– ਕਾਂਗਰਸ ਸਰਕਾਰ ਮੌਕੇ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਵਿੱਤ ਮੰਤਰੀ ਹੁਣ ਗੱਲ ਸੁਣ ਲਈ ਵੀ ਤਿਆਰ ਨਹੀਂ – ਆਗੂ
ਚੰਡੀਗੜ੍ਹ, 12 ਸਤੰਬਰ (ਰੂਪ ਨਰੇਸ਼) :
ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਬੀਤੀ 1 ਸਤੰਬਰ ਤੋਂ ਸੰਗਰੂਰ ਵਿਖੇ ਭੁੱਖ ਹੜਤਾਲ ਤੇ ਬੈਠੇ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਦੇ ਗੁੱਸਾ ਅੱਜ ਉਸ ਸਮੇਂ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੰਪਿਊਟਰ ਅਧਿਆਪਕਾਂ ਨੂੰ ਚੰਡੀਗੜ੍ਹ ਮੀਟਿੰਗ ਲਈ ਸੱਦ ਕੇ ਆਪ ਕਿਸੇ ਬਾਹਰੀ ਸੂਬੇ ਵਿਚ ਚਲੇ ਗਏ। ਇਸ ਮਗਰੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਸਿੱਖਿਆ ਸਕਤੱਰ ਨਾਲ ਰੋਹ ਭਰੇ ਮਾਹੌਲ ਵਿਚ ਮੀਟਿੰਗ ਹੋਈ ਜਿਨ੍ਹਾਂ ਨੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਆਪਣੀ ਅਸਮਰੱਥਾ ਜਾਹਿਰ ਕੀਤੀ।
ਇਸ ਮੌਕੇ ਮੌਜੂਦ ਕੰਪਿਊਟਰ ਅਧਿਆਪਕ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਵਿੱਤ ਮੰਤਰੀ ਵੱਲੋਂ 20 ਅਗਸਤ ਦੀ ਮੀਟਿੰਗ ਦਿੱਤੀ ਗਈ ਸੀ, ਜਿਸਨੂੰ ਰੱਦ ਕਰਦੇ ਹੋਏ 11 ਸਤੰਬਰ, ਫਿਰ ਉਸਨੂੰ ਵੀ ਰੱਦ ਕਰਦੇ ਹੋਏ ਅੱਜ 12 ਸਤੰਬਰ ਦਾ ਸਮਾਂ ਦਿੱਤਾ ਗਿਆ ਸੀ, ਜਿਸ ਵਿਚ ਵਿਤ ਮੰਤਰੀ ਆਪ ਸ਼ਾਮਿਲ ਨਹੀਂ ਹੋਏ। ਜਾਣਕਾਰੀ ਅਨੁਸਾਰ ਉਹ ਕੇਰਲ ਗਏ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਉਹੀ ਹਰਪਾਲ ਚੀਮਾ ਹਨ ਜੋ ਕਾਂਗਰਸ ਸਰਕਾਰ ਮੌਕੇ ਕੰਪਿਉਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਤਤਕਾਲੀਨ ਸਰਕਾਰ ਨੂੰ ਕੋਸਦੇ ਸਨ, ਅਤੇ ਹੁਣ ਉਹੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਸੁਣਨ ਅਤੇ ਪੂਰਾ ਕਰਨ ਤੋਂ ਪਾਸਾ ਵੱਟ ਗਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਵੀ ਅੱਜ ਤੱਕ ਉਨ੍ਹਾਂ ਦੇ ਨਾਲ਼ ਕੋਈ ਮੀਟਿੰਗ ਨਹੀਂ ਕੀਤੀ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਹੁਣ ਸੰਘਰਸ਼ ਆਰ ਪਾਰ ਦੀ ਲੜਾਈ ਵਿਚ ਤਬਦੀਲ ਹੋਵੇਗਾ ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਸੰਘਰਸ਼ ਦੇ ਅਧੀਨ 14 ਸਤੰਬਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕੀਤਾ ਜਾਵੇਗਾ ਜਿਸ ਵਿਚ ਸੂਬੇ ਭਰ ਤੋਂ ਕੰਪਿਊਟਰ ਅਧਿਆਪਕ ਆਪਣੀਆਂ ਜਾਇਜ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਆਵਾਜ਼ ਬੁਲੰਦ ਕਰਨਗੇ। ਇਸ ਮਗਰੋਂ ਅਗਲੇ ਐਕਸ਼ਨ ਦਾ ਐਲਾਨ ਵੀ ਮੌਕੇ ਤੇ ਹੀ ਕਰ ਦਿੱਤਾ ਜਾਵੇਗਾ।
ਕੀ ਹਨ ਕੰਪਿਊਟਰ ਦੀਆਂ ਅਧਿਆਪਕਾਂ ਦੀਆਂ ਮੰਗਾਂ?
ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨਾਂ ਦੀ ਕੋਈ ਵੀ ਨਵੀਂ ਮੰਗ ਨਹੀਂ ਹੈ। ਉਹਨਾਂ ਦੀ ਮੰਗ ਹੈ ਕਿ ਸਾਲ 2011 ਵਿੱਚ ਉਹਨਾਂ ਨੂੰ ਮਿਲੇ ਰੈਗੂਲਰ ਆਰਡਰਾਂ ਅਨੁਸਾਰ ਉਹਨਾਂ ਦੇ ਸਾਰੇ ਬਣਦੇ ਹੱਕ ਬਹਾਲ ਕੀਤੇ ਜਾਣ, ਉਹਨਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਲਾਭ ਦਿੰਦੇ ਹੋਏ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ। ਜਿਨ੍ਹਾਂ ਕੰਪਿਊਟਰ ਦੀਆਂ ਅਧਿਆਪਕਾਂ ਦੀ ਪਿਛਲੇ ਸਮੇਂ ਦੌਰਾਨ ਕਿਸੇ ਵੀ ਕਾਰਨ ਕਰਕੇ ਮੌਤ ਹੋ ਚੁੱਕੀ ਹੈ ਉਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਬਣਦੀ ਵਿੱਤੀ ਸਹਾਇਤਾ ਦਿੰਦੇ ਹੋਏ ਸਰਕਾਰੀ ਨੌਕਰੀ ਦਿੱਤੀ ਜਾਵੇ। ਕੰਪਿਊਟਰ ਅਧਿਆਪਕਾਂ ਆਗੂਆਂ ਨੇ ਸਪਸ਼ਟ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਬਿਨਾਂ ਸ਼ਰਤ ਨਹੀਂ ਮੰਨ ਲਿਆ ਜਾਂਦਾ ਉਦੋਂ ਤੱਕ ਉਹਨਾਂ ਦਾ ਸੰਘਰਸ਼ ਇੰਜ ਹੀ ਜਾਰੀ ਰਹੇਗਾ ਅਤੇ ਇਸ ਨੂੰ ਸਮੇਂ ਦੇ ਨਾਲ ਨਾਲ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਕੰਪਿਊਟਰ ਅਧਿਆਪਕ ਆਗੂ ਜੌਨੀ ਸਿੰਗਲਾ, ਪਰਮਵੀਰ ਸਿੰਘ, ਪ੍ਰਦੀਪ ਮਲੂਕਾ, ਰਾਜਵੰਤ ਕੌਰ, ਲਖਵਿੰਦਰ ਸਿੰਘ, ਜਸਪਾਲ ਸਿੰਘ, ਨਰਦੀਪ ਸ਼ਰਮਾ ਦੇ ਨਾਲ ਨਾਲ ਵੱਡੀ ਗਿਣਤੀ ਵਿਚ ਕੰਪਿਊਟਰ ਅਧਿਆਪਕ ਆਗੂ ਹਾਜਰ ਸਨ।