ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ 15 ਰੋਜ਼ਾ ਕੈਂਪ ਸ਼ੁਰੂ

ਇਥੋਂ ਤਿਆਰ ਕੀਤੀ ਟੀਮ ਨੈਸ਼ਨਲ ਚੈਂਪੀਅਨਸ਼ਿਪ ਚ ਲਵੇਗੀ ਹਿੱਸਾ

ਫਤਿਹਗੜ੍ਹ ਸਾਹਿਬ, ਰੂਪ ਨਰੇਸ਼:
ਜਿਲਾ ਕਬੱਡੀ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਕੋਚ ਧਰਮ ਸਿੰਘ ਅਤੇ ਗੁਰਮੀਤ ਸਿੰਘ ਬਿੱਟੂ ਦੀ ਅਗਵਾਈ ਦੇ ਵਿੱਚ 15 ਰੋਜ਼ਾ ਕੈਂਪ ਸ਼ੁਰੂ ਕੀਤਾ ਗਿਆ। ਇਸ ਕੈਂਪ ਦੌਰਾਨ ਪੰਜਾਬ ਦੀ ਇੱਕ ਟੀਮ ਤਿਆਰ ਕਰਕੇ ਨੈਸ਼ਨਲ ਚੈਂਪੀਅਨਸ਼ਿਪ ਲਈ ਭੇਜੀ ਜਾਵੇਗੀ।
ਕੋਚ ਧਰਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ 15 ਜਨਵਰੀ ਤੋਂ 28 ਜਨਵਰੀ ਤੱਕ ਕੈਂਪ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਲੜਕੀਆਂ ਨੇ ਹਿੱਸਾ ਲਿਆ ਹੈ। ਇਹਨਾਂ ਲੜਕੀਆਂ ਦੀ ਇੱਕ ਟੀਮ ਤਿਆਰ ਕੀਤੀ ਜਾਵੇਗੀ ਜੋ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲਵੇਗੀ। ਉਹਨਾਂ ਦੱਸਿਆ ਕਿ ਇਹ ਲੜਕੀਆਂ ਪਿੰਡ ਸਿੱਧੂਪੁਰ ਵਿਖੇ ਰਹਿ ਰਹੀਆਂ ਹਨ, ਐਸੋਸੀਏਸ਼ਨ ਵੱਲੋਂ ਜਿੱਥੇ ਇਹਨਾਂ ਲੜਕੀਆਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਹੀ ਇਹਨਾਂ ਦੀ ਖਾਦ ਖੁਰਾਕ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਸਵੇਰੇ ਸ਼ਾਮ ਦੋ ਸਮੇਂ ਇਹਨਾਂ ਨੂੰ ਪ੍ਰੈਕਟਿਸ ਕਰਵਾਈ ਜਾਂਦੀ ਹੈ ਤਾਂ ਜੋ ਪੰਜਾਬ ਦੇ ਲਈ ਚੰਗਾ ਪ੍ਰਦਰਸ਼ਨ ਕਰਨ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ। ਇਸ ਕੈਂਪ ਦੀ ਸ਼ੁਰੂਆਤ ਕਰਵਾਉਣ ਵਿਸ਼ੇਸ਼ ਤੌਰ ਤੇ ਪਹੁੰਚੇ ਦਵਿੰਦਰ ਸਿੰਘ ਜੱਲ੍ਹਾ ਡਾਇਰੈਕਟਰ ਮਾਰਕਫੈੱਡ ਪੰਜਾਬ, ਗੁਰਜੰਟ ਸਿੰਘ ਪ੍ਰਧਾਨ ਸਹਿਕਾਰੀ ਸਭਾ ਜੱਲ੍ਹਾ, ਬਾਵਾ ਚੌਧਰੀ, ਪਰਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਦਵਿੰਦਰ ਸਿੰਘ ਜੱਲ੍ਹਾ ਨੇ ਕਿਹਾ ਕਿ ਖੇਡਾ ਪ੍ਰਤੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣੇ ਸਮੇਂ ਦੀ ਮੰਗ ਹਨ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਸਕੇ ਅਤੇ ਨੌਜਵਾਨ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।

Leave a Reply

Your email address will not be published. Required fields are marked *