ਖੇਡਾਂ ਕੋਈ ਮੁਕਾਬਲਾ ਨਹੀਂ, ਇਕਸੁਰਤਾ ਅਤੇ ਅਧਿਆਤਮਿਕ ਉੱਨਤੀ ਦਾ ਮਾਧਿਅਮ ਹੈ।
ਚੰਡੀਗੜ/ ਪੰਚਕੁਲਾ /ਮੋਹਾਲੀ , ਰੂਪ ਨਰੇਸ: ਅਧਿਆਤਮਿਕ ਸ਼ਾਂਤੀ ਅਤੇ ਖੇਡ ਭਾਵਨਾ ਦੇ ਇਲਾਹੀ ਸੰਗਮ ਨੂੰ ਸਾਕਾਰ ਕਰਦੇ ਹੋਏ 25ਵੇਂ ਬਾਬਾ ਗੁਰਬਚਨ ਸਿੰਘ ਯਾਦਗਾਰੀ ਕ੍ਰਿਕਟ ਟੂਰਨਾਮੈਂਟ (ਸਿਲਵਰ ਜੁਬਲੀ) ਦਾ ਸ਼ਾਨਦਾਰ ਉਦਘਾਟਨ ਅੱਜ ਸੰਤ ਨਿਰੰਕਾਰੀ ਅਧਿਆਤਮਿਕ ਸਥਾਨ ਸਮਾਲਖਾ (ਹਰਿਆਣਾ) ਵਿਖੇ ਹੋਇਆ।
ਇਸ ਸ਼ੁਭ ਮੌਕੇ ‘ਤੇ ਪਰਮ ਪੂਜਨੀਯ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਰਸਮੀ ਉਦਘਾਟਨ ਕਰਕੇ ਇਸ ਟੂਰਨਾਮੈਂਟ ਨੂੰ ਹੋਰ ਪ੍ਰੇਰਨਾਦਾਇਕ ਬਣਾ ਦਿੱਤਾ। 26 ਫਰਵਰੀ ਤੋਂ 12 ਮਾਰਚ, 2025 ਤੱਕ ਹੋਣ ਵਾਲੇ ਇਸ ਵੱਕਾਰੀ ਅਤੇ ਰੋਮਾਂਚਕ ਕ੍ਰਿਕਟ ਟੂਰਨਾਮੈਂਟ ਵਿੱਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚੋਂ 24 ਸਰਵੋਤਮ ਟੀਮਾਂ ਨੂੰ ਮੁਕਾਬਲੇ ਲਈ ਚੁਣਿਆ ਗਿਆ ਸੀ, ਜਿਨ੍ਹਾਂ ਵਿੱਚ ਪ੍ਰਮੁੱਖ ਰਾਜ ਚੰਡੀਗੜ, ਪੰਜਾਬ, ਜੰਮੂ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਸ਼ਾਮਲ ਹਨ।ਇਸ ਟੂਰਨਾਮੈਂਟ ਵਿੱਚ ਖਿਡਾਰੀਆਂ ਦੀ ਅਦੁੱਤੀ ਸਮਰਪਣ (ਲਗਨ) , ਅਣਥੱਕ ਮਿਹਨਤ ਅਤੇ ਅਟੁੱਟ ਜੋਸ਼ ਦੇਖਣ ਯੋਗ ਹੈ, ਜੋ ਕਿ ਸ਼ਰਧਾਲੂਆਂ ਨੂੰ ਰੋਮਾਂਚ ਨਾਲ ਭਰ ਦੇਵੇਗਾ।
ਸਤਿਗੁਰੂ ਮਾਤਾ ਜੀ ਦੇ ਹੁਕਮਾਂ ਅਨੁਸਾਰ ਇਹ ਮਹਾਨ ਆਯੋਜਨ ਸਤਿਕਾਰਯੋਗ ਸ਼੍ਰੀ ਜੋਗਿੰਦਰ ਸੁਖੀਜਾ (ਸਕੱਤਰ, ਸੰਤ ਨਿਰੰਕਾਰੀ ਮੰਡਲ) ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਪ੍ਰਤੀ ਨੌਜਵਾਨਾਂ ਵਿੱਚ ਭਾਰੀ ਉਤਸਾਹ (ਦਿਲਚਸਪੀ) ਦੇਖਣ ਨੂੰ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਰਜਿਸਟ੍ਰੇਸ਼ਨ ਵੀ ਹੋ ਚੁੱਕੀ ਹੈ।
ਸ਼ਰਤੀਏ ਇਸ ਸਮਾਗਮ ਰਾਹੀਂ ਨਾ ਸਿਰਫ਼ ਖੇਡ ਹੁਨਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਸਗੋਂ ਏਕਤਾ, ਅਨੁਸ਼ਾਸਨ ਅਤੇ ਅਧਿਆਤਮਿਕ ਚੇਤਨਾ ਦਾ ਇਲਾਹੀ ਸੰਦੇਸ਼ ਵੀ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਇਹ ਕ੍ਰਿਕਟ ਟੂਰਨਾਮੈਂਟ ਬਾਬਾ ਹਰਦੇਵ ਸਿੰਘ ਜੀ ਨੇ ਬਾਬਾ ਗੁਰਬਚਨ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਸਥਾਪਿਤ ਕੀਤਾ ਸੀ।
ਬਾਬਾ ਗੁਰਬਚਨ ਸਿੰਘ ਜੀ ਨੇ ਹਮੇਸ਼ਾ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ, ਤਾਂ ਜੋ ਉਹ ਆਪਣੀ ਊਰਜਾ ਨੂੰ ਸਾਰਥਕ ਦਿਸ਼ਾ ਵਿਚ ਲਾ ਕੇ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ।
ਸਤਿਗੁਰੂ ਮਾਤਾ ਜੀ ਨੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੇ ਹੋਏ ਆਪਣੇ ਆਸ਼ੀਰਵਾਦ ਵਿੱਚ ਕਿਹਾ ਕਿ ਖੇਡਾਂ ਸਿਰਫ਼ ਮੁਕਾਬਲੇ ਹੀ ਨਹੀਂ ਸਗੋਂ ਸਦਭਾਵਨਾ, ਸਤਿਕਾਰ ਅਤੇ ਟੀਮ ਵਰਕ ਦਾ ਇਲਾਹੀ ਸੰਦੇਸ਼ ਦਿੰਦੀਆਂ ਹਨ। ਇਸ ਸਾਲ 24 ਟੀਮਾਂ ਦੀ ਭਾਗੀਦਾਰੀ ਨੇ ਸਾਬਤ ਕੀਤਾ ਕਿ ਆਪਸੀ ਤਾਲਮੇਲ ਅਤੇ ਆਪਸੀ ਸਾਂਝ ਦੀ ਭਾਵਨਾ ਹਰ ਕਿਸੇ ਨੂੰ ਕਿਵੇਂ ਇਕਜੁੱਟ ਕਰ ਸਕਦੀ ਹੈ।ਮੁਕਾਬਲੇ ਦੌਰਾਨ ਦੇਖਿਆ ਗਿਆ ਕਿ ਖਿਡਾਰੀ ਜਿੱਤ ਜਾਂ ਹਾਰ ਦੀ ਪਰਵਾਹ ਕੀਤੇ ਬਿਨਾਂ ਭਾਈਚਾਰੇ ਅਤੇ ਸਮਰਪਣ ਦੀ ਭਾਵਨਾ ਨਾਲ ਖੇਡ ਦਾ ਆਨੰਦ ਲੈ ਰਹੇ ਸਨ। ਖੇਡ ਭਾਵਨਾ ਦਾ ਸਤਿਕਾਰ ਕਰਦੇ ਹੋਏ ਹਰੇਕ ਟੀਮ ਨੇ ਇੱਕ ਦੂਜੇ ਨੂੰ ਮੱਥਾ ਟੇਕ ਕੇ ਮੈਚ ਦੀ ਸ਼ੁਰੂਆਤ ਕੀਤੀ ਅਤੇ ਸੀਮਾ ਵਿੱਚ ਰਹਿ ਕੇ ਖੇਡ ਖੇਡੀ।ਇਸ ਟੂਰਨਾਮੈਂਟ ਨੇ ਸਪੱਸ਼ਟ ਕੀਤਾ ਕਿ ਜਦੋਂ ਸੰਤ-ਸਿਪਾਹੀ, ਖੇਡਾਂ ਅਤੇ ਮਾਣ-ਸਤਿਕਾਰ ਦਾ ਤਾਲਮੇਲ ਹੋ ਜਾਂਦਾ ਹੈ ਤਾਂ ਮੁਕਾਬਲਾ ਸਿਰਫ਼ ਜਿੱਤਣ ਦਾ ਸਾਧਨ ਨਹੀਂ ਸਗੋਂ ਅਧਿਆਤਮਿਕ ਉੱਨਤੀ ਦਾ ਮਾਰਗ ਬਣ ਜਾਂਦਾ ਹੈ। ਖਿਡਾਰੀ ਪਹਿਲਾਂ ਸੰਤ ਹੁੰਦੇ ਹਨ, ਫਿਰ ਮੁਕਾਬਲੇਬਾਜ਼। ਇਸ ਲਈ, ਹਰੇਕ ਨੂੰ ਸੀਮਾ ਦੇ ਅੰਦਰ ਅਤੇ ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਖੇਡ ਖੇਡਣੀ ਚਾਹੀਦੀ ਹੈ।
ਇਸ ਸ਼ਾਨਦਾਰ ਸਮਾਗਮ ਵਿੱਚ ਸੰਤ ਨਿਰੰਕਾਰੀ ਮੰਡਲ ਦੇ ਮੈਂਬਰਾਂ ਸਮੇਤ ਕਈ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।ਟੂਰਨਾਮੈਂਟ ਨੂੰ ਸੁਚਾਰੂ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਸਨ। ਸਮਾਗਮ ਨੂੰ ਨਿਰਵਿਘਨ, ਯਾਦਗਾਰੀ ਅਤੇ ਸੰਗਠਿਤ ਬਣਾਉਣ ਲਈ ਭਾਗੀਦਾਰਾਂ ਅਤੇ ਦਰਸ਼ਕਾਂ ਦੀ ਸਹੂਲਤ ਲਈ ਰਿਹਾਇਸ਼, ਮੈਡੀਕਲ ਸੇਵਾਵਾਂ, ਰਿਫਰੈਸ਼ਮੈਂਟ, ਐਮਰਜੈਂਸੀ ਸਹਾਇਤਾ, ਸੁਰੱਖਿਆ ਅਤੇ ਪਾਰਕਿੰਗ ਵਰਗੇ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ।
ਇਹ ਟੂਰਨਾਮੈਂਟ ਸਿਰਫ਼ ਖੇਡਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਨੌਜਵਾਨ ਖਿਡਾਰੀਆਂ ਲਈ ਅਧਿਆਤਮਿਕ ਪ੍ਰੇਰਨਾ ਦਾ ਸਰੋਤ ਵੀ ਹੈ। ਰੋਜ਼ਾਨਾ ਸ਼ਾਮ ਨੂੰ ਹੋਣ ਵਾਲਾ ਸਤਿਸੰਗ ਪ੍ਰੋਗਰਾਮ ਭਾਗ ਲੈਣ ਵਾਲਿਆਂ ਨੂੰ ਮਾਨਸਿਕ ਸ਼ਾਂਤੀ, ਸਕਾਰਾਤਮਕ ਊਰਜਾ ਅਤੇ ਅਧਿਆਤਮਿਕ ਤਰੱਕੀ ਦਾ ਮਾਰਗ ਪ੍ਰਦਾਨ ਕਰੇਗਾ ਜਿਸ ਰਾਹੀਂ ਉਹ ਖੇਡਾਂ ਦੇ ਨਾਲ-ਨਾਲ ਜੀਵਨ ਦੇ ਮੂਲ ਉਦੇਸ਼ਾਂ ਨੂੰ ਸਮਝ ਸਕਣਗੇ।
ਬਾਬਾ ਗੁਰਬਚਨ ਸਿੰਘ ਯਾਦਗਾਰੀ ਕ੍ਰਿਕੇਟ ਟੂਰਨਾਮੈਂਟ ਮਹਿਜ਼ ਇੱਕ ਖੇਡ ਮੇਲਾ ਨਹੀਂ ਸਗੋਂ ਖੇਡਾਂ ਤੋਂ ਪਰੇ ਜੀਵਨ ਦੀਆਂ ਅਹਿਮ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੇ ਹੋਏ ਸਦਭਾਵਨਾ, ਅਨੁਸ਼ਾਸਨ, ਸਮਰਪਣ ਅਤੇ ਭਾਈਚਾਰੇ ਦਾ ਇੱਕ ਸੁੰਦਰ ਪ੍ਰਤੀਕ ਹੈ।