
ਰੂਪਨਗਰ, 9 ਜਨਵਰੀ (ਪੁਲਕਿਤ ਕੁਮਾਰ) : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਰੂਪਨਗਰ ਵੱਲੋਂ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਉਸਦਾ ਪੁਤਲਾ ਫੂਕਿਆ ਗਿਆ। ਇਹ ਪ੍ਰਦਰਸ਼ਨ ਦਿੱਲੀ ਵਿਧਾਨ ਸਭਾ ਵਿੱਚ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਵਰ੍ਹੇ ਦੇ ਸੰਦਰਭ ਵਿੱਚ ਕੀਤੀ ਗਈ ਆਤਿਸ਼ੀ ਮਾਰਲੇਨਾ ਵਲੋਂ ਕਥਿਤ ਅਸੰਵੇਦਨਸ਼ੀਲ ਅਤੇ ਅਪਮਾਨਜਨਕ ਟਿੱਪਣੀ ਦੇ ਵਿਰੋਧ ਵਿੱਚ ਕੀਤਾ ਗਿਆ। ਇਸ ਮੌਕੇ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੂਰੇ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਆਤਿਸ਼ੀ ਮਾਰਲੇਨਾ ਦੀ ਟਿੱਪਣੀ ਨਾਲ ਗੰਭੀਰ ਤੌਰ ‘ਤੇ ਆਹਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਬਿਆਨ ਨਾਂ ਕੇਵਲ ਦੁਖਦਾਈ ਹੈ, ਬਲਕਿ ਸਿੱਖ ਧਰਮ ਅਤੇ ਗੁਰੂ ਸਾਹਿਬ ਦਾ ਘੋਰ ਅਪਮਾਨ ਵੀ ਹੈ। ਉਨ੍ਹਾਂ ਕਿਹਾ ਕਿ ਜਦੋਂ ਗੁਰੂ ਸਾਹਿਬ ਦੇ ਸ਼ਹੀਦੀ ਵਰ੍ਹੇ ‘ਤੇ ਚਰਚਾ ਚੱਲ ਰਹੀ ਸੀ, ਉਸ ਸਮੇਂ ਅਜਿਹੀ ਭਾਸ਼ਾ ਵਰਤਣਾ ਪੂਰੀ ਤਰ੍ਹਾਂ ਨਿੰਦਣਯੋਗ ਹੈ। ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਸਿਆਸਤ ਕਰਨੀ ਹੈ ਤਾਂ ਕਰੋ ਪਰ ਸਾਡੇ ਗੁਰੂਆਂ ‘ਤੇ ਅਜਿਹੀ ਟਿੱਪਣੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਲਾਲਪੁਰਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸ਼ੁਰੂ ਤੋਂ ਹੀ ਸਿੱਖ ਵਿਰੋਧੀ ਰਵੱਈਆ ਰੱਖਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗੰਭੀਰ ਮਾਮਲੇ ‘ਤੇ ਅਰਵਿੰਦ ਕੇਜਰੀਵਾਲ ਦੀ ਚੁੱਪੀ ਉਸਦੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਬੇਨਕਾਬ ਕਰਦੀ ਹੈ। ਲਾਲਪੁਰਾ ਨੇ ਯਾਦ ਦਿਵਾਇਆ ਕਿ ਕੇਜਰੀਵਾਲ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਨਾ ਤਾਂ ਦਿੱਲੀ ਕੈਬਨਿਟ ਵਿੱਚ ਕਿਸੇ ਸਿੱਖ ਨੂੰ ਸ਼ਾਮਲ ਕੀਤਾ ਅਤੇ ਨਾ ਹੀ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਕੇਸਾਂ ਨੂੰ ਦੁਬਾਰਾ ਖੋਲ੍ਹਣ ਜਾਂ ਪੀੜਤਾਂ ਦੀ ਪੁਨਰਵਾਸ ਲਈ ਕੋਈ ਢੁਕਵੇਂ ਕਦਮ ਚੁੱਕੇ। ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਜੇਕਰ ਅਰਵਿੰਦ ਕੇਜਰੀਵਾਲ ਨੂੰ ਸਿੱਖ ਗੁਰੂਆਂ ਪ੍ਰਤੀ ਰਤਾ ਭਰ ਵੀ ਆਦਰ ਹੈ, ਤਾਂ ਉਹ ਤੁਰੰਤ ਆਤਿਸ਼ੀ ਮਾਰਲੇਨਾ ਨੂੰ ਦਿੱਲੀ ਵਿਧਾਨ ਸਭਾ ਵਿੱਚ ਨੇਤਾ ਪ੍ਰਤੀਪੱਖ ਦੇ ਅਹੁਦੇ ਤੋਂ ਹਟਾ ਕੇ ਆਮ ਆਦਮੀ ਪਾਰਟੀ ਤੋਂ ਬਰਖਾਸਤ ਕਰਨ। ਪ੍ਰਦਰਸ਼ਨ ਦੌਰਾਨ ਦਰਜਨਾਂ ਭਾਜਪਾ ਆਗੂਆਂ ਅਤੇ ਕਾਰਕੁਨਾਂ ਨੇ ਆਤਿਸ਼ੀ ਮਾਰਲੇਨਾ ਅਤੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਇਹ ਸਪਸ਼ਟ ਕੀਤਾ ਕਿ ਭਾਜਪਾ ਸਿੱਖ ਸਨਮਾਨ ਅਤੇ ਗੁਰੂ ਪਰੰਪਰਾ ਦੀ ਰੱਖਿਆ ਲਈ ਹਰ ਪੱਧਰ ‘ਤੇ ਸੰਘਰਸ਼ ਜਾਰੀ ਰੱਖੇਗੀ। ਇਸ ਦੌਰਾਨ ਭਾਜਪਾ ਮੰਡਲ ਪ੍ਰਧਾਨ ਰੂਪਨਗਰ ਜਗਦੀਸ਼ ਚੰਦਰ ਕਾਜਲਾ, ਅਮਨਪ੍ਰੀਤ ਕਾਬੜਵਾਲ, ਗਗਨ ਗੁਪਤਾ, ਸੰਜੈ ਪ੍ਰਤਾਪ ਜੈਨ, ਕੁਲਜਿੰਦਰ ਲਾਲਪੁਰਾ, ਇੰਦਰਪਾਲ, ਪਰਵੀਨ ਕੁਮਾਰ, ਹਿੰਮਤ ਸਿੰਘ ਗਿਰਾਂ, ਰਾਜੀਵ ਕ੍ਰਿਪਲਾਨੀ, ਅਧਿਵਕਤਾ ਵਿਕਾਸ ਵਾਲੀਆ, ਸੌਰਭ ਬੰਸਲ, ਸਤਿੰਦਰ ਨਾਗੀ, ਟੋਨੀ ਵਰਮਾ, ਗੁਰਕਿਰਤ ਸਿੰਘ ਸੈਨੀ, ਬੰਟ ਲੇਹਰਾ, ਅਮਨਿੰਦਰ ਸਿੰਘ ਰਾਏ ਸਮੇਤ ਅਨੇਕਾਂ ਸੀਨੀਅਰ ਭਾਜਪਾ ਆਗੂ ਅਤੇ ਕਾਰਕੁਨ ਹਾਜ਼ਰ ਰਹੇ।
——————————
This news is auto published from an agency/source and may be published as received.
