ਗੁਰਦਾਸਪੁਰ ਦੇ ਵਪਾਰ ਮੰਡਲ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਗੁਰਦਾਸਪੁਰ, 29 ਦਸੰਬਰ(ਨਿਊਜ਼ ਟਾਊਨ ਨੈਟੳਰਕ) : ਵਪਾਰ ਮੰਡਲ ਗੁਰਦਾਸਪੁਰ ਵਲੋਂ ਪੰਜਾਬ ਵਿਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ 'ਤੇ ਚਿੰਤਾ ਕਰਦਿਆਂ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿੱਚ ਵਪਾਰ ਮੰਡਲ ਗੁਰਦਾਸਪੁਰ ਦੀ ਟੀਮ ਅਤੇ ਸ਼ਹਿਰ ਦੇ ਵਪਾਰੀਆਂ ਨੇ ਹਿੱਸਾ ਲਿਆ। ਇਸ ਸਮੇਂ ਵਪਾਰ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ। ਇਸ ਸਮੇਂ ਪੰਜਾਬ ਅੰਦਰ ਦਹਿਸ਼ਤਗਰਦੀ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਪੰਜਾਬ ਵਿਚ ਹੋ ਰਹੀਆਂ ਲੁੱਟਾਂ ਖੋਹਾਂ, ਚੋਰੀਆਂ ਤੇ ਗੋਲੀ ਚੱਲਣੀ ਆਮ ਗੱਲ ਹੋ ਗਈ ਹੈ। ਪਿਛਲੇ ਸਮੇਂ ਪੰਜਾਬ ਵਿਚ ਬਹੁਤ ਸਾਰੇ ਵਪਾਰੀ ਭਰਾ ਜਾਨਾਂ ਗਵਾ ਚੁੱਕੇ ਹਨ। ਇਸ ਸਮੇਂ ਪੰਜਾਬ ਦਾ ਆਮ ਨਾਗਰਿਕ ਤੇ ਵਪਾਰੀ ਸਹਿਮ ਦੇ ਮਾਹੌਲ ਵਿਚ ਹਨ। ਪਿਛਲੇ ਦਿਨੀਂ ਗੁਰਦਾਸਪੁਰ ਵਿਚ ਵਾਪਰੀਆਂ ਵੱਖ-ਵੱਖ ਘਟਨਾਵਾਂ ਨੇ ਸ਼ਹਿਰ ਦੇ ਵਪਾਰੀਆਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿਤਾ ਹੈ। ਉਹ ਆਪਣੀ ਦੁਕਾਨ 'ਤੇ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਆਪਣੀਆਂ ਦੁਕਾਨਾਂ ਵੀ ਜਲਦੀ ਬੰਦ ਕਰਨ 'ਤੇ ਮਜਬੂਰ ਹੋ ਗਏ ਹਨ। ਪ੍ਰਧਾਨ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ ਤਾਕਿ ਪੰਜਾਬ ਦੇ ਆਮ ਨਾਗਰਿਕ ਅਤੇ ਵਪਾਰੀ ਨਿਡਰ ਹੋ ਕੇ ਆਪਣਾ-ਆਪਣਾ ਕਾਰੋਬਾਰ ਕਰ ਸਕਣ। ਇਸ ਦੇ ਨਾਲ ਹੀ ਪ੍ਰਧਾਨ ਨੇ ਐਸ.ਐਸ.ਪੀ. ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ ਅਤੇ ਗ਼ਲਤ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ ਤਾਕਿ ਸ਼ਹਿਰ ਵਿਚ ਡਰ ਦਾ ਮਾਹੌਲ ਖ਼ਤਮ ਹੋ ਸਕੇ। ਇਸ ਮੌਕੇ ਜੋਗਿੰਦਰ ਪਾਲ ਤੁਲੀ, ਜੁਗਲ ਕਿਸ਼ੋਰ, ਦੀਪਕ ਮਹਾਜਨ, ਪਵਨ ਕੌਛੜ, ਗੌਰਵ ਮਹਾਜਨ, ਸੁਭਾਸ਼ ਭੰਡਾਰੀ, ਸੁਮਿਤ ਮਹਾਜਨ, ਸੋਨੂ ਮਹਾਜਨ, ਅਜੇ ਖੰਨਾ, ਨਵਦੀਪ ਮਹਾਜਨ, ਰਵੀ ਮਹਾਜਨ, ਭਾਰਤ ਭੂਸ਼ਣ, ਵਿਕਰਮ ਵਾਲੀਆ, ਬੋਬੀ ਮਹਾਜਨ, ਸੋਹਨ ਲਾਲ, ਵਰਿੰਦਰ ਮਹਾਜਨ, ਪ੍ਰਦੀਪ ਕੁਮਾਰ, ਮਿੱਠੂ ਮਰਵਾਹਾ, ਵਿਨੇ ਗਾਂਧੀ, ਨਵਪ੍ਰੀਤ ਸਿੰਘ ਅਤੇ ਅਵਿਨਾਸ਼ ਆਦਿ ਮੌਜੂਦ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *