
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਤਿਹਗੜ੍ਹ ਸਾਹਿਬ
ਭਾਰਤ ਰਤਨ ਡਾ. ਭੀਮ ਰਾਓ ਸਮੁੱਚੀ ਮਨੁੱਖਤਾ ਅਤੇ ਨਾਰੀ ਜਾਤੀ ਦੇ ਮੁਕਤੀਦਾਤਾ ਸਨ- ਵਧੀਕ ਡਿਪਟੀ ਕਮਿਸ਼ਨਰ ਡਾ: ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਂਟ
ਫ਼ਤਹਿਗੜ੍ਹ ਸਾਹਿਬ, 14 ਅਪ੍ਰੈਲ:
ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਕੇਵਲ ਇੱਕ ਵਰਗ ਦੇ ਰਹਿਬਰ ਨਹੀਂ ਸਨ, ਸਗੋਂ ਉਹ ਸਮੁੱਚੀ ਮਨੁੱਖਤਾ ਅਤੇ ਨਾਰੀ ਜਾਤੀ ਦੇ ਮੁਕਤੀਦਾਤਾ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਾਜਿਕ ਬਰਾਬਰੀ ਅਤੇ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਲਈ ਲੇਖੇ ਲਾ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਧਾਲੀਵਾਲ ਨੇ ਅੱਜ ਡਾ. ਭੀਮ ਰਾਓ ਅੰਬੇਡਕਰ ਜੀ ਦੇ134ਵੇਂ ਜਨਮ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ, ਉਨ੍ਹਾਂ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਮੌਕੇ ਕੀਤਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਇੱਕ ਮਹਾਨ ਵਿਦਵਾਨ, ਸੰਵਿਧਾਨ ਨਿਰਮਾਤਾ ਅਤੇ ਕਾਨੂੰਨਦਾਨ ਸਨ, ਜਿਨ੍ਹਾਂ ਦੀ ਸੋਚ ਅਤੇ ਵਿਜ਼ਨ ਅੱਜ ਵੀ ਸਾਡੇ ਲਈ ਮਾਰਗਦਰਸ਼ਕ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਸਦੀਆਂ ਵਿੱਚ ਇੱਕ ਵਾਰ ਜਨਮ ਲੈਂਦੀਆਂ ਹਨ ਅਤੇ ਉਨ੍ਹਾਂ ਦੇ ਦਿਖਾਏ ਰਾਹ ‘ਤੇ ਚੱਲ ਕੇ ਹੀ ਸਮਾਜ ਤਰੱਕੀ ਕਰ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫਤਹਿਗੜ੍ਹ ਸਾਹਿਬ ਦੀ ਇਹ ਵਚਨਬੱਧਤਾ ਹੈ ਕਿ ਜੋ ਵੀ ਸਰਕਾਰੀ ਲੋਕ ਭਲਾਈ ਸਕੀਮਾਂ ਹਨ ਉਹ ਲੋੜਵੰਦ ਲੋਕਾਂ ਨੂੰ ਮਿਲਣ। ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਆਪਣਾ ਫਰਜ਼ ਸਮਝਦੇ ਹੋਏ ਪੱਛੜੇ ਵਰਗ ਦੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਕਿਹਾ।

ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਮੁਕਲ ਬਾਵਾ ਤੋਂ ਇਲਾਵਾ ਵੱਖ ਵੱਖ ਵਿਭਾਗੀ ਅਧਿਕਾਰੀ, ਕਰਮਚਾਰੀ ਵੀ ਹਾਜ਼ਰ ਸਨ।
——————————
This news is auto published from an agency/source and may be published as received.
