰਕ ਰੂਪ ਦਿੱਤਾ ਜਾ ਸਕਦਾ ਹੈ। ਇਹ ਸੇਵਾ ਮਨੁੱਖਤਾ ਪ੍ਰਤੀ ਪਿਆਰ, ਦਇਆ ਅਤੇ ਸਮਰਪਣ ਦੀ ਭਾਵਨਾ ਨੂੰ ਦਰਸਾਉਂਦੀ ਹੈ। ਖੂਨਦਾਨ ਰਾਹੀਂ ਅਸੀਂ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਵਿੱਚ ਆਸ ਦੀ ਨਵੀਂ ਕਿਰਨ ਜਗਾ ਸਕਦੇ ਹਾਂ।
ਇਸ ਮੌਕੇ ਮੋਹਾਲੀ ਬ੍ਰਾਂਚ ਦੇ ਇੰਚਾਰਜ ਸ਼੍ਰੀ ਗੁਲਸ਼ਨ ਲੂਥਰਾ ਜੀ ਨੇ ਦਿੱਲੀ ਤੋਂ ਪਹੁੰਚੇ ਪ੍ਰਚਾਰਕ ਸ਼੍ਰੀ ਇੰਦਰਜੀਤ ਸ਼ਰਮਾ ਜੀ, ਚੰਡੀਗੜ੍ਹ ਜੋਨਲ ਇੰਚਾਰਜ ਸ਼੍ਰੀ ਓ. ਪੀ. ਨਿਰੰਕਾਰੀ ਜੀ, ਪੀ.ਜੀ.ਆਈ. ਚੰਡੀਗੜ੍ਹ ਅਤੇ ਸਿਵਲ ਹਸਪਤਾਲ ਫੇਜ਼-6 ਤੋਂ ਪਹੁੰਚੀ ਡਾਕਟਰਾਂ ਦੀ ਟੀਮ, ਖੂਨਦਾਨੀਆਂ, ਵੱਖ-ਵੱਖ ਬ੍ਰਾਂਚਾਂ ਤੋਂ ਪਹੁੰਚੇ ਸ਼ਰਧਾਲੂਆਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਕੈਂਪ ਵਿੱਚ ਪਹੁੰਚਣ ਅਤੇ ਸਹਿਯੋਗ ਦੇਣ ਲਈ ਧੰਨਵਾਦ ਅਤੇ ਆਭਾਰ ਪ੍ਰਗਟ ਕੀਤਾ।
ਖੂਨਦਾਨ ਕੈਂਪ ਵਿੱਚ ਸ਼ਰਧਾਲੂਆਂ ਨੇ ਉਤਸ਼ਾਹ ਅਤੇ ਸੇਵਾ-ਭਾਵਨਾ ਨਾਲ ਭਾਗ ਲੈਂਦਿਆਂ ਇਹ ਸੰਦੇਸ਼ ਦਿੱਤਾ ਕਿ ਮਨੁੱਖਤਾ ਦੀ ਸੇਵਾ, ਆਪਸੀ ਭਾਈਚਾਰਾ ਅਤੇ ਮਿਲਵਰਤਣ ਹੀ ਸਮਾਜ ਨੂੰ ਮਜ਼ਬੂਤ ਬਣਾਉਣ ਦਾ ਆਧਾਰ ਹਨ।
