ਲੁੱਟਾਂ ਖੋਹਾਂ ਕਰਨ ਵਾਲੇ ਪੰਜ ਮੁਲਜ਼ਮ ਗ੍ਰਿਫਤਾਰ

ਮੁਲਜ਼ਮਾਂ ਤੋਂ ਬਿਨਾਂ ਨੰਬਰ ਵਾਲੇ ਮੋਟਰ ਸਾਈਕਲ ਅਤੇ ਖੋਹੇ ਹੋਏ ਮੋਬਾਈਲ ਫ਼ੋਨ ਬਰਾਮਦ 

ਥਾਣਾ ਮੁਖੀ ਅਰਸ਼ਦੀਪ ਸ਼ਰਮਾਂ ਨੇ ਦਿੱਤੀ ਜਾਣਕਾਰੀ  

ਮੰਡੀ ਗੋਬਿੰਦਗੜ੍ਹ, ਰੂਪ ਨਰੇਸ਼:

ਜ਼ਿਲ੍ਹਾ ਪੁਲਿਸ ਮੁਖੀ ਡਾ.ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਮੰਡੀ ਗੋਬਿੰਦਗੜ੍ਹ ਵਿਖੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਮੁਲਜ਼ਮ ਕਾਬੂ ਕਰ ਕੇ ਉਨ੍ਹਾਂ ਪਾਸੋਂ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਲੋਕਾਂ ਤੋਂ ਖੋਹੇ ਮੋਬਾਈਲ ਫ਼ੋਨ ਅਤੇ ਜੁਰਮ ਕਰਨ ਲਈ ਵਰਤੇ ਦਾਤਰ ਬਰਾਮਦ ਕੀਤੇ ਗਏ ਹਨ।

ਇਹ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮੰਡੀ ਗੋਬਿੰਦਗੜ੍ਹ ਸ੍ਰੀ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਲਈ ਬੱਸ ਸਟੈਂਡ, ਤੂਰਾਂ ਵਿਖੇ ਮੌਜੂਦ ਸੀ। ਜਦੋਂ ਪੁਲਿਸ ਪਾਰਟੀ ਨੂੰ ਇਹ ਇਤਲਾਹ ਮਿਲੀ ਕਿ ਮੰਡੀ ਗੋਬਿੰਦਗੜ੍ਹ ਖੇਤਰ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਰਾਕੇਸ਼ ਕੁਮਾਰ, ਰੇਸ਼ਮ ਸਿੱਧੂ, ਮਨੋਜ ਸਿੰਘ ਅਤੇ ਬੁੱਧੂ ਨਾਥ ਵਾਸੀ ਮਾਸਟਰ ਕਲੋਨੀ ਮੰਡੀ ਗੋਬਿੰਦਗੜ੍ਹ ਅਤੇ ਅਰਜਨ ਸਿੰਘ ਵਾਸੀ ਕੱਚਾ ਸ਼ਾਂਤੀ ਨਗਰ ਮੰਡੀ ਗੋਬਿੰਦਗੜ੍ਹ ਇਕੱਠੇ ਹੋ ਕੇ ਬੇਆਬਾਦ ਢੱਕੀ ਪਿੰਡ ਲਾਡਪੁਰ ਕੋਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ।

ਮਿਲੀ ਜਾਣਕਾਰੀ ਦੇ ਅਧਾਰ ‘ਤੇ ਰੇਡ ਕਰ ਕੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰਨ ਵਾਲੀ ਟੀਮ ਵਿੱਚ ਏ.ਐਸ.ਆਈ. ਕਰਮਜੀਤ ਸਿੰਘ, ਏ.ਐਸ.ਆਈ ਨਾਜਰ ਸਿੰਘ, ਏ.ਐਸ.ਆਈ. ਬਲਜਿੰਦ ਸਿੰਘ, ਹੈਡ ਕਾਂਸਟੇਬਲ ਅਮਰਜੀਤ ਸਿੰਘ, ਸਿਪਾਹੀ ਸੁਖਦੀਪ ਸਿੰਘ, ਪੀਐਚਜੀ ਲਖਬੀਰ ਸਿੰਘ, ਗੁਰਮੁੱਖ ਸਿੰਘ ਸ਼ਾਮਲ ਸਨ।

ਥਾਣਾ ਮੁਖੀ ਸ੍ਰੀ ਅਰਸ਼ਦੀਪ ਸ਼ਰਮਾਂ ਨੇ ਦੱਸਿਆ ਕਿ ਪੰਜਾਬ ਪੁਲੀਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।

ਥਾਣਾ ਮੁਖੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾੜੇ ਅਨਸਰਾਂ ਤੋਂ ਬਿਲਕੁਲ ਨਾ ਘਬਰਾਉਣ ਸਗੋਂ ਡੱਟ ਕੇ ਪੁਲੀਸ ਨੂੰ ਸਹਿਯੋਗ ਦੇਣ ਤਾਂ ਜੋ ਮਾੜੇ ਅਨਸਰਾਂ ਨੂੰ ਕਾਬੂ ਕਰ ਕੇ ਉਹਨਾਂ ਖ਼ਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

ਸ਼੍ਰੀ ਅਰਸ਼ਦੀਪ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਪੁਲੀਸ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ ਤੇ ਸ਼ਹਿਰ ਨੂੰ ਹੋਰ ਸੁਰੱਖਿਅਤ ਬਨਾਉਣ ਹਿਤ ਵੱਖ-ਵੱਖ ਤਕਨੀਕੀ ਪੱਖਾਂ ਉੱਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *