
ਫਤਹਿਗੜ੍ਹ ਸਾਹਿਬ (newstownonline.com): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ਮੀਨ-ਜਾਇਦਾਦ ਦੀ ਰਜਿਸਟਰੀ ਨੂੰ ਸੌਖਾ ਅਤੇ ਤੇਜ਼ ਬਣਾਉਣ ਲਈ ‘ਈਜ਼ੀ ਰਜਿਸਟਰੀ’ ਵਿਵਸਥਾ ਲਾਗੂ ਕਰ ਦਿੱਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਰਜਿਸਟਰੀ ਲਈ ਲੋਕਾਂ ਨੂੰ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਵਾਰ-ਵਾਰ ਗੇੜੇ ਲਾਉਣ ਪੈਂਦੇ ਸਨ ਅਤੇ ਦੇਰੀ ਤੇ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇਸ ਨਵੀਂ ਵਿਵਸਥਾ ਨਾਲ ਰਜਿਸਟਰੀ ਪ੍ਰਕਿਰਿਆ ਸੌਖੀ, ਤੇਜ਼ ਅਤੇ ਪਾਰਦਰਸ਼ੀ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਇੱਕ ਜ਼ਿਲ੍ਹੇ ਦੇ ਅੰਦਰ ਕੋਈ ਵੀ ਸਬ-ਰਜਿਸਟਰਾਰ ਦਫ਼ਤਰ ਜ਼ਿਲ੍ਹੇ ਦੇ ਕਿਸੇ ਵੀ ਇਲਾਕੇ ਦੀ ਜਾਇਦਾਦ ਰਜਿਸਟਰ ਕਰ ਸਕੇਗਾ। ਨਾਗਰਿਕ 500 ਰੁਪਏ ਫੀਸ ਨਾਲ ‘ਸੇਲ ਡੀਡ’ ਆਨਲਾਈਨ ਜਾਂ ਸੇਵਾ ਕੇਂਦਰਾਂ ਰਾਹੀਂ ਤਿਆਰ ਕਰ ਸਕਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਦਸਤਾਵੇਜ਼ 48 ਘੰਟਿਆਂ ਦੇ ਅੰਦਰ ਆਨਲਾਈਨ ਜਮ੍ਹਾਂ ਹੋਣਗੇ। ਤਹਿਸੀਲਦਾਰ ਨੂੰ 48 ਘੰਟਿਆਂ ਵਿੱਚ ਇਤਰਾਜ਼ ਉਠਾਉਣ ਦਾ ਸਮਾਂ ਦਿੱਤਾ ਗਿਆ ਹੈ, ਜੋ ਡਿਪਟੀ ਕਮਿਸ਼ਨਰ ਕੋਲ ਜਾਵੇਗਾ।
ਉਨ੍ਹਾਂ ਦੱਸਿਆ ਕਿ ਰਜਿਸਟਰੀ ਦੇ ਹਰ ਪੜਾਅ ਬਾਰੇ ਵਟਸਐਪ ਰਾਹੀਂ ਅਪਡੇਟ ਮਿਲੇਗਾ। ਰਿਸ਼ਵਤ ਦੀ ਸ਼ਿਕਾਇਤ ਵੀ ਵਟਸਐਪ ਰਾਹੀਂ ਕੀਤੀ ਜਾ ਸਕੇਗੀ। ‘ਸਰਕਾਰ ਤੁਹਾਡੇ ਦੁਆਰ’ ਸਕੀਮ ਅਧੀਨ ਹੈਲਪਲਾਈਨ ਨੰਬਰ 1076 ‘ਤੇ ਸਹਾਇਤਾ ਉਪਲਬਧ ਹੈ।
ਭਗਵੰਤ ਮਾਨ ਨੇ ਕਿਹਾ ਕਿ ‘ਡਰਾਫਟ ਮਾਈ ਡੀਡ’ ਵਿਸ਼ੇਸ਼ਤਾ ਨਾਲ ਲੋਕ ਆਪਣੇ ਦਸਤਾਵੇਜ਼ ਸੇਵਾ ਕੇਂਦਰਾਂ ਤੋਂ ਤਿਆਰ ਕਰ ਸਕਣਗੇ। ਰਜਿਸਟਰੀ ਪੂਰੀ ਹੋਣ ਤੋਂ ਬਾਅਦ ਵਟਸਐਪ ਰਾਹੀਂ ਤਸਦੀਕੀ ਸੂਚਨਾ ਮਿਲੇਗੀ।
ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਭਾਰਤ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਸੂਬੇ ਨੇ ਜਾਇਦਾਦ ਰਜਿਸਟਰੀ ਨੂੰ ਅਜਿਹਾ ਸਰਲ ਬਣਾਇਆ ਹੈ। ਇਸ ਨਾਲ ਲੋਕਾਂ ਨੂੰ ਬੇਲੋੜੇ ਦਫ਼ਤਰਾਂ ਵਿੱਚ ਘੁੰਮਣ ਦੀ ਲੋੜ ਨਹੀਂ ਪਵੇਗੀ ਅਤੇ ਖਰਚਾ ਵੀ ਘਟੇਗਾ।
