
ਪ੍ਰਦਰਸ਼ਨੀ ਦੌਰਾਨ ਵਣ ਵਿਭਾਗ ਵੱਲੋਂ ਸੰਗਤਾਂ ਨੂੰ 'ਬੂਟਾ ਪ੍ਰਸ਼ਾਦ' ਦੀ ਵੰਡ
ਵਾਤਾਵਰਣ ਸੰਭਾਲ ਦਾ ਦਿੱਤਾ ਸੁਨੇਹਾ
ਫਤਹਿਗੜ੍ਹ ਸਾਹਿਬ, 27 ਦਸੰਬਰ:
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਦੇ ਅੰਤਿਮ ਦਿਨ, ਵਣ ਵਿਭਾਗ ਵੱਲੋਂ ਲਗਾਈ ਗਈ ਵਿਸ਼ੇਸ਼ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਵਿਭਾਗ ਵੱਲੋਂ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਨੂੰ ਸ਼ਰਧਾ ਵਜੋਂ 'ਬੂਟਾ ਪ੍ਰਸਾਦ' ਮੁਫਤ ਵੰਡਿਆ ਗਿਆ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਲਗਾਈਆਂ ਵਿਕਾਸ ਪ੍ਰਦਰਸ਼ਨੀਆਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਦੇਖਿਆ। ਇਸ ਦੌਰਾਨ ਵਣ ਵਿਭਾਗ ਨੇ ਸੰਗਤਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕੀਤੀ। ਇਸ ਦੌਰਾਨ ਸੰਗਤਾਂ ਵਿੱਚ ਫਲਦਾਰ, ਛਾਂਦਾਰ ਅਤੇ ਦਵਾਈਆਂ ਵਾਲੇ ਬੂਟੇ (ਜਿਵੇਂ ਨਿੰਮ, ਅਮਰੂਦ, ਅੰਬ ਅਤੇ ਜਾਮਣ) ਪ੍ਰਸਾਦ ਦੇ ਰੂਪ ਵਿੱਚ ਵੰਡੇ ਗਏ।
ਸੰਗਤਾਂ ਵਿੱਚ ਬੂਟੇ ਪ੍ਰਾਪਤ ਕਰਨ ਲਈ ਭਾਰੀ ਉਤਸ਼ਾਹ ਦੇਖਿਆ ਗਿਆ। ਲੋਕਾਂ ਨੇ ਵਣ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪ੍ਰਣ ਕੀਤਾ ਕਿ ਉਹ ਇਨ੍ਹਾਂ ਬੂਟਿਆਂ ਨੂੰ ਆਪਣੇ ਘਰਾਂ ਅਤੇ ਖੇਤਾਂ ਵਿੱਚ ਲਗਾ ਕੇ ਇਨ੍ਹਾਂ ਦੀ ਪਾਲਣਾ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਯਾਦ ਵਿੱਚ ਬੂਟੇ ਲਗਾਉਣਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ ਦੇ ਬਰਾਬਰ ਹੈ।
——————————
This news is auto published from an agency/source and may be published as received.
