Home Article ਸਮੁੱਚੀ ਮਾਨਵਤਾ ਦੇ ਮਸੀਹਾ ਤੇ ਪਿਆਰ ਦੇ ਮੁਜੱਸਮਾ ਸਨ, ਬਾਬਾ ਹਰਦੇਵ ਸਿੰਘ...

ਸਮੁੱਚੀ ਮਾਨਵਤਾ ਦੇ ਮਸੀਹਾ ਤੇ ਪਿਆਰ ਦੇ ਮੁਜੱਸਮਾ ਸਨ, ਬਾਬਾ ਹਰਦੇਵ ਸਿੰਘ ਜੀ

ਫ਼ੋਟੋ: ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ

ਬਾਬਾ ਹਰਦੇਵ ਸਿੰਘ ਜੀ ਪਿਆਰ ਦਾ ਮੁਜੱਸਮਾ ਸਨ। ਸਮੂਹ ਮਾਨਵ ਕਲਿਆਣ ਦੇ ਲਈ ਸਮਰਪਿਤ ਅਤੇ ਸ਼ਾਂਤੀਪੂਰਨ ਵਿਸ਼ਵ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਵਾਲੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਨੇ ਮਾਨਵ ਮਾਤਰ ਨੂੰ ਜੀਵਨ ਭਰ ਕੇਵਲ ਪ੍ਰੇਮ ਅਤੇ ਸਾਂਤੀ ਦਾ ਹੀ ਪਾਠ ਪੜ੍ਹਾਇਆ ਅਤੇ ਸੰਪੂਰਨ ਮਾਨਵ ਜਾਤੀ ਨੂੰ ਜਾਗਰੂਕਤਾ ਪ੍ਰਦਾਨ ਕਰਦੇ ਹੋਏ ਕਿਹਾ ਕਿ ਇਸ ਨਿਰੰਕਾਰ ਪ੍ਰਭੂ ਪ੍ਰਮਾਤਮਾ ਦੀ ਜਾਣਕਾਰੀ ਪ੍ਰਾਪਤ ਕਰਕੇ ਹੀ ਵਿਸ਼ਵ ਵਿੱਚ ਆਦਰਸ਼ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਆਪਣੇ ਜੀਵਨ ਦੇ ਅੰਤਿਮ ਸਵਾਸਾਂ ਤੱਕ ਬਾਬਾ ਜੀ ਇਸੇ ਪਵਿੱਤਰ ਮੰਤਵ ਦੀ ਪੂਰਤੀ ਲਈ ਨਿਰੰਤਰ ਯਤਨਸ਼ੀਲ ਰਹੇ। ‘‘ਖ਼ੂਨ ਨਾਲੀਆਂ ਵਿੱਚ ਨਹੀਂ, ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ”, “ਧਰਮ ਜੋੜਦਾ ਹੈ ਤੋੜਦਾ ਨਹੀਂ”, “ਨਫ਼ਰਤ ਵੈਰ ਦੀਆਂ ਢਾਹ ਕੇ ਕੰਧਾਂ, ਪੁਲ ਬਣਾਈਏ ਪਿਆਰਾਂ ਦੇ”, “ਏਕ ਕੋ ਜਾਣੋ, ਏਕ ਕੋ ਮਾਨੋ, ਏਕ ਹੋ ਜਾਓ”, “ਕੁਝ ਵੀ ਬਣੋ ਮੁਬਾਰਕ ਹੈ, ਪਰ ਪਹਿਲਾ ਇਨਸਾਨ ਬਣੋ”, ਪਿਆਰ, ਪ੍ਰੀਤ, ਨਿਮਰਤਾ, ਸ਼ਹਿਨਸ਼ੀਲਤਾ, ਬ੍ਰਹਮ ਗਿਆਨ ਆਦਿ ਦਾ ਸੰਦੇਸ਼ ਦੇਣ ਵਾਲੇ ਬਾਬਾ ਹਰਦੇਵ ਸਿੰਘ ਜੀ ਨਿਰੰਕਾਰੀ ਮਿਸ਼ਨ ਦੇ ਚੌਥੇ ਮੁੱਖੀ ਸਨ। ਇਹਨਾਂ ਦਾ ਜਨਮ 23 ਫਰਵਰੀ 1954 ਨੂੰ ਦਿੱਲੀ ਵਿਖੇ ਪਿਤਾ ਗੁਰਬਚਨ ਸਿੰਘ (ਬਾਬਾ ਜੀ) ’ਤੇ ਰਾਜਮਾਤਾ ਮਾਤਾ ਕੁਲਵੰਤ ਕੌਰ ਦੀ ਕੁਖੋਂ ਹੋਇਆ। ਆਪ ਚਾਰ ਭੈਣਾ ਦੇ ਇਕਲੋਤੇ ਭਰਾ ਸਨ। ਆਪ ਜੀ ਦੀ ਸ਼ਾਦੀ ਨਵੰਬਰ 1975 ਵਿੱਚ ਮਾਤਾ ਸਵਿੰਦਰ ਕੌਰ ਜੀ ਨਾਲ ਹੋਈ ਜਿੰਨ੍ਹਾਂ ਨੇ ਆਪ ਜੀ ਦੇ ਬ੍ਰਹਮਲੀਨ ਹੋਣ ਉਪਰੰਤ ਦੋ ਸਾਲਾਂ ਤੱਕ ਮਿਸ਼ਨ ਦੀ ਵਾਗਡੋਰ ਸਤਿਗੁਰੂ ਰੂਪ ਵਿੱਚ ਸੰਭਾਲੀ ਅਤੇ ਭਗਤਾਂ ਨੂੰ ਸਨੇਹ ਪ੍ਰਦਾਨ ਕੀਤਾ। ਆਪ ਦੇ ਘਰ ਤਿੰਨ ਸਪੁੱਤਰੀਆਂ ਸਮਤਾ, ਰੇਣੂਕਾ ਅਤੇ ਸੁਦਿਕਸ਼ਾ ਜੀ (ਨਿਰੰਕਾਰੀ ਮਿਸ਼ਨ ਦੇ ਮੌਜੂਦਾ ਸਤਿਗੁਰੂ ਮਾਤਾ ਜੀ) ਨੇ ਜਨਮ ਲਿਆ। ਆਪ ਨੇ ਆਪਣੀ ਮੁੱਢਲੀ ਸਿੱਖਿਆ ਰਾਜੌਰੀ ਪਬਲਿਕ ਸਕੂਲ ਦਿੱਲੀ ਵਿੱਚ ਪ੍ਰਾਪਤ ਕੀਤੀ। ਉਸ ਉਪਰੰਤ ਸੈਕੰਡਰੀ ਸਿੱਖਿਆ ਲਈ ਆਪ ਨੂੰ 1963 ਵਿੱਚ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ (ਪੰਜਾਬ) ਵਿਖੇ ਦਾਖਲ ਕਰਵਾਇਆ ਜਿੱਥੋਂ 1969 ’ਚ ਆਪ ਨੇ ਮੈਟ੍ਰਿਕ ਪਾਸ ਕੀਤੀ। ਉੱਚ ਸਿੱਖਿਆ ਆਪ ਨੇ ਦਿੱਲੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਬਚਪਨ ਤੋਂ ਹੀ ਆਪ ਜੀ ਨੇ ਆਪਣੇ ਪਿਤਾ ਸਤਿਗੁਰੂ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਅਤੇ ਰਾਜ ਮਾਤਾ ਕੁਲਵੰਤ ਕੌਰ ਜੀ ਦੇ ਨਾਲ ਦੇਸ਼ ਵਿਦੇਸ਼ਾਂ ਵਿੱਚ ਅਧਿਆਤਮਿਕ ਯਾਤਰਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। 1971 ਵਿੱਚ ਆਪ ਸੰਤ ਨਿਰੰਕਾਰੀ ਸੇਵਾਦਲ ਵਿੱਚ ਭਰਤੀ ਹੋ ਗਏ ਅਤੇ ਖਾਕੀ ਵਰਦੀ ਪਾ ਕੇ ਸੇਵਾ ’ਚ ਰੂਚੀ ਲੈਣ ਲੱਗੇ।

ਨੌਜਵਾਨਾ ਨੂੰ ਚੰਗੇ ਕੰਮਾ ਪ੍ਰਤੀ ਪ੍ਰੇਰਿਤ ਕਰਨ ਲਈ ਆਪ ਜੀ ਨੇ 24 ਅਪ੍ਰੈਲ 1986 ਵਿੱਚ ਖ਼ੂਨਦਾਨ ਕੈਂਪਾ ਦੀ ਸ਼ੁਰੂਆਤ ਕੀਤੀ ਤੇ ਮਨੁੱਖ ਨੂੰ ਮਨੁੱਖ ਦੇ ਨੇੜੇ ਕਰਨ ਲਈ ਇੱਕ ਨਾਅਰਾ ਦਿੱਤਾ ‘‘ਖ਼ੂਨ ਨਾਲੀਆਂ ਵਿੱਚ ਨਹੀਂ ਨਾੜੀਆ ਵਿੱਚ ਵਹਿਣਾ ਚਾਹੀਦਾ ਹੈ”। ਨਿਰੰਕਾਰੀ ਮਿਸ਼ਨ ਵੱਲੋਂ ਖ਼ੂਨ ਦਾਨ ਕਰਨ ਦਾ ਵਰਲਡ ਰਿਕਾਰਡ ਇਤਿਹਾਸ ਵਿੱਚ ਦਰਜ ਹੈ। ਆਪ ਜੀ ਵੱਲੋਂ ਸ਼ੁਰੂ ਕੀਤੀ ਖੂਨਦਾਨ ਕੈਂਪਾਂ ਦੀ ਲੜੀ ਤਹਿਤ ਸੰਤ ਨਿਰੰਕਾਰੀ ਮਿਸ਼ਨ ਹੁਣ ਤੱਕ 8644 ਖੂਨਦਾਨ ਕੈਂਪ ਲਗਾ ਕੇ 14,05,177 ਯੂਨਿਟ ਖੂਨਦਾਨ ਕਰ ਚੁੱਕਾ ਹੈ ਅਤੇ ਇਹ ਲੜੀ ਲਗਾਦਾਰ ਜਾਰੀ ਹੈ। ਆਪ ਜੀ ਨੇ 36 ਸਾਲ ਮਿਸ਼ਨ ਦੀ ਰਹਿਨੁਮਾਈ ਕੀਤੀ। ਆਪ ਜੀ ਪਿਆਰ ਦੇ ਮਸੀਹਾ ਸਨ।

ਆਪ ਜੀ ਦੁਆਰਾ ਸਮਾਜ ਕਲਿਆਣ ਦੇ ਲਈ ਕੀਤੀਆਂ ਗਈਆਂ ਅਣਥੱਕ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਾਦਾ । ਇਸਦੇ ਇਲਾਵਾ ਅੱਜ ਜਦੋਂ ‘ਗਲੋਬਲ ਵਾਰਮਿੰਗ‘ (ਧਰਤੀ ਦਾ ਵੱਧਦਾ ਤਾਪਮਾਨ) ਦਾ ਖ਼ਤਰਾ ਜੋ ਪੂਰੇ ਦੇਸ਼ ਤੇ ਮੰਡਰਾ ਰਿਹਾ ਹੈ ਤਾਂ ਐਸੀ ਘਾਤਕ ਪ੍ਰਸਥਿਤੀ ਵਿੱਚ ਉਸ ਸਮੱਸਿਆ ਨੂੰ ਦੂਰ ਕਰਨ ਲਈ ਆਪ ਜੀ ਨੇ ਪੂਰੇ ਭਾਰਤ ਅਤੇ ਵਿਸ਼ਵ ‘ਚ ਆਪਣੇ ਸੇਵਾਦਾਰਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਇਸਦੇ ਇਲਾਵਾ ਪ੍ਰਧਾਨ ਮੰਤਰੀ ਦੀ ਸਵੱਛ ਭਾਰਤ ਮੁਹਿੰਮ ਵਿੱਚ ਵੀ ਭਰਪੂਰ ਯੋਗਦਾਨ ਪਾਇਆ। ਜਦੋਂ ਵੀ ਕਦੇ ਕਿਸੇ ਪ੍ਰਕਾਰ ਦੀਆਂ ਕੁਦਰਤੀ ਆਫਤਾਂ, ਭੂਚਾਲ, ਸੁਨਾਮੀ, ਹੜ ਆਦਿ ਆਏ ਤਾਂ ਉਥੇ ਵੀ ਆਪ ਜੀ ਦੇ ਸੇਵਾਦਾਰਾਂ ਨੇ ਮਨੁੱਖਤਾ ਦੀ ਭਲਾਈ ਲਈ ਦਿਨ ਰਾਤ ਇੱਕ ਕਰ ਦਿੱਤਾ।

ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਜਾਤਾਂ-ਪਾਤਾਂ ਨੂੰ ਖ਼ਤਮ ਕਰਨ, ਨਸ਼ਿਆ ਤੋਂ ਦੂਰ ਰਹਿਣ ਦੀ ਪ੍ਰੇਰਨਾ, ਦਾਜ-ਦਹੇਜ਼ ਤੇ ਸਮਾਜ ਦੇ ਜਿੰਨ੍ਹੇ ਵੀ ਕੋਹੜ ਸਨ ਉਹਨਾਂ ਨੂੰ ਆਪਣੇ ਉਪਦੇਸ਼ਾਂ ਰਾਹੀ ਮਾਨਵ ਜੀਵਨ ਚੋਂ ਕੱਢਣ ਦਾ ਉਪਰਾਲਾ ਕੀਤਾ।

 ਆਪ ਜੀ ਨੂੰ 27 ਯੂਰਪੀਅਨ ਦੇਸ਼ਾਂ ਵਿੱਚ ਪਾਰਲੀਮੈਂਟ ਨੇ ਉਚੇਚੇ ਤੌਰ ਤੇ ਇੰਗਲੈਂਡ ਵਿਖੇ ਸਨਮਾਨਿਤ ਕੀਤਾ ਅਤੇ ਆਪ ਜੀ ਨੂੰ ਵਿਸੇਸ਼ ਤੌਰ ਤੇ ਸੰਯੁਕਤ ਰਾਸ਼ਟਰ (ਯੂ.ਐਨ.ਓ) ਦਾ ਮੁੱਖ ਸਲਾਹਕਾਰ ਵੀ ਬਣਾਇਆ ਗਿਆ। ਇਸਦੇ ਇਲਾਵਾ ਆਪ ਜੀ ਨੂੰ ਵਿਸ਼ਵ ਸ਼ਾਂਤੀ ਸਥਾਪਿਤ ਕਰਨ ਹਿੱਤ ਅੰਤਰਰਾਸ਼ਟਰੀ ਪੱਧਰ ਤੇ ਸਨਮਾਨਿਤ ਵੀ ਕੀਤਾ ਗਿਆ।

13 ਮਈ 2016 ਨੂੰ ਬਾਬਾ ਹਰਦੇਵ ਸਿੰਘ ਜੀ ਮਹਾਂਰਾਜ ਦੇ ਬ੍ਰਹਮਲੀਨ ਹੋਣ ਉਪਰੰਤ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਨਿਰੰਕਾਰੀ ਮਿਸ਼ਨ ਦੇ ਪੰਜਵੇਂ ਮੁੱਖੀ ਬਣੇ ਅਤੇ ਮਿਸ਼ਨ ਦੀਆਂ ਸੇਵਾਵਾਂ ਵਿੱਚ ਆਪਣਾ ਭਰਪੂਰ ਯੋਗਦਾਨ ਦਿੱਤਾ। ਮਾਤਾ ਸਵਿੰਦਰ ਹਰਦੇਵ ਜੀ ਨੇ ਆਪਣੀ ਪਹਿਲੀ ਵਿਚਾਰ ਵਿੱਚ ਹੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੂੰ ਪਿਆਰ ਦਾ ਮੁਜੱਸਮਾ ਕਹਿ ਕੇ ਸੰਬੋਧਨ ਕੀਤਾ। ਹੁਣ ਵਰਤਮਾਨ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨਿਰੰਕਾਰੀ ਮਿਸ਼ਨ ਦੇ ਛੇਵੇਂ ਸਤਿਗੁਰੂ ਵਜੋਂ ਸੇਵਾਵਾਂ ਨਿਭਾ ਰਹੇ ਅਤੇ ਨਿੰਰਕਾਰੀ ਮਿਸ਼ਨ ਨੂੰ ਬੁਲੰਧੀਆਂ ਤੇ ਲਿਜਾ ਰਹੇ ਹਨ। 

ਲੇਖਕ: ਪ੍ਰਮੋਦ ਧੀਰ (ਜੈਤੋ ਮੰਡੀ, ਜ਼ਿਲ੍ਹਾ ਫ਼ਰੀਦਕੋਟ,ਪੰਜਾਬ)

ਪੇਸ਼ਕਸ਼: ਡਾ ਐਮ ਐਸ ਦਵਿੰਦਰ ਰੋਹਟਾ, ਸਰਹਿੰਦ

LEAVE A REPLY

Please enter your comment!
Please enter your name here