
ਕੁੱਝ ਘੰਟੇ ਪਹਿਲਾਂ ਹੀ ਚੋਣ ਲੜਨ ਲਈ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਸਨ ਢਾਕਾ, 30 ਦਸੰਬਰ(ਨਿਊਜ਼ ਟਾਊਨ ਨੈਟਵਰਕ): ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਦਾ ਦਿਹਾਂਤ ਹੋ ਗਿਆ ਹੈ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਨੇਤਾ ਨੇ ਢਾਕਾ ਦੇ ਐਵਰ ਕੇਅਰ ਹਸਪਤਾਲ ਵਿਚ ਇਲਾਜ ਦੌਰਾਨ ਆਖ਼ਰੀ ਸਾਹ ਲਿਆ। ਉਹ 80 ਸਾਲਾਂ ਦੀ ਸੀ ਅਤੇ ਕੁਝ ਸਮੇਂ ਤੋਂ ਬਿਮਾਰ ਸੀ। ਖ਼ਾਲਿਦਾ ਜ਼ਿਆ ਦੀ ਪਾਰਟੀ, ਬੀ.ਐਨ.ਪੀ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਵਿਚ ਪਾਰਟੀ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ ਸੀ। ਉਨ੍ਹਾਂ ਨੇ ਸਵੇਰੇ 6 ਵਜੇ ਆਖ਼ਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਢਾਕਾ ਦੇ ਐਵਰ ਕੇਅਰ ਹਸਪਤਾਲ ਵਿਚ ਇਲਾਜ ਅਧੀਨ ਸਨ। ਬੀਐਨਪੀ ਦੀ ਇਕ ਸੋਸ਼ਲ ਮੀਡੀਆ ਪੋਸਟ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਦੀ ਸਿਹਤ 29-30 ਦਸੰਬਰ ਦੀ ਰਾਤ ਨੂੰ ਵਿਗੜ ਗਈ। ਉਨ੍ਹਾਂ ਦੀ ਹਾਲਤ ਵਿਗੜਨ ਕਾਰਨ, ਉਨ੍ਹਾਂ ਨੂੰ ਇਲਾਜ ਲਈ ਵਿਦੇਸ਼ ਲਿਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਕਤਰ ਤੋਂ ਇਕ ਵਿਸ਼ੇਸ਼ ਉਡਾਣ ਢਾਕਾ ਪਹੁੰਚੀ ਅਤੇ ਢਾਕਾ ਹਵਾਈ ਅੱਡੇ 'ਤੇ ਸਟੈਂਡਬਾਏ 'ਤੇ ਰੱਖਿਆ ਗਿਆ। ਮੈਡੀਕਲ ਬੋਰਡ ਨੇ ਖ਼ਾਲਿਦਾ ਜ਼ਿਆ ਨੂੰ ਢਾਕਾ ਦੇ ਐਵਰ ਕੇਅਰ ਹਸਪਤਾਲ ਤੋਂ ਲੰਦਨ ਜਾਣ ਦੀ ਇਜਾਜ਼ਤ ਨਹੀਂ ਦਿਤੀ। ਸ਼ੇਖ ਹਸੀਨਾ ਵਿਰੁਧ ਤਖ਼ਤਾ ਪਲਟ ਤੋਂ ਬਾਅਦ ਬੰਗਲਾਦੇਸ਼ ਵਿਚ ਇਕ ਅੰਤਰਿਮ ਸਰਕਾਰ ਬਣਾਈ ਗਈ ਸੀ ਅਤੇ ਹੁਣ ਨਵੀਂ ਸਰਕਾਰ ਚੁਣਨ ਲਈ ਚੋਣਾਂ ਹੋ ਰਹੀਆਂ ਹਨ। ਖ਼ਾਲਿਦਾ ਜ਼ਿਆ ਵੀ ਇਨ੍ਹਾਂ ਚੋਣਾਂ ਵਿਚ ਉਮੀਦਵਾਰ ਸੀ। ਉਸ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ 29 ਦਸੰਬਰ ਨੂੰ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਸੀ। ਉਸ ਨੇ ਬੋਗਰਾ-7 ਸੀਟ ਲਈ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਸੀ। ਖ਼ਾਲਿਦਾ ਜ਼ਿਆ ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੋਣ ਦਾ ਰਿਕਾਰਡ ਰੱਖਦੀ ਹੈ। ਉਹ 1991 ਵਿਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੀ ਅਤੇ ਬਾਅਦ ਵਿਚ ਦੋ ਵਾਰ ਬੰਗਲਾਦੇਸ਼ ਸਰਕਾਰ ਦੀ ਅਗਵਾਈ ਕੀਤੀ। ਬੇਨਜ਼ੀਰ ਭੁੱਟੋ ਤੋਂ ਬਾਅਦ, ਖ਼ਾਲਿਦਾ ਜ਼ਿਆ ਦੁਨੀਆਂ ਦੀ ਦੂਜੀ ਮਹਿਲਾ ਨੇਤਾ ਹੈ, ਜੋ ਕਿਸੇ ਮੁਸਲਿਮ ਦੇਸ਼ ਦੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦੀ ਹੈ।
——————————
This news is auto published from an agency/source and may be published as received.
