58ਵਾਂ ਨਿਰੰਕਾਰੀ ਸੰਤ ਸਮਾਗਮ ਭਗਤੀ ਦੀ ਮਹਿਕ ਵੰਡਦੇ ਹੋਏ ਸਫਲਤਾ ਪੂਰਵਕ ਸੰਪੰਨ

ਜ਼ਿੰਦਗੀ ਦਾ ਮਕਸਦ ਸਿਰਫ਼ ਪਦਾਰਥਕ ਪ੍ਰਾਪਤੀਆਂ ਹੀ ਨਹੀਂ ਬਲਕਿ ਅਧਿਆਤਮਿਕ ਤਰੱਕੀ ਹੈ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਜੈਤੋ, ਸਰਹਿੰਦ (ਅਸ਼ੋਕ ਧੀਰ/ਰੂਪ ਨਰੇਸ਼): “ਜੀਵਨ ਦਾ ਉਦੇਸ਼ ਕੇਵਲ ਪਦਾਰਥਕ ਪ੍ਰਾਪਤੀਆਂ ਹੀ ਨਹੀਂ ਸਗੋਂ ਅਧਿਆਤਮਿਕ ਤਰੱਕੀ ਹੈ।” ਇਹ ਪ੍ਰਵਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਮਹਾਰਾਸ਼ਟਰ ਦੇ 58ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਤੀਜੇ ਅਤੇ ਸਮਾਪਤੀ ਦੇ ਦਿਨ ਤੇ ਲੱਖਾਂ ਦੀ ਗਿਣਤੀ ‘ਚ ਮੌਜੂਦ ਮਾਨਵ ਪਰਿਵਾਰ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਇਹ ਤਿੰਨ ਦਿਨਾਂ ਸਮਾਗਮ ਰਸਮੀ ਤੌਰ ’ਤੇ ਬੀਤੀ ਰਾਤ ਸਫਲਤਾਪੂਰਵਕ ਸਮਾਪਤ ਹੋ ਗਿਆ।

ਸਤਿਗੁਰੂ ਮਾਤਾ ਜੀ ਨੇ ਅੱਗੇ ਫਰਮਾਇਆ ਕਿ ਮਨੁੱਖਾ ਜੀਵਨ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਕਿਉਂਕਿ ਇਸ ਜੀਵਨ ਵਿੱਚ ਗਿਆਨ ਪ੍ਰਾਪਤੀ ਦੀ ਸਮਰੱਥਾ ਹੈ। ਪ੍ਰਮਾਤਮਾ ਨਿਰਾਕਾਰ ਹੈ ਅਤੇ ਇਸ ਸੱਚ ਨੂੰ ਜਾਣਨਾ ਮਨੁੱਖੀ ਜੀਵਨ ਦਾ ਮੁੱਖ ਟੀਚਾ ਹੋਣਾ ਚਾਹੀਦਾ ਹੈ।

ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਜੀਵਨ ਇੱਕ ਵਰਦਾਨ ਹੈ ਅਤੇ ਇਸ ਦਾ ਹਰ ਪਲ ਪਰਮਾਤਮਾ ਨਾਲ ਜੁੜ ਕੇ ਬਤੀਤ ਕਰਨਾ ਚਾਹੀਦਾ ਹੈ। ਜੀਵਨ ਦੇ ਹਰ ਪਲ ਨੂੰ ਸਹੀ ਦਿਸ਼ਾ ਵਿੱਚ ਜੀਅ ਕੇ ਹੀ ਅਸੀਂ ਆਤਮਿਕ ਸੰਤੁਸ਼ਟੀ ਅਤੇ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ ਅਤੇ ਅਸੀਮ ਵੱਲ ਵਧ ਸਕਦੇ ਹਾਂ।

ਸੰਤ ਨਿਰੰਕਾਰੀ ਮਿਸ਼ਨ ਬਰਾਂਚ ਜੈਤੋ ਦੇ ਮੁਖੀ ਅਸ਼ੋਕ ਧੀਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ 58ਵੇਂ ਸਮਾਗਮ ਦੇ ਦੂਜੇ ਦਿਨ ਦੀ ਸ਼ਾਮ ਨੂੰ ਵਿਸ਼ਾਲ ਰੂਪ ਵਿੱਚ ਹਾਜਰ ਭਗਤਾਂ ਨੂੰ ਸਤਿਗੁਰੂ ਮਾਤਾ ਜੀ ਨੇ ਆਪਣੇ ਪ੍ਰਵਚਨਾਂ ਵਿਚ ਫਰਮਾਇਆ ਕਿ ਸ਼ਰਧਾ ਭਾਵਨਾ ਨਾਲ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ ਕੇ ਸੰਤੁਲਿਤ ਜੀਵਨ ਬਤੀਤ ਕਰਨਾ ਚਾਹੀਦਾ ਹੈ।

ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਪੰਛੀ ਨੂੰ ਉੱਡਣ ਲਈ ਦੋਵੇਂ ਖੰਭਾਂ ਦੀ ਲੋੜ ਹੁੰਦੀ ਹੈ। ਉਸੇ ਤਰ੍ਹਾਂ ਜੀਵਨ ਵਿਚ ਸ਼ਰਧਾ ਦੇ ਨਾਲ-ਨਾਲ ਸਮਾਜਿਕ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ ਬਹੁਤ ਜ਼ਰੂਰੀ ਹਨ। ਜੇਕਰ ਕੋਈ ਕੇਵਲ ਭਗਤੀ ਵਿੱਚ ਹੀ ਮਗਨ ਰਹੇ ਅਤੇ ਆਪਣੇ ਕੰਮ ਤੋਂ ਭੱਜਣ ਦੀ ਕੋਸ਼ਿਸ਼ ਕਰੇ ਤਾਂ ਸੰਤੁਲਿਤ ਜੀਵਨ ਸੰਭਵ ਨਹੀਂ ਹੈ। ਦੂਜੇ ਪਾਸੇ, ਕੇਵਲ ਭੌਤਿਕ ਪ੍ਰਾਪਤੀਆਂ ਦੇ ਪਿੱਛੇ ਦੌੜ ਕੇ ਅਤੇ ਭਗਤੀ ਜਾਂ ਅਧਿਆਤਮਿਕਤਾ ਤੋਂ ਦੂਰ ਰਹਿ ਕੇ ਜੀਵਨ ਸੰਪੂਰਨ ਨਹੀਂ ਹੋ ਸਕਦਾ।

ਸਤਿਗੁਰੂ ਮਾਤਾ ਜੀ ਨੇ ਅੱਗੇ ਦੱਸਿਆ ਕਿ ਅਸਲ ਵਿੱਚ ਭਗਤੀ ਅਤੇ ਜ਼ਿੰਮੇਵਾਰੀਆਂ ਦੀ ਪੂਰਤੀ ਦਾ ਸੰਤੁਲਨ ਤਦ ਹੀ ਸੰਭਵ ਹੈ ਜਦੋਂ ਸਾਡੇ ਜੀਵਨ ਵਿੱਚ ਨੇਕ ਇਰਾਦੇ, ਪ੍ਰਮਾਤਮਾ ਲਈ ਨਿਰਸਵਾਰਥ ਪਿਆਰ ਅਤੇ ਸਮਰਪਿਤ ਭਾਵਨਾ ਨਾਲ ਸੇਵਾ ਕਰਨ ਦਾ ਜਜ਼ਬਾ ਹੋਵੇ। ਕੇਵਲ ਇਲਾਹੀ ਗਿਆਨ ਪ੍ਰਾਪਤ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਇਸ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਵੀ ਜ਼ਰੂਰੀ ਹੈ।

ਸਤਿਗੁਰੂ ਮਾਤਾ ਜੀ ਨੇ ਉਦਾਹਰਨ ਦਿੰਦਿਆਂ ਦੱਸਿਆ ਕਿ ਜਿਸ ਤਰ੍ਹਾਂ ਦੁਕਾਨਦਾਰ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਸੰਤੁਲਨ ਨਾਲ ਕਰਦਾ ਹੈ। ਉਸੇ ਤਰ੍ਹਾਂ ਉਹ ਮੰਗ ਅਨੁਸਾਰ ਸਹੀ ਮਾਪ ਲੈ ਕੇ ਗਾਹਕ ਨੂੰ ਸਾਮਾਨ ਦਿੰਦਾ ਹੈ ਅਤੇ ਵਾਜਬ ਮੁੱਲ ਸਵੀਕਾਰ ਕਰਦਾ ਹੈ। ਆਪਣੇ ਕੰਮ ਵਿੱਚ ਪੂਰਾ ਸੰਤੁਲਨ ਬਣਾਈ ਰੱਖਦਾ ਹੈ। ਇਸੇ ਤਰ੍ਹਾਂ ਭਗਤ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਅਤੇ ਉਸ ਨੂੰ ਧਿਆਨ ਵਿਚ ਰੱਖ ਕੇ ਹਰ ਕੰਮ ਕਰਦਾ ਹੈ। ਸਤਿਸੰਗ, ਸੇਵਾ ਅਤੇ ਸਿਮਰਨ ਨੂੰ ਪਹਿਲ ਦਿੰਦਾ ਹੈ। ਅਸਲ ਵਿਚ ਇਹੀ ਭਗਤੀ ਦਾ ਅਸਲ ਰੂਪ ਹੈ।

ਇਸ ਤੋਂ ਪਹਿਲਾਂ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਭਗਤੀ ਦਾ ਉਦੇਸ਼ ਪ੍ਰਮਾਤਮਾ ਨਾਲ ਪਿਆਰ ਭਰਿਆ ਰਿਸ਼ਤਾ ਕਾਇਮ ਕਰਨਾ ਚਾਹੀਦਾ ਹੈ। ਇਸ ਲਈ ਸੰਤਾਂ ਦੇ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹਨ ਜੋ ਸਾਨੂੰ ਪ੍ਰਮਾਤਮਾ ਨੂੰ ਆਪਣੀ ਆਤਮਾ ਦਾ ਮੂਲ ਰੂਪ ਜਾਣ ਕੇ ਆਪਣੇ ਜੀਵਨ ਨੂੰ ਅਨੰਤ ਸੱਚ ਵੱਲ ਵਧਣ ਦਾ ਉਪਦੇਸ਼ ਦਿੰਦੇ ਹਨ। ਉਹਨਾਂ ਫਰਮਾਇਆ ਕਿ ਸਾਨੂੰ ਆਪਣੀ ਆਸਥਾ ਅਤੇ ਸ਼ਰਧਾ ਨੂੰ ਸੱਚ ਵੱਲ ਮੋੜਨਾ ਚਾਹੀਦਾ ਹੈ ਅਤੇ ਹਰ ਪਲ ਅਤੇ ਕਦਮ ਵਿੱਚ ਪ੍ਰਮਾਤਮਾ ਦੇ ਪਿਆਰ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਤਾਂ ਹੀ ਭਗਤੀ ਦਾ ਵਿਸਥਾਰ ਸੱਚਮੁੱਚ ਸਾਰਥਕ ਹੋਵੇਗਾ।

*ਸਮਾਗਮ ਦੀਆਂ ਕੁਝ ਝਲਕੀਆਂ*

ਕਵੀ ਦਰਬਾਰ:

ਸਮਾਗਮ ਦੇ ਤੀਜੇ ਦਿਨ ਬਹੁ-ਭਾਸ਼ਾਈ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਵਿਸ਼ਾ ਸੀ ‘ਵਿਸਥਾਰ- ਅਸੀਮ ਵੱਲ’ ਮਹਾਰਾਸ਼ਟਰ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ 21 ਕਵੀਆਂ ਨੇ ਮਰਾਠੀ , ਹਿੰਦੀ, ਅੰਗਰੇਜ਼ੀ, ਕੋਂਕਣੀ, ਭੋਜਪੁਰੀ ਆਦਿ ਭਾਸ਼ਾਵਾਂ ਵਿੱਚ ਕਵਿਤਾਵਾਂ ਸੁਣਾ ਕੇ ਮਿਸ਼ਨ ਦੇ ਇਲਾਹੀ ਸੰਦੇਸ਼ ਦਾ ਪ੍ਰਚਾਰ ਕੀਤਾ। ਸਰੋਤਿਆਂ ਵੱਲੋਂ ਕਵੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਸਮਾਗਮ ਦੇ ਪਹਿਲੇ ਦਿਨ ਮੁੱਖ ਕਵੀ ਦਰਬਾਰ ਤੋਂ ਇਲਾਵਾ ਦੂਜੇ ਦਿਨ ਬਾਲ ਕਵੀ ਦਰਬਾਰ ਅਤੇ ਮਹਿਲਾ ਕਵੀ ਦਰਬਾਰ ਦਾ ਛੋਟਾ ਰੂਪ ਵੀ ਕਰਵਾਇਆ ਗਿਆ। ਇਨ੍ਹਾਂ ਦੋਵੇਂ ਮਿੰਨੀ ਕਵਿਤਾ ਦਰਬਾਰ ਪ੍ਰੋਗਰਾਮਾਂ ਵਿੱਚ 6 ਬਾਲ ਕਵੀਆਂ ਅਤੇ 6 ਮਹਿਲਾ ਕਵੀਆਂ ਨੇ ਮਰਾਠੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਕਵਿਤਾਵਾਂ ਸੁਣਾਈਆਂ, ਜਿਨ੍ਹਾਂ ਨੂੰ ਸਰੋਤਿਆਂ ਨੇ ਖੂਬ ਸਲਾਹਿਆ।

ਨਿਰੰਕਾਰੀ ਪ੍ਰਦਰਸ਼ਨੀ:

ਵਿਸਥਾਰ -ਅਸੀਮ ਵੱਲ ‘ਤੇ ਆਧਾਰਿਤ ਨਿਰੰਕਾਰੀ ਪ੍ਰਦਰਸ਼ਨੀ ਸਮਾਗਮ ਦੇ ਦਰਸ਼ਕਾਂ ਲਈ ਮੁੱਖ ਆਕਰਸ਼ਣ ਸੀ। ਇਸ ਅਧਿਆਤਮਿਕ ਪ੍ਰਦਰਸ਼ਨੀ ਨੂੰ ਮੂਲ ਰੂਪ ਵਿਚ ਦੋ ਭਾਗਾਂ ਵਿਚ ਵੰਡਿਆ ਗਿਆ ਸੀ। ਜਿਸ ਦੇ ਪਹਿਲੇ ਹਿੱਸੇ ਵਿਚ ਮਿਸ਼ਨ ਦੇ ਇਤਿਹਾਸ, ਵਿਚਾਰਧਾਰਾ ਅਤੇ ਮੌਜੂਦਾ ਗਤੀਵਿਧੀਆਂ ਤੋਂ ਇਲਾਵਾ ਸਤਿਗੁਰੂ ਵੱਲੋਂ ਦੇਸ਼ ਅਤੇ ਵਿਦੇਸ਼ ਭਰ ਵਿਚ ਕੀਤੀਆਂ ਅਧਿਆਤਮਿਕ ਲੋਕ ਭਲਾਈ ਪ੍ਰਚਾਰ ਯਾਤਰਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਦੂਜੇ ਭਾਗ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੁਆਰਾ ਸਿਹਤ ਅਤੇ ਸਮਾਜ ਭਲਾਈ ਵਿਭਾਗ ਦੀਆਂ ਸਾਰੀਆਂ ਪਹਿਲਕਦਮੀਆਂ ਅਤੇ ਗਤੀਵਿਧੀਆਂ ਨੂੰ ਪ੍ਰਦਰਸ਼ਨੀ ਦਾ ਕੇਂਦਰ ਬਿੰਦੂ ਹੋਣ ਕਰਕੇ, ਪ੍ਰੋਜੈਕਟ ਵਣਨੈੱਸ ਵਨ ਨਾਲ ਸਬੰਧਤ ਕੁਝ ਵਿਸ਼ੇਸ਼ ਮਾਡਲਾਂ ਨਾਲ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪ੍ਰੋਜੈਕਟ ਅੰਮ੍ਰਿਤ ਅਤੇ ਨਿਰੰਕਾਰੀ ਇੰਸਟੀਚਿਊਟ ਆਫ ਮਿਊਜ਼ਿਕ ਐਂਡ ਆਰਟਸ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਵਿਖਾਈ ਦਿੱਤਾ।

ਕਾਇਰੋਪ੍ਰੈਕਟਿਕ ਕੈਂਪ:

ਸਮਾਗਮ ਵਿੱਚ /ਕਾਇਰੋਪ੍ਰੈਕਟਿਕ ਤਕਨੀਕਾਂ ਰਾਹੀਂ ਇੱਕ ਮੁਫਤ ਸਿਹਤ ਲਾਭ ਕੈਂਪ ਲਗਾਇਆ ਗਿਆ। ਇਹ ਤਕਨੀਕ ਰੀੜ੍ਹ ਦੀ ਹੱਡੀ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ। ਇਸ ਟੈਕਨਾਲੋਜੀ ਦੇ ਮਾਧਿਅਮ ਨਾਲ ਹਰ ਰੋਜ਼ ਇੱਕ ਹਜ਼ਾਰ ਦੇ ਕਰੀਬ ਲੋਕ ਸਮਾਗਮ ਵਿੱਚ ਇਸ ਸੇਵਾ ਦਾ ਲਾਭ ਲੈ ਰਹੇ ਸਨ। ਸਮਾਗਮ ਦੇ ਮੈਦਾਨ ਵਿੱਚ ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ, ਫਰਾਂਸ ਅਤੇ ਅਮਰੀਕਾ ਦੇ 18 ਡਾਕਟਰਾਂ ਦੀ ਟੀਮ ਆਪਣੀਆਂ ਨਿਰਸਵਾਰਥ ਸੇਵਾਵਾਂ ਦੇ ਰਹੀ ਸੀ। ਇਸ ਸਾਲ 3500 ਤੋਂ ਵੱਧ ਲੋੜਵੰਦ ਸ਼ਰਧਾਲੂਆਂ ਨੇ ਇਸ ਸਿਹਤ ਸਹੂਲਤ ਦਾ ਲਾਭ ਲਿਆ।

ਮੁਫਤ ਡਿਸਪੈਂਸਰੀ:

ਇਸ ਜਗ੍ਹਾ ‘ਤੇ 60 ਬਿਸਤਰਿਆਂ ਦਾ ਹਸਪਤਾਲ ਬਣਾਇਆ ਗਿਆ ਸੀ। ਜਿੱਥੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਗੰਭੀਰ ਸਮੱਸਿਆ ਹੋਣ ਤੇ ਆਈ ਸੀ ਯੂ ਦੀ ਸੁਵਿਧਾ ਵੀ ਉਪਲੱਬਧ ਸੀ। ਇਸ ਤੋਂ ਇਲਾਵਾ ਸਮਾਗਮ ਵਾਲੀ ਥਾਂ ‘ਤੇ ਤਿੰਨ ਥਾਵਾਂ ‘ਤੇ ਹੋਮਿਓਪੈਥੀ ਡਿਸਪੈਂਸਰੀ ਦੀ ਸਹੂਲਤ ਉਪਲਬਧ ਕਰਵਾਈ ਗਈ ਸੀ। ਜਿਸ ਦਾ ਰੋਜ਼ਾਨਾ 3 ਤੋਂ 4 ਹਜ਼ਾਰ ਲੋੜਵੰਦ ਲੋਕ ਲਾਭ ਉਠਾ ਰਹੇ ਸਨ। ਸਮਾਗਮ ਵਾਲੀ ਥਾਂ ‘ਤੇ 11 ਐਂਬੂਲੈਂਸਾਂ ਰੱਖੀਆਂ ਗਈਆਂ ਸਨ। ਵਾਈ.ਸੀ.ਐਮ.ਏ ਹਸਪਤਾਲ ਅਤੇ ਡੀ.ਵਾਈ.ਪਾਟਿਲ ਹਸਪਤਾਲ ਨੇ ਵੀ ਆਪਣੀਆਂ ਡਿਸਪੈਂਸਰੀਆਂ ਤੇ ਸੇਵਾਵਾਂ ਪ੍ਰਦਾਨ ਕੀਤੀਆਂ। ਇਨ੍ਹਾਂ ਡਿਸਪੈਂਸਰੀਆਂ ਵਿੱਚ 282 ਡਾਕਟਰਾਂ ਦੀ ਟੀਮ ਅਤੇ 450 ਦੇ ਕਰੀਬ ਸੇਵਾਦਲ ਦੇ ਮੈਂਬਰ ਆਪਣੀਆਂ ਸੇਵਾਵਾਂ ਦੇ ਰਹੇ ਸਨ।

ਲੰਗਰ:

ਸਮਾਗਮ ਵਿੱਚ ਹਾਜ਼ਰ ਸਮੂਹ ਸੰਗਤਾਂ ਲਈ ‘ਤਿੰਨ ਥਾਵਾਂ’ ’ਤੇ ਮੁਫ਼ਤ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਜਿੱਥੇ 24 ਘੰਟੇ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਸੀ। ਇਸ ਲੰਗਰ ਵਿੱਚ ਇੱਕੋ ਸਮੇਂ 72 ਕੁਇੰਟਲ ਚੌਲ ਪਕਾਉਣ ਦੀ ਸਮਰੱਥਾ ਸੀ ਅਤੇ 70 ਹਜ਼ਾਰ ਸ਼ਰਧਾਲੂ ਇੱਕੋ ਸਮੇਂ ਭੋਜਨ ਕਰ ਸਕਦੇ ਸਨ। ਇਸ ਤੋਂ ਇਲਾਵਾ 4 ਕੰਟੀਨਾਂ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਸਨੈਕਸ, ਮਿਨਰਲ ਵਾਟਰ, ਚਾਹ-ਕੌਫੀ ਆਦਿ ਬਹੁਤ ਰਿਆਇਤੀ ਦਰਾਂ ‘ਤੇ ਉਪਲਬਧ ਸਨ।

Leave a Reply

Your email address will not be published. Required fields are marked *