ਜਲੰਧਰ, ਐਚ ਐਸ ਚਾਵਲਾ। ਨੌਜਵਾਨ ਪੀੜ੍ਹੀ ਲਈ ਅਲੱਗ ਸੋਚ ਤੇ ਵਿਸ਼ੇ ਨੂੰ ਦਰਸਾਉਂਦੀ ਬਰਗੋਟਾ ਫਿਲਮਜ਼ ਦੇ ਸਹਿਯੋਗ ਨਾਲ ਬਣਾਈ ਗਈ ਜੇ. ਐੱਸ ਮੌਸਨ ਪਿਕਚਰਜ਼ ਦੀ ਫਿਲਮ ‘ਹਾਈ ਸਕੂਲ ਲਵ’ 1 ਦਸੰਬਰ ਨੂੰ CHAUPAL TV ਤੇ ਰਿਲੀਜ਼ ਕੀਤੀ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਸ ਫਿਲਮ ਦੇ ਨਿਰਮਾਤਾ ਅਤੇ ਅਦਾਕਾਰ ਜਸਬੀਰ ਸਿੰਘ ਰਿਸ਼ੀ ਨੇ NEWS TOWN ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਇਸ ਫਿਲਮ ਦੇ ਨਿਰਦੇਸ਼ਕ ਗੌਰਵ ਕੇਆਰ ਬਰਗੋਟਾ ਹਨ ਜੋਕਿ ਬਤੌਰ ਐਸੋਸੀਏਟ ਡਾਇਰੈਕਟਰ ਪੰਜਾਬੀ ਫਿਲਮ ਇੰਡਸਟਰੀ ਨੂੰ ‘ਡਾਕੂਆਂ ਦਾ ਮੁੰਡਾ-2′, ‘ਡੀਐੱਸਪੀ ਦੇਵ ਤੇ ਤੁਫੰਗ ਵਰਗੀਆਂ ਸੁਪਰਹਿੱਟ ਫਿਲਮਾਂ ਦੇ ਚੁੱਕੇ ਹਨ ਤੇ ਇਕ ਨਿਰਦੇਸ਼ਕ ਵਜੋਂ ਹਵੇਲੀ ਵਾਲੇ ਵੈੱਬ ਸੀਰੀਜ਼ ਵੀ ਪੇਸ਼ ਕੀਤੀ ਹੈ।
ਫਿਲਮ ਦੇ ਨਿਰਮਾਤਾ ਤੇ ਅਦਾਕਾਰ ਜਸਬੀਰ ਸਿੰਘ ਰਿਸ਼ੀ ਨੇ ਕਿਹਾ ਕਿ ਇੰਝ ਤਾਂ ਅਸੀਂ ਆਏ ਦਿਨ ਬਹੁਤ ਸਾਰੀਆਂ ਫਿਲਮਾਂ ਸਿਨੇਮਾ ਵਿਚ ਰਿਲੀਜ਼ ਹੁੰਦੀਆਂ ਵੇਖਦੇ ਹਾਂ ਪਰ ਜ਼ਿਆਦਾਤਰ ਲੋਕ ਕਾਮੇਡੀ ਫਿਲਮਾਂ ਪਸੰਦ ਕਰ ਰਹੇ ਹਨ ਜਾਂ ਪਰਿਵਾਰਕ ਫਿਲਮਾਂ ਦੇਖਣ ਨੂੰ ਮਿਲ ਰਹੀਆਂ ਹਨ। ਸਾਡੀ ਟੀਮ ਨੇ ਕੁਝ ਅਲੱਗ ਵਿਸ਼ਾ ਚੁਣਿਆ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬੀ ਸਿਨੇਮਾ ਵਿਚ ਇ ਜਿਹਾ ਅਲੱਗ ਵਿਸ਼ਾ ਸ਼ਾਇਦ ਹੀ ਸਾਹਮਣੇ ਆਇਆ ਹੋਵੇ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਜਾਂ ਨਾਬਾਲਗ ਬੱਚਿਆਂ ਲਈ ਅਹਿਮ ਸੰਦੇਸ਼ ਦਿੱਤੇ ਗਏ ਹਨ।
ਜਸਬੀਰ ਸਿੰਘ ਰਿਸ਼ੀ ਨੇ ਦੱਸਿਆ ਕਿ ‘ਹਾਈ ਸਕੂਲ ਲਵ’ ਨਾਂ ਦੀ ਇਸ ਫਿਲਮ ‘ਚ ਅਹਿਮ ਕਿਰਦਾਰ ਵਿੱਚ ਉਨ੍ਹਾਂ ਦੇ ਨਾਲ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਸਵਿੰਦਰ ਵਿੱਕੀ ਤੇ ਨੌਜਵਾਨ ਅਦਾਕਾਰ ਅਕਾਸ਼ ਭਗੜੀਆ, ਸਹਿ ਅਦਾਕਾਰਾ ਨੇਹਾ ਚੌਹਾਨ, ਸਰਿਤਾ ਠਾਕੁਰ ਤੇ ਮਨੀ ਰੋਮਾਣਾ, ਡਾ. ਸਾਹਿਬ ਸਿੰਘ, ਪ੍ਰਦੀਪ ਕੌਰ, ਅਮਨ ਬੱਲ ਅਤੇ ਦਵਿੰਦਰ ਕੁਮਾਰ ਨਜ਼ਰ ਆਉਣਗੇ ਜੋਕਿ ਇਸ ਫਿਲਮ ਵਿਚ ਮੁੱਖ ਭੂਮਿਕਾ ਨਿਭਾ ਰਹੇ ਹਨ।
ਜਸਬੀਰ ਸਿੰਘ ਰਿਸ਼ੀ ਨੇ ਦੱਸਿਆ ਕਿ ਇਹ ਫਿਲਮ ਪੰਜਾਬ ਦੇ ਜਲੰਧਰ ਸ਼ਹਿਰ ਦੀਆਂ ਖ਼ੂਬਸੂਰਤ ਥਾਵਾਂ ‘ਤੇ ਤਿਆਰ ਕੀਤੀ ਗਈ ਹੈ। ਫਿਲਮ ‘ਹਾਈ ਸਕੂਲ ਲਵ’ ਦੀ ਬਿਹਤਰ ਪਟਕਥਾ ਅਤੇ ਸੰਵਾਦ ਸਿੰਮੀਪ੍ਰੀਤ ਕੌਰ ਦੁਆਰਾ ਲਿਖੇ ਗਏ ਹਨ.ਅਤੇ ਇਸ ਫਿਲਮ ਦੇ ਡੀਓਪੀ ਬੂਟਾ ਸਿੰਘ ਰਹੇ ਹਨ।
ਜਸਬੀਰ ਸਿੰਘ ਰਿਸ਼ੀ ਨੇ ਦੱਸਿਆ ਕਿ ਇਸ ਫਿਲਮ ਨੂੰ ਓਟੀਟੀ ਪਲੇਟਫਾਰਮ CHAUPAL TV ‘ਤੇ 1 ਦਸੰਬਰ 2023 ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਫਿਲਮ ਵਿੱਚ ਸਕੂਲ ਦੇ ਟੀਚਰ ਤੇ ਬੱਚਿਆਂ ਦੇ ਮਾਤਾ-ਪਿਤਾ ਲਈ ਕੁਝ ਖ਼ਾਸ ਪੈਗ਼ਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਅੱਜ ਦੇ ਸਮੇਂ ‘ਚ ਬਹੁਤ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਫਿਲਮ ਦੇ ਨਿਰਦੇਸ਼ਕ ਗੌਰਵ ਕੇਆਰ ਥਰਗੋਟਾ ਅਨੁਸਾਰ ਸਾਡੀ ਬਣਾਈ ‘ਹਾਈ ਸਕੂਲ ਲਵ’ ਫਿਲਮ ‘ਚ ਨਾਬਾਲਗ ਬੱਚਿਆਂ ਦੇ ਆਪਣੇ ਮਾਤਾ ਪਿਤਾ ਅਤੇ ਟੀਚਰ ਨਾਲ ਰਿਲੇਸ਼ਨ ਨੂੰ ਦਰਸਾਇਆ ਗਿਆ ਹੈ। ਇਹ ਵੱਖਰੀ ਪ੍ਰਕਾਰ ਦਾ ਵਿਸ਼ਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਦਰਸ਼ਕਾਂ ਦੀਆਂ ਆਸਾਂ ‘ਤੇ ਖ਼ਰੀ ਉਤਰੇਗੀ।
ਜਸਬੀਰ ਸਿੰਘ ਰਿਸ਼ੀ ਨੇ ਦੱਸਿਆ ਕਿ ਇਹ ਫਿਲਮ ਹਰ ਕਿਸੇ ਚੰਗੀ ਲੱਗੇ, ਇਸ ਲਈ ਫਿਲਮ ਦੀ ਸ਼ੁਰੂਆਤ ਤੋਂ ਲੈ ਕੇ ਮੁਕੰਮਲ ਹੋਣ ਤੱਕ ਪੂਰੀ ਟੀਮ ਦਾ ਬਹੁਤ ਸਹਿਯੋਗ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਹ ਫਿਲਮ ਸਭ ਨੂੰ ਪਸੰਦ ਆਵੇਗੀ ਅਤੇ ਦੁਆ ਕਰਦੇ ਹਾਂ ਕਿ ਜੇ ਐੱਸ ਮੋਸ਼ਨ ਪਿਕਚਰਜ਼ ਵੱਲੋਂ ਪੇਸ਼ ਕੀਤੀ ਜਾ ਰਹੀ ਫਿਲਮ ‘ਹਾਈ ਸਕੂਲ ਲਵ’ ਦੀ ਟੀਮ ਨੂੰ ਆਪਣੀ ਮਿਹਨਤ ਸਦਕਾ ਸਫਲਤਾ ਪ੍ਰਾਪਤ ਹੋਵੇ।
ਗੌਰਤਲਬ ਹੈ ਕਿ ਜਸਬੀਰ ਸਿੰਘ ਰਿਸ਼ੀ ਪਹਿਲਾਂ ਵੀ ਟੋਟਲ ਸਿਆਪਾ, ਖਿਦੋ ਕੁੰਡੀ, ਹਨੀਮੂਨ, ਹਵਾ, ਕਠਪੁਤਲੀ, ਬਿਗ ਟਰਬਲ ਇਨ ਲਿਟਲ ਇੰਡੀਆ ਆਦਿ ਫ਼ਿਲਮਾਂ ਵਿੱਚ ਅਹਿਮ ਅਦਾਕਾਰ ਵਜੋਂ ਕੰਮ ਕਰ ਚੁੱਕੇ ਹਨ ਅਤੇ ਹੁਣ ‘ਹਾਈ ਸਕੂਲ ਲਵ’ ਉਨ੍ਹਾਂ ਦੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਉਹ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸਦੇ ਨਾਲ ਨਾਲ ਉਹ ਆਪਣੀਆਂ ਆਣ ਵਾਲੀਆਂ ਫ਼ਿਲਮਾਂ ਚੰਦੂ ਚੈਮਪੀਅਨ, ਮਾਈ ਡੈਡ ਵੈਡਿੰਗ, ਕੇਰੀ, ਸ਼ਿਕਾਰੀ ਤੋਂ ਇਲਾਵਾ ਮਰਾਠੀ ਅਤੇ ਭੋਜਪੁਰੀ ਫ਼ਿਲਮਾਂ ਵਿੱਚ ਵੀ ਨਜ਼ਰ ਆਉਣਗੇ।