ਸੇਵਾ ਨੂੰ ਭੇਦਭਾਵ ਦੀ ਦ੍ਰਿਸ਼ਟੀ ਨਾਲ ਦੇਖਣ ਦੀ ਬਜਾਏ ਨਿਰਸਵਾਰਥ ਭਾਵ ਨਾਲ ਕਰੋ – ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
ਸਮਾਲਖਾ, ਦਵਿੰਦਰ ਰੋਹਟਾ/ਰੂਪ ਨਰੇਸ਼: ਇਸ ਸੰਸਾਰ ਵਿੱਚ ਕਈ ਤਰ੍ਹਾਂ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦੀ ਭਾਸ਼ਾ, ਪਹਿਰਾਵਾ, ਭੋਜਨ, ਜਾਤ, ਧਰਮ ਅਤੇ ਸੱਭਿਆਚਾਰ ਆਦਿ ਵੱਖ-ਵੱਖ ਹਨ। ਪਰ ਇੰਨੀਆਂ ਭਿੰਨਤਾਵਾਂ ਦੇ ਬਾਵਜੂਦ, ਸਾਡੇ ਸਾਰਿਆਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਅਸੀਂ ਸਾਰੇ ਇਨਸਾਨ ਹਾਂ। ਸਾਡਾ ਰੰਗ, ਪਹਿਰਾਵਾ, ਦੇਸ਼ ਜਾਂ ਖਾਣ-ਪੀਣ ਦੀਆਂ ਆਦਤਾਂ ਕੋਈ ਵੀ ਹੋਣ, ਸਾਰਿਆਂ ਦੀਆਂ ਰਗਾਂ ਵਿੱਚ ਇੱਕੋ ਜਿਹਾ ਖ਼ੂਨ ਵਗਦਾ ਹੈ ਅਤੇ ਹਰ ਕੋਈ ਇੱਕੋ ਜਿਹਾ ਸਾਹ ਲੈਂਦਾ ਹੈ। ਅਸੀਂ ਸਾਰੇ ਰੱਬ ਦੇ ਬੱਚੇ ਹਾਂ। ਇਸ ਭਾਵਨਾ ਨੂੰ ਕਈ ਸੰਤਾਂ ਨੇ ਵੱਖ-ਵੱਖ ਸਮਿਆਂ ਅਤੇ ਸਥਾਨਾਂ ‘ਤੇ ‘ਸਾਰਾ ਸੰਸਾਰ, ਇੱਕ ਪਰਿਵਾਰ’ ਦੇ ਸੰਦੇਸ਼ ਦੇ ਰੂਪ ਵਿੱਚ ਆਪਣੀ ਭਾਸ਼ਾ ਅਤੇ ਸ਼ੈਲੀ ਵਿੱਚ ਪ੍ਰਗਟ ਕੀਤਾ। ਪਿਛਲੇ 95 ਸਾਲਾਂ ਤੋਂ ਸੰਤ ਨਿਰੰਕਾਰੀ ਮਿਸ਼ਨ ਨਾ ਸਿਰਫ਼ ਇਹ ਸੰਦੇਸ਼ ਦੇ ਰਿਹਾ ਹੈ, ਸਗੋਂ ਲਗਾਤਾਰ ਕਈ ਸਤਿਸੰਗ ਅਤੇ ਇਕੱਠ ਕਰਕੇ ਇਸ ਸੰਦੇਸ਼ ਦੀ ਜਿਉਂਦੀ ਜਾਗਦੀ ਮਿਸਾਲ ਵੀ ਪੇਸ਼ ਕਰ ਰਿਹਾ ਹੈ। ਇਸ ਸਾਲ ਵੀ ਮਿਸ਼ਨ ਦੇ ਲੱਖਾਂ ਸ਼ਰਧਾਲੂ 16, 17 ਅਤੇ 18 ਨਵੰਬਰ 2024 ਨੂੰ ਸੰਤ ਨਿਰੰਕਾਰੀ ਅਧਿਆਤਮਿਕ ਸਥੱਲ ਸਮਾਲਖਾ, ਹਰਿਆਣਾ ਵਿਖੇ ਹੋਣ ਵਾਲੇ 77ਵੇਂ ਸਲਾਨਾ ਨਿਰੰਕਾਰੀ ਸੰਤ ਸਮਾਗਮ ਵਿੱਚ ਪਹੁੰਚ ਕੇ ਇੱਕ ਵਾਰ ਫਿਰ ਮਾਨਵਤਾ ਦੇ ਮਹਾਂਕੁੰਭ ਦਾ ਨਜ਼ਾਰਾ ਸਜਾਉਣ ਜਾ ਰਹੇ ਹਨ। ਦੇਸ਼-ਵਿਦੇਸ਼ ਤੋਂ ਆਉਣ ਵਾਲੇ ਇਹ ਸ਼ਰਧਾਲੂ ਜਿੱਥੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਾਵਨ ਦਰਸ਼ਨ ਕਰਕੇ ਖੁਦ ਲਈ ਖੁਸ਼ੀ ਮਹਿਸੂਸ ਕਰਨਗੇ, ਉੱਥੇ ਹੀ ਸੰਤ ਸਮਾਗਮ ਵਿੱਚ ਮਿਲੀਆਂ ਸਿੱਖਿਆਵਾਂ ਨਾਲ ਆਪਣੇ ਮਨਾਂ ਨੂੰ ਰੌਸ਼ਨ ਕਰਨ ਦਾ ਯਤਨ ਕਰਨਗੇ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6 ਅਕਤੂਬਰ ਨੂੰ ਇਸ ਸੰਤ ਸਮਾਗਮ ਲਈ ਜ਼ਮੀਨ ਤਿਆਰ ਕਰਨ ਦੀ ਸੇਵਾ ਦਾ ਸ਼ੁੱਭ ਆਰੰਭ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਚਰਨ ਕਮਲਾਂ ਦੁਆਰਾ ਕੀਤਾ ਗਿਆ। ਇਸ ਮੌਕੇ ਮਿਸ਼ਨ ਦੀ ਕਾਰਜਕਾਰਨੀ ਕਮੇਟੀ ਦੇ ਸਮੂਹ ਮੈਂਬਰ, ਕੇਂਦਰੀ ਸੇਵਾ ਦਲ ਦੇ ਅਧਿਕਾਰੀ ਅਤੇ ਹਜ਼ਾਰਾਂ ਹੋਰ ਸਤਿਸੰਗ ਦੇ ਸ਼ਰਧਾਲੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ 600 ਏਕੜ ‘ਚ ਫੈਲੇ ਇਸ ਵਿਸ਼ਾਲ ਸੰਤ ਸਮਾਗਮ ‘ਤੇ ਲੱਖਾਂ ਸੰਤਾਂ ਦੇ ਠਹਿਰਣ, ਖਾਣ-ਪੀਣ, ਸਿਹਤ ਅਤੇ ਆਵਾਜਾਈ ਦੇ ਹੋਰ ਵੀ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ, ਜਿਸ ਲਈ ਮਹੀਨਾ ਭਰ ਸ਼ਰਧਾਲੂ ਸ਼ਰਧਾ ਭਾਵਨਾ ਨਾਲ ਆਉਂਦੇ ਹਨ ਤੇ ਸੇਵਾ ਕਰਦੇ ਹਨ। ਇਸ ਪਵਿੱਤਰ ਸੰਤ ਸਮਾਗਮ ਵਿੱਚ ਹਰ ਵਰਗ ਦੇ ਸੰਤ ਅਤੇ ਸੇਵਾਦਾਰ ਮਹਾਤਮਾ ਆਪਣੇ ਸਨੇਹੀਆਂ ਸਮੇਤ ਸ਼ਾਮਲ ਹੋ ਕੇ ਇਸ ਇਲਾਹੀ ਏਕਤਾ ਦਾ ਆਨੰਦ ਲੈਣਗੇ। ਇਸ ਸਾਲ ਦੇ ਸੰਤ ਸਮਾਗਮ ਦਾ ਵਿਸ਼ਾ ਹੈ – ਵਿਸਥਾਰ ਅਸੀਮ ਵੱਲ।
ਸਮਾਗਮ ਸੇਵਾ ਦੇ ਸ਼ੁਭ ਅਵਸਰ ‘ਤੇ ਵਿਸ਼ਾਲ ਸਤਿਸੰਗ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਸੇਵਾ ਕਰਦੇ ਸਮੇਂ ਸੇਵਾ ਨੂੰ ਭੇਦਭਾਵ ਦੀ ਨਜ਼ਰ ਤੋਂ ਨਹੀਂ ਦੇਖਣਾ ਚਾਹੀਦਾ ਸਗੋਂ ਹਮੇਸ਼ਾ ਨਿਰਸਵਾਰਥ ਅਤੇ ਨਿਸ਼ਕਾਮ ਭਾਵ ਨਾਲ ਕਰਨੀ ਚਾਹੀਦੀ ਹੈ | ਸੇਵਾ ਉਦੋਂ ਹੀ ਵਰਦਾਨ ਸਾਬਤ ਹੁੰਦੀ ਹੈ ਜਦੋਂ ਇਸ ਵਿੱਚ ਕੋਈ ਕਿੰਤੂ ਪਰੰਤੂ ਸ਼ਾਮਿਲ ਨਾ ਹੋਵੇ, ਕੋਈ ਸਮਾਂ ਸੀਮਾ ਨਹੀਂ ਹੋਣੀ ਚਾਹੀਦੀ ਕਿ ਸਮਾਗਮ ਦੌਰਾਨ ਅਤੇ ਸਮਾਪਤੀ ਤੱਕ ਹੀ ਸੇਵਾ ਕਰਨੀ ਹੈ, ਸਗੋਂ ਅਗਲੇ ਸਮਾਗਮ ਤੱਕ ਵੀ ਸੇਵਾ ਦੀ ਭਾਵਨਾ ਦਾ ਜਜ਼ਬਾ ਬਰਕਰਾਰ ਰਹਿਣਾ ਚਾਹੀਦਾ ਹੈ। ਇਹ ਇੱਕ ਨਿਰੰਤਰ ਪ੍ਰਕਿਰਿਆ ਹੈ। ਸੇਵਾ ਹਮੇਸ਼ਾ ਦਿਲੋਂ ਸ਼ਰਧਾ ਨਾਲ ਕੀਤੀ ਜਾਣੀ ਚਾਹੀਦੀ ਹੈ, ਫਿਰ ਭਾਵੇਂ ਅਸੀਂ ਸਰੀਰਕ ਤੌਰ ‘ਤੇ ਅਪਾਹਜ ਜਾਂ ਅਸਮਰੱਥ ਹੀ ਕਿਉਂ ਨਾ ਹੋਈਏ ਤਾਂ ਵੀ ਸੇਵਾ ਪ੍ਰਵਾਨ ਹੁੰਦੀ ਹੈ।
ਨਿਰੰਕਾਰੀ ਸੰਤ ਸਮਾਗਮ ਜਿਸ ਦੀ ਹਰ ਸ਼ਰਧਾਲੂ ਸਾਲ ਭਰ ਉਡੀਕ ਕਰਦਾ ਹੈ, ਇੱਕ ਐਸਾ ਦੈਵੀ ਉਤਸਵ ਹੈ ਜਿੱਥੇ ਮਾਨਵਤਾ , ਅਸੀਮ ਪਿਆਰ, ਅਸੀਮ ਦਇਆ, ਅਸੀਮ ਵਿਸ਼ਵਾਸ ਅਤੇ ਅਸੀਮ ਸਮਰਪਣ ਦੇ ਭਾਵ ਨੂੰ ਅਸੀਮ ਪਰਮਾਤਮਾ ਦੇ ਗਿਆਨ ਦਾ ਅਧਾਰ ਪ੍ਰਦਾਨ ਕਰਦੇ ਹੋਏ ਸ਼ਿੰਗਾਰਿਆ ਜਾਂਦਾ ਹੈ, ਮਾਨਵਤਾ ਦੇ ਇਸ ਤਿਉਹਾਰ ਵਿੱਚ ਹਰ ਧਰਮ-ਪ੍ਰੇਮੀ ਦਾ ਸਵਾਗਤ ਹੈ।