ਬੱਸੀ ਪਠਾਣਾਂ (ਉਦੇ ਧੀਮਾਨ) ਬੱਸੀ ਪਠਾਣਾਂ ਦੀ ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਤੇ ਹੋਰ ਅਨੇਕਾਂ ਧਾਰਮਿਕ ਸੰਸਥਾਵਾਂ ਨੇ ਇੱਕ ਚੰਗਾ ਉਪਰਾਲਾ ਕੀਤਾ ਹੈ, ਜਿਸ ਦੇ ਚੱਲਦਿਆਂ ਸੰਸਥਾਵਾਂ ਦੇ ਮੈਬਰਾਂ ਨੇ ਪ੍ਰਸ਼ਾਸ਼ਨ ਨੂੰ ਮੰਗ ਕੀਤੀ ਹੈ ਕਿ ਰਾਮ ਮੰਦਿਰ ਦੇ ਉਦਘਾਟਨ ਮੌਕੇ 22 ਜਨਵਰੀ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ’ਚ ਮੀਟ ਦੀਆਂ ਦੁਕਾਨਾਂ ਤੇ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣ। ਕਿਉਂਕਿ ਉਸ ਦਿਨ ਇਕ ਪਵਿੱਤਰ ਅਤੇ ਉੱਤਮ ਕਾਰਜ ਹੋਣ ਜਾ ਰਿਹਾ ਹੈ। ਇਸ ਲਈ ਭਗਵਾਨ ਰਾਮ ਪ੍ਰਤੀ ਆਸਥਾ ਰੱਖਦਿਆਂ ਮੀਟ ਅਤੇ ਸ਼ਰਾਬ ’ਤੇ ਪਾਬੰਦੀ ਲਗਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਰ ਦਾ ਉਦਘਾਟਨ ਹੋਣ ਵਾਲਾ ਹੈ। ਰਾਮਲੱਲਾ ਦਾ ਪ੍ਰਾਣ-ਪ੍ਰਤਿਸ਼ਠਾ 22 ਜਨਵਰੀ ਨੂੰ ਹੋਵੇਗਾ। ਇਸ ਮੌਕੇ ਬੱਸੀ ਪਠਾਣਾਂ ਵਿੱਚ ਧਾਰਮਿਕ, ਸਮਾਜਿਕ ਤੇ ਰਾਜਸੀ ਸੰਸਥਾਵਾਂ ਵੱਲੋਂ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ, ਧਾਰਮਿਕ, ਸਮਾਜਿਕ ਤੇ ਰਾਜਸੀ ਸੰਸਥਾਵਾਂ ਅਤੇ ਸ਼ਹਿਰ ਵਾਸੀਆ ਵੱਲੋਂ ਇੱਕ ਵਿਸ਼ਾਲ ਰੱਥ ਯਾਤਰਾ ਕੱਢੀ ਜਾ ਰਹੀ ਹੈ। ਉਨ੍ਹਾਂ ਆਗੂਆਂ ਨੇ ਕਿਹਾ ਕਿ 22 ਜਨਵਰੀ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਡਰਾਈ ਡੇਅ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ 22 ਜਨਵਰੀ ਨੂੰ ਨਾ ਸਿਰਫ਼ ਫ਼ਤਹਿਗੜ੍ਹ ਸਾਹਿਬ ਵਿਖੇ ਬਲਕਿ ਪੂਰੇ ਪੰਜਾਬ ਪ੍ਰਦੇਸ਼ ਵਿੱਚ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣ। ਇਸ ਮੌਕੇ ਓਮ ਪ੍ਰਕਾਸ਼ ਗੌਤਮ, ਰਾਜੀਵ ਮਲਹੌਤਰਾ, ਪੰਕਜ਼ ਭਨੋਟ, ਮਾਰੂਤ ਮਲਹੌਤਰਾ, ਹਮਿੰਦਰ ਦਲਾਲ,ਦੀਵਲ ਕੁਮਾਰ ਹੈਰੀ, ਦੀਪਕ ਬੈਕਟਰ, ਰਾਜਨ ਬੱਤਰਾ,ਅੰਕੁਸ਼ ਸਿੰਗਲਾ,ਰਜਨੀਸ਼ ਝੰਜੀ,ਬਨੀਤ ਭੱਲਾ, ਅਜੈ ਕਨੌਜੀਆ,ਅਮਿਤ ਜਿੰਦਲ,ਪਰਮੋਦ ਕਪਿਲਾ, ਕੇਸ਼ਵ ਕਪਿਲਾ, ਰਾਜੀਵ ਕੁਮਾਰ, ਸੋਹਣ ਲਾਲ ਮੈਨਰੋ ਆਦਿ ਹਾਜ਼ਰ ਸਨ।