
‘ਬਾਲ ਵਿਆਹ ਮੁਕਤ ਭਾਰਤ’ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਉਣ ਦਾ ਸਿਲਸਿਲਾ ਜਾਰੀ: ਅਨੂਰਤਨ ਕੌਰ ਘੁੰਮਣ
ਫ਼ਤਹਿਗੜ੍ਹ ਸਾਹਿਬ, 6 ਜਨਵਰੀ:
ਬਾਲ ਵਿਆਹ ਵਰਗੀ ਗੰਭੀਰ ਸਮਾਜਿਕ ਬੁਰਾਈ ਨੂੰ ਜੜ੍ਹੋਂ ਮੁਕਾਉਣ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਜ਼ਿਲ੍ਹਾ ਪ੍ਰੋਗਰਾਮ ਅਫਸਰ ਅਨੂਰਤਨ ਕੌਰ ਘੁੰਮਣ ਦੀ ਅਗਵਾਈ ਹੇਠ "ਬਾਲ ਵਿਆਹ ਮੁਕਤ ਭਾਰਤ ਜਾਗਰੂਕਤਾ ਅਭਿਆਨ" ਪੂਰੀ ਸਰਗਰਮੀ ਨਾਲ ਚਲਾਇਆ ਜਾ ਰਿਹਾ ਹੈ।
ਇਸ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਸਕਾਰਾਤਮਕ ਸੋਚ ਪੈਦਾ ਕਰਨਾ ਅਤੇ ਕਾਨੂੰਨ ਪ੍ਰਤੀ ਚੇਤਨਾ ਵਧਾਉਣਾ ਹੈ।
ਜ਼ਿਲ੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਮਾਪਿਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਬਾਲ ਵਿਆਹ ਕਾਰਨ ਨਾ ਸਿਰਫ਼ ਬੱਚਿਆਂ ਦੀ ਸਿੱਖਿਆ ਰੁਕਦੀ ਹੈ, ਸਗੋਂ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਬੁਰਾਈ ਨੂੰ ਰੋਕਣ ਲਈ "ਬਾਲ ਵਿਆਹ ਨੂੰ ਨਾਂਹ, ਸਿੱਖਿਆ ਨੂੰ ਹਾਂ" ਦਾ ਨਾਅਰਾ ਬੁਲੰਦ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਬੱਚੇ ਨੂੰ ਬਿਹਤਰ ਭਵਿੱਖ ਮਿਲ ਸਕੇ।
ਅਨੂਰਤਨ ਕੌਰ ਘੁੰਮਣ ਨੇ ਦੱਸਿਆ ਕਿ ਕੈਂਪ ਦੌਰਾਨ ਲੋਕਾਂ ਨੂੰ ਭਾਰਤੀ ਕਾਨੂੰਨ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਕਿ ਵਿਆਹ ਲਈ ਲੜਕੇ ਦੀ ਉਮਰ ਘੱਟੋ-ਘੱਟ 21 ਸਾਲ ਅਤੇ ਲੜਕੀ ਦੀ ਉਮਰ 18 ਸਾਲ ਹੋਣੀ ਲਾਜ਼ਮੀ ਹੈ। ਬਾਲ ਵਿਆਹ ਰੋਕਥਾਮ ਐਕਟ ਤਹਿਤ ਇਸ ਅਪਰਾਧ ਵਿੱਚ ਸ਼ਾਮਲ ਜਾਂ ਉਕਸਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਜੁਰਮਾਨੇ ਦਾ ਪ੍ਰਾਵਧਾਨ ਹੈ।

ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਜੇਕਰ ਕਿਸੇ ਵੀ ਨਾਗਰਿਕ ਨੂੰ ਬਾਲ ਵਿਆਹ ਬਾਰੇ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਪ੍ਰਸ਼ਾਸਨ ਜਾਂ ਸਬੰਧਤ ਵਿਭਾਗ ਨੂੰ ਸੂਚਿਤ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਉਣ। ਅਧਿਕਾਰੀ ਨੇ ਕਿਹਾ ਕਿ ਬੱਚਿਆਂ ਦੇ ਹੱਥਾਂ ਵਿੱਚ ਕਿਤਾਬਾਂ ਦੇਣਾ ਹੀ ਸਮਾਜ ਦੇ ਸੁਚੱਜੇ ਵਿਕਾਸ ਦੀ ਪਹਿਲੀ ਪੌੜੀ ਹੈ।
——————————
This news is auto published from an agency/source and may be published as received.
