ਫ਼ਤਹਿਗੜ੍ਹ ਸਾਹਿਬ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਲੱਗਣਗੇ 169 ਵਿਸ਼ੇਸ਼ ਕੈਂਪ: ਡਾ. ਬਲਬੀਰ ਸਿੰਘ

ਫ਼ਤਹਿਗੜ੍ਹ ਸਾਹਿਬ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਲੱਗਣਗੇ 169 ਵਿਸ਼ੇਸ਼ ਕੈਂਪ: ਡਾ. ਬਲਬੀਰ ਸਿੰਘ

ਐਮਰਜੈਂਸੀ ਸਿਹਤ ਜ਼ਰੂਰਤਾਂ ਵਾਲੇ ਮਰੀਜਾਂ ਲਈ ਹਸਪਤਾਲਾਂ ਵਿੱਚ ਹੀ ਲਗਣਗੇ 10 ਸਪੈਸ਼ਲ ਕੈਂਪ

ਪੰਜਾਬ ਸਰਕਾਰ ਵੱਲੋਂ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦਾ ਆਗਾਜ਼ 22 ਜਨਵਰੀ ਤੋਂ ਕੀਤਾ ਜਾਵੇਗਾ: ਸਿਹਤ ਮੰਤਰੀ ਡਾ. ਬਲਬੀਰ ਸਿੰਘ

ਯੋਜਨਾ ਲਈ ਸਰਕਾਰ ਨੇ ਰੱਖਿਆ 1200 ਕਰੋੜ ਦਾ ਬਜਟ, ਜਿਸ ਨੂੰ 1500 ਕਰੋੜ ਤੱਕ ਵਧਾਉਣ ਦਾ ਹੈ ਪ੍ਰਬੰਧ

ਸੂਬੇ ਦੇ 650 ਨਿੱਜੀ ਹਸਪਤਾਲ ਅਤੇ ਸਮੂਹ ਸਰਕਾਰੀ ਮੈਡੀਕਲ ਅਦਾਰੇ ਯੋਜਨਾ ਦੇ ਦਾਇਰੇ ਹੇਠ

ਮਹਿਜ਼ ਅਧਾਰ ਕਾਰਡ ਤੇ ਵੋਟਰ ਕਾਰਡ ਨਾਲ ਬਣੇਗਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਰਡ

ਸੀਤ ਲਹਿਰ ਤੋਂ ਬਚਾਅ ਲਈ ਸਾਂਝੇ ਕੀਤੇ ਨੁਕਤੇ

ਫ਼ਤਹਿਗੜ੍ਹ ਸਾਹਿਬ, 12 ਜਨਵਰੀ:

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦੀ ਸ਼ੁਰੂਆਤ 22 ਜਨਵਰੀ ਤੋਂ ਕੀਤੀ ਜਾ ਰਹੀ ਹੈ। ਇਸ ਅਹਿਮ ਯੋਜਨਾ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ, ਜਿਸ ਤਹਿਤ ਜ਼ਿਲ੍ਹੇ ਭਰ ਵਿੱਚ 169 ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਅਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੀ ਮੌਜੂਦਗੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਐਮਰਜੈਂਸੀ ਸਿਹਤ ਜ਼ਰੂਰਤਾਂ ਵਾਲੇ ਮਰੀਜਾਂ ਲਈ 10 ਹਸਪਤਾਲਾਂ ਵਿੱਚ ਹੀ ਸਪੈਸ਼ਲ ਕੈਂਪ ਲਗਾਏ ਜਾਣਗੇ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 1200 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਰੱਖਿਆ ਗਿਆ ਹੈ ਅਤੇ ਲੋਕਾਂ ਦੀਆਂ ਸਿਹਤ ਲੋੜਾਂ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਇਸ ਬਜਟ ਨੂੰ 1500 ਕਰੋੜ ਰੁਪਏ ਤੱਕ ਵਧਾਉਣ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਹੈ, ਤਾਂ ਜੋ ਕਿਸੇ ਵੀ ਮਰੀਜ਼ ਦੇ ਇਲਾਜ ਵਿੱਚ ਫੰਡਾਂ ਦੀ ਕਮੀ ਨਾ ਆਵੇ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਮਰੀਜ਼ਾਂ ਨੂੰ ਇਲਾਜ ਲਈ ਵਿਆਪਕ ਵਿਕਲਪ ਦਿੱਤੇ ਗਏ ਹਨ ਜਿਸ ਤਹਿਤ ਸੂਬੇ ਦੇ ਲਗਭਗ 650 ਨਿੱਜੀ (ਪ੍ਰਾਈਵੇਟ) ਹਸਪਤਾਲ ਸੂਚੀਬੱਧ ਕੀਤੇ ਗਏ ਹਨ ਅਤੇ ਸਮੂਹ ਸਰਕਾਰੀ ਹਸਪਤਾਲ, ਸੀ.ਐਚ.ਸੀ. ਅਤੇ ਮੈਡੀਕਲ ਕਾਲਜ ਵੀ ਇਸ ਯੋਜਨਾ ਦੇ ਦਾਇਰੇ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲਾਭਪਾਤਰੀ ਇਹਨਾਂ ਸਿਹਤ ਸੰਸਥਾਨਾਂ ਵਿੱਚ ਜਾ ਕੇ ਆਪਣਾ 10 ਲੱਖ ਰੁਪਏ ਤੱਕ ਦਾ ਇਲਾਜ ਨਕਦੀ ਰਹਿਤ ਕਰਵਾ ਸਕਣਗੇ।

ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਦੇ 23 ਜ਼ਿਲ੍ਹਿਆਂ ਵਿੱਚ ਟਰਾਇਲ ਵਜੋਂ ਇਸ ਯੋਜਨਾ ਤਹਿਤ ਲਗਾਏ ਜਾਣ ਵਾਲੇ ਕੈਂਪਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਹ ਕੈਂਪ ਜ਼ਿਲ੍ਹੇ ਦੇ ਇੱਕ ਹਜ਼ਾਰ ਤੋਂ ਵੱਧ ਆਬਾਦੀ ਵਾਲੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ ਲਗਾਏ ਜਾਣਗੇ ਤਾਂ ਜੋ ਆਮ ਜਨਤਾ ਨੂੰ ਦੂਰ ਨਾ ਜਾਣਾ ਪਵੇ ਅਤੇ ਇਹ ਕਾਰਡ ਬਣਾਉਣ ਲਈ ਬਾਲਗਾਂ ਦੇ ਆਧਾਰ ਕਾਰਡ ਤੇ ਵੋਟਰ ਕਾਰਡ ਜਦਕਿ ਬੱਚਿਆਂ ਲਈ ਆਸ਼ਰਿਤ ਕਾਰਡ ਯੋਗ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਕਦਮ, ਸੂਬੇ ਵਿੱਚ ਸਿਹਤ ਕ੍ਰਾਂਤੀ ਲਿਆਉਣ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਸਿਰੋਂ ਇਲਾਜ ਦਾ ਆਰਥਿਕ ਬੋਝ ਘਟਾਉਣ ਵੱਲ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਦੂਜਾ ਪੜਾਅ ਆਰੰਭ ਹੋ ਗਿਆ ਹੈ ਜਿਸ ਤਹਿਤ ਨਾਗਰਿਕਾਂ ਦੇ ਭਰਪੂਰ ਸਹਿਯੋਗ ਨਾਲ ਸੂਬੇ ਨੂੰ ਮੁਕੰਮਲ ਤੌਰ ਉੱਤੇ ਨਸ਼ਾ ਮੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਲਤ ਸੰਗਤ ਦਾ ਸ਼ਿਕਾਰ ਹੋ ਕੇ ਜਿਹੜੇ ਵਿਅਕਤੀ ਨਸ਼ੇ ਦੇ ਟੀਕੇ ਲਗਾ ਰਹੇ ਹਨ ਉਨ੍ਹਾਂ ਦੀ ਇਹ ਜਾਨਲੇਵਾ ਆਦਤ ਛੁਡਾਈ ਜਾਵੇਗੀ ਤਾਂ ਕਿ ਓਵਰ ਡੋਜ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ।

ਇਨ੍ਹੀਂ ਦਿਨੀਂ ਚੱਲ ਰਹੀ ਸੀਤ ਲਹਿਰ ਤੋਂ ਬਚਾਅ ਲਈ ਸਲਾਹ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਜ਼ੁਰਗ, ਬੱਚੇ, ਗਰਭਵਤੀ ਔਰਤਾਂ ਅਤੇ ਕਰੋਨਿਕ ਬਿਮਾਰੀਆਂ ਦੇ ਪੀੜਿਤ ਸਵੇਰ ਸਮੇਂ ਸੈਰ ਤੋਂ ਗੁਰੇਜ ਕਰਨ। ਉਹਨਾਂ ਨੇ ਕਿਹਾ ਕਿ ਰਾਤ ਸਮੇਂ ਕਮਰੇ ਅੰਦਰ ਅੰਗੀਠੀ ਬਾਲ ਕੇ ਸੌਣਾ ਘਾਤਕ ਸਾਬਤ ਹੋ ਸਕਦਾ ਹੈ ਇਸ ਲਈ ਕੋਈ ਖਿੜਕੀ ਜ਼ਰੂਰ ਖੁੱਲ੍ਹੀ ਰੱਖੀ ਜਾਵੇ ਤਾਂ ਕਿ ਅੱਗ ਦਾ ਧੂਆਂ ਘੁਟਣ ਪੈਦਾ ਨਾ ਕਰੇ।

ਇਸ ਮੌਕੇ ਏਡੀਸੀ ਪੂਜਾ ਸਿਆਲ ਗਰੇਵਾਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਹਲਕਾ ਪ੍ਰਧਾਨ ਯੂਥ ਦਿਲਪ੍ਰੀਤ ਸਿੰਘ ਭੱਟੀ, ਕੁਲਵਿੰਦਰ ਸਿੰਘ ਡੇਰਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *