
ਛਾਪੇ ਦੌਰਾਨ ਕਈ ਅਹਿਮ ਦਸਤਾਵੇਜ਼ ਬਰਾਮਦ, ਦੋ ਵਿਚੋਲਿਆਂ ’ਤੇ ਕੱਸਿਆ ਸ਼ਿਕੰਜਾ
ਚੰਡੀਗੜ੍ਹ, 7 ਮਈ (ਦੁਰਗੇਸ਼ ਗਾਜਰੀ) : ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅੱਜ ਪੰਜਾਬ ਤੇ ਚੰਡੀਗੜ੍ਹ ’ਚ ਮਾਰੇ ਛਾਪਿਆਂ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਨਾਮ ਦੀ ਗੂੰਜ ਪਈ ਹੈ। ਪੰਜਾਬ ’ਚ ਅੱਜ ਤਲਾਸ਼ੀ ਮੁਹਿੰਮਾਂ ਦੌਰਾਨ ਈਡੀ ਤਰਫ਼ੋਂ ਅੱਜ ਸ਼ਾਮ ਵੇਲੇ ਜਾਰੀ ਕੀਤੇ ਬਿਆਨ ’ਚ ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਦਾ ਨਾਮ ਲਿਆ ਗਿਆ ਹੈ। ਈਡੀ ਵੱਲੋਂ ਕਿਹਾ ਗਿਆ ਹੈ ਕਿ ਅੱਜ ਗੌਰਵ ਧੀਰ ਨਾਮ ਦੇ ਬਿਲਡਰ ’ਤੇ ਛਾਪੇਮਾਰੀ ਕੀਤੀ ਗਈ ਜੋ ਅਮਨ ਅਰੋੜਾ ਦਾ ਕਰੀਬੀ ਸਾਥੀ ਹੈ। ਈਡੀ ਅਨੁਸਾਰ ਮੈਸਰਜ਼ ਧੀਰ ਕੰਸਟਰੱਕਸ਼ਨ ਦੇ ਗੌਰਵ ਧੀਰ ਨੇ ਆਪਣੀ ਕੰਪਨੀ ਮੈਸਰਜ਼ ਸਨਸਿਟੀ ਪ੍ਰਾਜੈਕਟਸ ਰਾਹੀਂ ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਤੋਂ 130 ਕਰੋੜ ਰੁਪਏ ਦੀ ਮਾਮੂਲੀ ਰਕਮ ਵਿੱਚ ਪ੍ਰਾਜੈਕਟ ਖਰੀਦਿਆ ਜਿਸ ਦੀ ਅਸਲ ਕੀਮਤ 300 ਕਰੋੜ ਦੇ ਕਰੀਬ ਸੀ। ਗੌਰਵ ਧੀਰ ‘ਆਪ’ ਆਗੂ (ਅਮਨ ਅਰੋੜਾ) ਦਾ ਕਰੀਬੀ ਸਾਥੀ ਹੈ। ਈਡੀ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦੀ ਤਲਾਸ਼ੀ ਮੁਹਿੰਮ ਦੌਰਾਨ ਦੋ ਵਿਚੋਲਿਆਂ ਨਿਤਿਨ ਅਤੇ ਪ੍ਰਿਤਪਾਲ ਸਿੰਘ ਢੀਂਡਸਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੇ ਸਿਆਸੀ ਸਰਪ੍ਰਸਤੀ ਦੇਣ ’ਚ ਮਦਦ ਕੀਤੀ। ਇਨ੍ਹਾਂ ਪ੍ਰਾਈਵੇਟ ਵਿਅਕਤੀਆਂ ਤੋਂ ਕਈ ਦਸਤਾਵੇਜ਼ ਬਰਾਮਦ ਕੀਤੇ ਗਏ ਹਨ ਜੋ ਪੰਜਾਬ ਸਰਕਾਰ ਦੇ ਕੰਮ ਕਾਜ ਵਿੱਚ ਇਨ੍ਹਾਂ ਨਿੱਜੀ ਵਿਅਕਤੀਆਂ ਦੀ ਦਖ਼ਲਅੰਦਾਜ਼ੀ ਦਾ ਸੰਕੇਤ ਦਿੰਦੇ ਹਨ। ਜ਼ਿਕਰਯੋਗ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਮੋਹਾਲੀ ਦੇ ਖਰੜ ਨੇੜੇ ਇੱਕ ਰਿਹਾਇਸ਼ੀ ਸੁਸਾਇਟੀ ਵਿੱਚ ਛਾਪੇਮਾਰੀ ਕੀਤੀ ਸੀ, ਜਿੱਥੇ ਕਾਰਵਾਈ ਦੌਰਾਨ ਨੌਵੀਂ ਮੰਜ਼ਿਲ ਦੇ ਇੱਕ ਫਲੈਟ ਤੋਂ ਨਕਦੀ ਨਾਲ ਭਰੇ ਬੈਗ ਸੁੱਟੇ ਗਏ। ਇਹ ਛਾਪੇਮਾਰੀ ਖਰੜ ਨੇੜੇ ਛੱਜੂ ਮਾਜਰਾ ਸਥਿਤ ‘ਵੈਸਟਰਨ ਟਾਵਰਜ਼’ ਦੇ ਫਲੈਟ ਨੰਬਰ 906 ਵਿੱਚ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਇਮਾਰਤ ਦੇ ਅੰਦਰੋਂ ਕਥਿਤ ਤੌਰ ‘ਤੇ ਨਕਦੀ ਦੇ ਬੰਡਲਾਂ ਵਾਲੇ ਦੋ ਬੈਗ ਹੇਠਾਂ ਸੁੱਟੇ ਗਏ। ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਘਟਨਾ ਤੋਂ ਤੁਰੰਤ ਬਾਅਦ ਸੁਸਾਇਟੀ ਦੇ ਗਰਾਊਂਡ ਫਲੋਰ ਵਾਲੇ ਹਿੱਸੇ ਵਿੱਚ 500 ਰੁਪਏ ਦੇ ਕਰੰਸੀ ਨੋਟਾਂ ਦੇ ਬੰਡਲ ਖਿੱਲਰੇ ਹੋਏ ਦੇਖੇ ਗਏ। ਜਿਵੇਂ ਹੀ ਈਡੀ ਦੇ ਅਧਿਕਾਰੀਆਂ ਨੇ ਨਕਦੀ ਵਾਲੇ ਬੈਗ ਕਬਜ਼ੇ ਵਿੱਚ ਲਏ, ਸੁਸਾਇਟੀ ਦੇ ਨਿਵਾਸੀ ਮੌਕੇ ‘ਤੇ ਇਕੱਠੇ ਹੋ ਗਏ। ਸੂਤਰਾਂ ਨੇ ਦੱਸਿਆ ਕਿ ਬੈਗਾਂ ਵਿੱਚੋਂ ਕਰੀਬ 21 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਕੇਂਦਰੀ ਏਜੰਸੀ ਦੇ ਅਧਿਕਾਰੀ ਕਈ ਘੰਟਿਆਂ ਤੱਕ ਫਲੈਟ ਦੇ ਅੰਦਰ ਰਹੇ ਅਤੇ ਦੱਸਿਆ ਗਿਆ ਹੈ ਕਿ ਤਲਾਸ਼ੀ ਦੀ ਕਾਰਵਾਈ ਦੌਰਾਨ ਅਪਾਰਟਮੈਂਟ ਅੰਦਰੋਂ ਬੰਦ ਸੀ।
