ਸਾਫ਼ ਜਲ, ਸ਼ੁੱਧ ਮਨ ਵੱਲ ਇੱਕ ਸਰਗਰਮ ਕਦਮ
ਚੰਡੀਗੜ੍ਹ / ਪੰਚਕੂਲਾ/ ਮੋਹਾਲੀ/ਸਰਹਿੰਦ, ਰੂਪ ਨਰੇਸ਼: ਸੰਤ ਨਿਰੰਕਾਰੀ ਮਿਸ਼ਨ ਦੀ ਸੇਵਾ ਭਾਵਨਾ ਅਤੇ ਮਨੁੱਖਤਾ ਦੀ ਭਲਾਈ ਦੇ ਪ੍ਰਣ ਨੂੰ ਸਾਕਾਰ ਕਰਨ ਲਈ ‘ਪ੍ਰੋਜੈਕਟ ਅੰਮ੍ਰਿਤ’ ਦੇ ਤਹਿਤ ‘ਸਾਫ਼ ਜਲ, ਸ਼ੁੱਧ ਮਨ’ ਯੋਜਨਾ ਦੇ ਤੀਜੇ ਪੜਾਅ ਦੀ ਸ਼ੁਰੂਆਤ ਐਤਵਾਰ, 23 ਫ਼ਰਵਰੀ 2025 ਨੂੰ ਪਰਮ ਸ਼ਰਧੇਯ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਆਦਰਣੀਯ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਹਾਜ਼ਰੀ ਵਿੱਚ, ਯਮੁਨਾ ਨਦੀ ਦੇ ਛਠ ਘਾਟ, ਆਈ.ਟੀ.ਓ., ਦਿੱਲੀ ਵਿਖੇ ਹੋਵੇਗੀ। ਇਸ ਯੋਜਨਾ ਦਾ ਉਦੇਸ਼ ਪਾਣੀ ਦੇ ਸੰਰੱਖਣ ਅਤੇ ਸਾਫ਼ ਸੁਥਰਾਈ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਹੈ, ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਨੂੰ ਸ਼ੁੱਧ ਜਲ ਅਤੇ ਸਿਹਤਮੰਦ ਵਾਤਾਵਰਣ ਦੀ ਦਾਤ ਮਿਲ ਸਕੇ।
ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਸ੍ਰੀ ਓ. ਪੀ. ਨਿਰੰਕਾਰੀ ਜੀ ਨੇ ਦੱਸਿਆ ਕਿ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਚੰਡੀਗੜ੍ਹ ਜ਼ੋਨ ਵਿੱਚ 23.02.2025 ਨੂੰ ਸਵੇਰੇ 7 ਵਜੇ ਤੋਂ 10 ਵਜੇ ਤੱਕ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਮਨੀਮਾਜਰਾ, ਪੰਚਕੂਲਾ, ਟੀ.ਡੀ.ਆਈ ਸਿਟੀ ਮੋਹਾਲੀ, ਕਾਲਕਾ, ਪਿਜੌਰ, ਮੋਰਨੀ, ਕੁਰਾਲੀ, ਡੇਰਾਬੱਸੀ, ਡੇਰਾਬੱਸੀ ਆਦਿ ਦੇ 30 ਜਲ ਭੰਡਾਰਾਂ ‘ਤੇ ਸਫਾਈ ਮੁਹਿੰਮ ਚਲਾਈ ਜਾਵੇਗੀ। ਜਿਸ ਵਿੱਚ ਬਹੁਤ ਸਾਰੇ ਵਲੰਟੀਅਰ ਭਾਗ ਲੈਣਗੇ।
ਸੰਤ ਨਿਰੰਕਾਰੀ ਮਿਸ਼ਨ ਨੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀ ਪ੍ਰੇਰਣਾਦਾਇਕ ਸਿੱਖਿਆਵਾਂ ਨੂੰ ਆਪਣੇ ਅੰਦਰ ਸਮਾਉਂਦੇ ਹੋਏ, 2023 ਵਿੱਚ ਸੰਸਕ੍ਰਿਤੀ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ‘ਪ੍ਰੋਜੈਕਟ ਅੰਮ੍ਰਿਤ’ ਦੀ ਸ਼ੁਰੂਆਤ ਕੀਤੀ ਸੀ। ਇਸ ਪਵਿੱਤਰ ਉਪਰਾਲੇ ਦਾ ਉਦੇਸ਼ ਕੇਵਲ ਜਲ ਸਰੋਤਾਂ ਦੀ ਸਾਫ਼ ਸੁਥਰਾਈ ਹੀ ਨਹੀਂ, ਬਲਕਿ ਪਾਣੀ ਦੇ ਸੰਰੱਖਣ ਨੂੰ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਦੀ ਸੋਚ ਪੈਦਾ ਕਰਨੀ ਵੀ ਹੈ। ਨਦੀਆਂ, ਝੀਲਾਂ, ਸਰੋਵਰਾਂ, ਖੂਹਾਂ ਅਤੇ ਝਰਨਿਆਂ ਵਰਗੇ ਕੁਦਰਤੀ ਜਲ ਸਰੋਤਾਂ ਦੀ ਸਾਫ਼ ਸੁਥਰਾਈ ਅਤੇ ਸੰਭਾਲ ਨੂੰ ਸਮਰਪਿਤ ਇਹ ਮਹਾਨ ਮੁਹਿੰਮ ਆਪਣੇ ਪਹਿਲੇ ਦੋ ਪੜਾਅ ਵਿੱਚ ਬੇਮਿਸਾਲ ਕਾਮਯਾਬੀ ਹਾਸਲ ਕਰ ਚੁੱਕੀ ਹੈ। ਇਸੀ ਪ੍ਰੇਰਣਾ ਦੇ ਨਾਲ, ਇਸ ਸਾਲ ਤੀਜੇ ਪੜਾਅ ਨੂੰ ਹੋਰ ਵਿਆਪਕ, ਪ੍ਰਭਾਵਸ਼ਾਲੀ ਅਤੇ ਦੂਰਗਾਮੀ ਦ੍ਰਿਸ਼ਟੀ ਨਾਲ ਅੱਗੇ ਵਧਾਇਆ ਗਿਆ ਹੈ, ਤਾਂ ਜੋ ਇਹ ਮੁਹਿੰਮ ਲਗਾਤਾਰ ਫੈਲਦੀ ਰਹੇ ਅਤੇ ਸਮਾਜ ਵਿੱਚ ਜਾਗਰੂਕਤਾ, ਸੇਵਾ ਅਤੇ ਸਮਰਪਣ ਦੀ ਇੱਕ ਸ਼ਕਤੀਸ਼ਾਲੀ ਲਹਿਰ ਪੈਦਾ ਕਰੇ।
ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਆਦਰਣੀਯ ਸ਼੍ਰੀ ਜੋਗਿੰਦਰ ਸੁਖੀਜਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੱਡਾ ਮੁਹਿੰਮ ਦੇਸ਼ ਭਰ ਦੇ 27 ਰਾਜਾਂ ਅਤੇ ਕੇਂਦਰਸ਼ਾਸ਼ਤ ਪ੍ਰਦੇਸ਼ਾਂ ਵਿੱਚ 900 ਤੋਂ ਵੱਧ ਸ਼ਹਿਰਾਂ ਦੇ 1600 ਤੋਂ ਵੱਧ ਥਾਵਾਂ ‘ਤੇ ਇਕੱਠੇ ਆਯੋਜਿਤ ਕੀਤਾ ਜਾਵੇਗਾ। ਇਸ ਮਹਾਨ ਉਪਰਾਲੇ ਦੀ ਇਹ ਬੇਮਿਸਾਲ ਵਿਅਪਕਤਾ ਇਸ ਨੂੰ ਇਤਿਹਾਸਕ ਰੂਪ ਪ੍ਰਦਾਨ ਕਰੇਗੀ, ਜਿਸ ਰਾਹੀਂ ਪਾਣੀ ਦੇ ਸੰਰੱਖਣ ਅਤੇ ਸਾਫ਼ ਸੁਥਰਾਈ ਦਾ ਸੁਨੇਹਾ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਹਰ ਇੱਕ ਵਿਅਕਤੀ ਤਕ ਪਹੁੰਚੇਗਾ।
ਦਿੱਲੀ ਵਿੱਚ ਇਹ ਮੁਹਿੰਮ ਪਿਛਲੇ ਸਮੇਂ ਦੀ ਤਰ੍ਹਾਂ ‘ਆਓ ਸਵਾਰੇਂ, ਯਮੁਨਾ ਕਿਨਾਰੇ’ ਦੇ ਪ੍ਰੇਰਣਾਦਾਇਕ ਸੁਨੇਹੇ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਸੰਤ ਨਿਰੰਕਾਰੀ ਮਿਸ਼ਨ ਦੇ ਲਗਭਗ 10 ਲੱਖ ਸਮਰਪਿਤ ਸੇਵਾਦਾਰਾਂ ਦੇ ਨਾਲ-ਨਾਲ, ਇੰਦਰਪ੍ਰਸਥ, ਜੇ.ਐੱਨ.ਯੂ. ਅਤੇ ਦਿੱਲੀ ਯੂਨੀਵਰਸਿਟੀ ਵਰਗੀਆਂ ਵੱਖ-ਵੱਖ ਸੰਸਥਾਵਾਂ ਦੇ ਨੌਜਵਾਨ ਵੀ ਮਿਲ ਕੇ ਜਲ ਸੰਰੱਖਣ ਅਤੇ ਸਾਫ਼-ਸੁਥਰਾਈ ਦਾ ਸੁਨੇਹਾ ਪ੍ਰਚਾਰਨਗੇ। ਗੀਤਾਂ ਦੀ ਸੰਗੀਤਮਈ ਪੇਸ਼ਕਸ਼, ਸਮੂਹ ਗਾਇਨ, ਜਾਗਰੂਕਤਾ ਸੈਮੀਨਾਰ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਰਾਹੀਂ ਜਲ-ਜਨਿਤ ਬਿਮਾਰੀਆਂ ਅਤੇ ਸਾਫ਼-ਸੁਥਰਾਈ ਪ੍ਰਤੀ ਹੋਰ ਵਧੇਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਇਹ ਉਪਰਾਲਾ ਕੇਵਲ ਸਫ਼ਾਈ ਤਕ ਸੀਮਿਤ ਨਾ ਰਹਿ ਕੇ, ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਮਾਜ ਦੀ ਭਲਾਈ ਲਈ ਸਕਾਰਾਤਮਕ ਕੰਮ ਕਰਨ ਦੀ ਪ੍ਰੇਰਣਾ ਦੇਣ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਬਣੇਗਾ।
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੀ ਅਕਸਰ ਇਹੀ ਪ੍ਰੇਰਣਾ ਦਿੰਦੇ ਹਨ ਕਿ ਅਸੀਂ ਇਸ ਧਰਤੀ ਨੂੰ ਹੋਰ ਵੀ ਵਧੀਆ ਰੂਪ ਵਿੱਚ ਛੱਡ ਕੇ ਜਾਈਏ। ਇਹ ਮੁਹਿੰਮ ਉਸੀ ਪ੍ਰਣ ਦਾ ਇੱਕ ਜੀਵੰਤ ਰੂਪ ਹੈ, ਜੋ ਸਮਾਜ ਨੂੰ ਜਾਗਰੂਕਤਾ, ਸੇਵਾ ਅਤੇ ਸਮਰਪਣ ਦੀ ਦਿਸ਼ਾ ਵੱਲ ਲੈਜਾਣ ਲਈ ਸਮਰਪਿਤ ਹੈ।