
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ
ਪਸ਼ੂਆਂ ਨੂੰ ਮੂੰਹਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਣ ਮੁਹਿੰਮ ਸ਼ੁਰੂ- ਡਿਪਟੀ ਡਾਇਰੈਕਟਰ ਪਸ਼ੂ ਪਾਲਣ 29 ਮਈ ਤੱਕ ਚਲਾਈ ਜਾਵੇਗੀ ਟੀਕਾਕਰਨ ਮੁਹਿੰਮ ਜਿਲ੍ਹੇ ਦੇ ਪਸ਼ੂ ਪਾਲਕ ਵਿਭਾਗ ਦੀਆਂ ਟੀਮਾਂ ਨੂੰ ਟੀਕਾਕਰਨ ਵਿੱਚ ਸਹਿਯੋਗ ਕਰਨ
ਫਤਹਿਗੜ੍ਹ ਸਾਹਿਬ, 19 ਅਪ੍ਰੈਲ
ਪਸ਼ੂਆਂ ਨੂੰ ਮੂੰਹਖੁਰ ਦੀ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਲਗਾਤਾਰ ਟੀਕਾਕਰਨ ਮੁਹਿੰਮਾਂ ਜਾਰੀ ਹਨ, ਇਸੇ ਲੜੀ ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ 1,56,102 ਪਸ਼ੂਆਂ ਨੂੰ ਮੂੰਹ ਖੋਰ ਦੀ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ 29 ਮਈ 2026 ਤੱਕ ਚੱਲੇਗੀ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਪਸੂ ਪਾਲਣ ਡਾ: ਜਗਦੀਪ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਟੀਕਾਕਰਣ ਮੁਹਿੰਮ ਨੂੰ ਨੇਪਰੇ ਚੜਾਉਣ ਲਈ ਪਸ਼ੂ ਪਾਲਣ ਵਿਭਾਗ ਦੀਆਂ 31 ਟੀਮਾਂ ਘਰ-ਘਰ ਜਾ ਕੇ ਮੱਝਾਂ ਅਤੇ ਗਾਵਾਂ ਨੂੰ ਮੁਫਤ ਟੀਕਾਕਰਣ ਕਰਨਗੀਆਂ। ਇਹ ਟੀਕਾਕਰਣ ਸਾਲ ਵਿੱਚ ਦੋ ਵਾਰ ਲਗਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਲਗਾਤਾਰ ਟੀਕਾਕਰਣ ਕਰਨ ਨਾਲ ਵੱਡੇ ਪੱਧਰ ਤੇ ਮੂੰਹਖੁਰ ਦੀ ਬਿਮਾਰੀ ਉੱਪਰ ਕੰਟਰੋਲ ਹੋਇਆ ਹੈ ਅਤੇ ਹੁਣ ਇਸ ਬਿਮਾਰੀ ਦੇ ਜੜੋਂ ਖਾਤਮੇ ਲਈ ਟੀਕਾਕਰਣ ਮੁਹਿੰਮਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਮੂੰਹਖੁਰ ਦੀ ਬਿਮਾਰੀ ਬਹੁਤ ਹੀ ਖਤਰਨਾਕ ਛੂਤੀ ਰੋਗ ਹੈ। ਇਸ ਬਿਮਾਰੀ ਨਾਲ ਪਸੂਆਂ ਨੂੰ ਤੇਜ ਬੁਖਾਰ, ਮੂੰਹ ਦੇ ਲਾਰ, ਮੂੰਹ, ਪੈਰਾਂ ਅਤੇ ਬਣਾਂ ਵਿੱਚ ਛਾਲੇ ਹੋ ਜਾਂਦੇ ਹਨ। ਪਸੂਆਂ ਦੀ ਦੁੱਧ ਦੀ ਉਤਪਾਦਕਤਾ ਬਹੁਤ ਘੱਟ ਜਾਂਦੀ ਹੈ। ਪਸ਼ੂਆਂ ਦੀ ਪ੍ਰਜਨਣ ਸਮਰੱਥਾ ਤੇ ਮਾੜਾ ਅਸਰ ਪੈਂਦਾ ਹੈ। ਇਹ ਬਿਮਾਰੀ ਇੱਕ ਬਿਮਾਰ ਪਸੂ ਤੋਂ ਦੂਜੇ ਤੰਦਰੁਸਤ ਪਸ਼ੂਆਂ ਵਿੱਚ ਤੇਜੀ ਨਾਲ ਫੈਲਦੀ ਹੈ।
ਡਿਪਟੀ ਡਾਇਰੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਪਸੂ ਪਾਲਕਾਂ ਦੇ ਸਹਿਯੋਗ ਨਾਲ ਸਾਰੇ ਯੋਗ ਪਸ਼ੂਆਂ ਦੇ ਟੀਕਾਕਰਣ ਕੀਤੇ ਜਾਣ ਨਾਲ ਇਸ ਬਿਮਾਰੀ ਤੋਂ ਹੋਣ ਵਾਲੇ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ, ਜਿਸ ਨਾਲ ਪਸੂ ਪਾਲਣ ਦੇ ਕਿੱਤੇ ਨੂੰ ਹੋਰ ਹੁਲਾਰਾ ਮਿਲਦਾ ਹੈ ਅਤੇ ਪਸੂ ਪਾਲਕਾਂ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਉਹਨਾਂ ਵਲੋਂ ਜਿਲ੍ਹੇ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਅਤੇ 100 ਫੀਸਦੀ ਯੋਗ ਪਸ਼ੂਆਂ ਨੂੰ ਟੀਕਾਕਰਣ ਜਰੂਰ ਕਰਵਾਉਣ।
——————————
This news is auto published from an agency/source and may be published as received.
