ਬੱਸੀ ਪਠਾਣਾਂ (ਉਦੇ ਧੀਮਾਨ), 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਦੇ ਪਵਿੱਤਰ ਪ੍ਰਕਾਸ਼ ਦਾ ਪ੍ਰੋਗਰਾਮ ਹੋਣਾ ਹੈ। ਇਸ ਪ੍ਰੋਗਰਾਮ ਲਈ 1 ਜਨਵਰੀ ਤੋਂ ਅਕਸ਼ਤ ਸੱਦਾ ਮਹਾਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ 15 ਜਨਵਰੀ ਤੱਕ ਦੇਸ਼ ਭਰ ਵਿੱਚ ਚਲਾਈ ਜਾਵੇਗੀ। ਇਸ ਮੁਹਿੰਮ ਦੇ ਤਹਿਤ ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਭਗਵਾਨ ਸ਼੍ਰੀ ਰਾਮ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਘਰ-ਘਰ ਜਾ ਕੇ ਅਕਸ਼ਿਤ ਸੱਦਾ ਦੇ ਰਹੇ ਹਨ ਅਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਅਯੁੱਧਿਆ ਦੁਆਰਾ ਭੇਜੇ ਗਏ ਸੰਦੇਸ਼ ਨੂੰ ਵੀ ਲੋਕਾਂ ਤੱਕ ਪਹੁੰਚਾਉਣਗੇ। ਇਸ ਮੁਹਿੰਮ ਦੀ ਸ਼ੁਰੂਆਤ ਬੱਸੀ ਪਠਾਣਾਂ ਵਿੱਚ ਕਰ ਦਿੱਤੀ ਗਈ ਹੈ। ਸੱਦਾ ਪੱਤਰ ਦੇਣ ਲਈ ਪ੍ਰਾਚੀਨ ਸ਼੍ਰੀ ਰਾਮ ਮੰਦਰ ਦੇ ਮੈਂਬਰ ਸੜਕਾਂ ‘ਤੇ ਆ ਗਏ ਹਨ। ਇਸ ਮੌਕੇ ਮੰਦਰ ਦੇ ਪੁਜਾਰੀ ਸੇਵਕ ਰਾਮ ਸ਼ਰਮਾਂ ਨੇ ਦੱਸਿਆ ਕਿ ਮੰਦਰ ਵਿੱਚ ਟਰੱਸਟ ਵੱਲੋਂ ਭੇਜੇ ਗਏ ਸੰਦੇਸ਼ ਅਤੇ ਅਕਸ਼ਤ ਸੱਦੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੜਕਾਂ ‘ਤੇ ਨਿਕਲ ਆਏ। ਇਸ ਦੌਰਾਨ ਉਨ੍ਹਾਂ ਸ਼ਹਿਰ ਦੇ ਰਾਮ ਭਗਤਾਂ ਨਾਲ ਮਿਲ ਕੇ ਵੱਖ ਵੱਖ ਮੰਦਰ ਦੇ ਮਾਣਯੋਗ ਮੈਂਬਰਾਂ/ ਔਰਤਾਂ ਦੇ ਗਰੁੱਪਾਂ ਦਾ ਸਹਿਯੋਗ ਲੈਕੇ ਸਾਰੇ ਮੁਹੱਲਿਆਂ ਵਿਖੇ ਭਜਨ ਕੀਰਤਨ ਕਰਦੇ ਹੋਏ ਲੋਕਾਂ ਤਕ ਅਯੁੱਧਿਆ ਵਿਖੇ ਬਣ ਰਹੇ ਰਾਮ ਜਨਮ ਭੂਮੀ ਮੰਦਰ ਦੀ ਮਾਡਲ ਤਸਵੀਰ, ਪਰਚੇ ਦੇ ਰੂਪ ਵਿੱਚ ਟਰੱਸਟ ਦਾ ਸੰਦੇਸ਼ ਅਤੇ ਅਯੁੱਧਿਆ ਤੋਂ ਆਏ ਪਾਵਨ ਅਕਸ਼ਤ ਦੀ ਪਹੁੰਚ ਕਰਨ ਲਈ ਇੱਕ ਮੈਗਾ ਮੁਹਿੰਮ ਚਲਾਈ ਗਈ। ਅਯੁੱਧਿਆ ਰਾਮ ਮੰਦਰ ‘ਚ ਅਕਸ਼ਿਤ ਪੂਜਾ ਦੇ ਨਾਲ-ਨਾਲ ਘਰ-ਘਰ ਜਾ ਕੇ ਲੋਕਾਂ ਨੂੰ ਇਹ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ ਕਿ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਾਲੇ ਦਿਨ ਆਪਣੇ ਨਜ਼ਦੀਕੀ ਮੰਦਰ ‘ਚ ਜਾ ਕੇ ਇਸ ਪ੍ਰੋਗਰਾਮ ਦੇ ਗਵਾਹ ਬਣਨ। ਦੱਸ ਦਈਏ ਕਿ 22 ਜਨਵਰੀ ਨੂੰ ਅਯੁੱਧਿਆ ‘ਚ ਨਿਰਮਾਣ ਅਧੀਨ ਰਾਮ ਮੰਦਰ ‘ਚ ਰਾਮ ਲੱਲਾ ਨੂੰ ਵਿਰਾਜਮਾਨ ਕੀਤਾ ਜਾਵੇਗਾ। ਅਜਿਹੇ ਵਿੱਚ ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਚਾਰ ਹਜ਼ਾਰ ਸੰਤਾਂ-ਮਹਾਂਪੁਰਸ਼ਾਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਸਮੇਤ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।