ਆਪਣੇ ਹੱਥੀਂ ਰੱਖੇ ਨੀਂਹ ਪੱਥਰ ਨੂੰ ਤੋੜਨ ਨਾਲ ਸਰਕਾਰ ਦੇ ਕੰਮ ਪ੍ਰਤੀ ਕੋਈ ਸ਼ੰਕਾ ਨਹੀਂ ਬਚੀ- ਹਰਸ਼ ਗਰਗ

ਬੱਸੀ ਪਠਾਣਾਂ, ਉਦੇ ਧੀਮਾਨ: ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਆਪਣੇ ਹੱਥੀਂ ਰੱਖੇ ਗਏ ਨੀਂਹ ਪੱਥਰ ਨੂੰ ਭਰੇ ਮਨ ਨਾਲ ਮਜਬੂਰ ਹੋ ਕੇ ਕੱਚ ਵਾਂਗੂੰ ਤੋੜ ਦੇਣ ਨਾਲ ਸਰਕਾਰ ਦੀ ਕਾਰਗੁਜਾਰੀ ਸਾਹਮਣੇ ਆ ਗਈ ਹੈ। ਵਿਧਾਇਕ ਗੁਰਪ੍ਰੀਤ ਗੋਗੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੈ।ਜਦ ਕਿ ਥੋੜੇ ਹੀ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਅਧਿਕਾਰੀਆਂ ਕੋਲ ਵਿਧਾਇਕਾਂ ਦੀ ਪੂਰੀ ਤਰ੍ਹਾਂ ਨਾਲ ਸੁਣਵਾਈ ਹੋਵੇਗੀ।ਪਰ ਸਰਕਾਰ ਦੇ ਕੰਮ ਕਰਨ ਦੀ ਕਿਸੇ ਨੂੰ ਵੀ ਸਮਝ ਨਹੀਂ ਆਉਂਦੀ।ਅਸਲ ‘ਚ ਮੁੱਖ ਮੰਤਰੀ ਸੁਹਿਰਦ ਨਹੀਂ ਹਨ ਕਿ ਵਿਧਾਇਕਾਂ ਦੀ ਸੁਣਵਾਈ ਹੋਵੇ, ਉਹ ਤਾਂ ਸ਼ਾਇਦ ਇਹੋ ਹੀ ਚਾਹੁੰਦੇ ਹਨ ਕਿ ਮੇਰੀ ਹੀ (ਮੁੱਖ ਮੰਤਰੀ ਦੀ ) ਚਾਰੇ ਪਾਸੇ ਚੱਲੇ। ਇੰਨਾ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਯੁਵਾ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਹਰਸ਼ ਗਰਗ ਨੇ ਕੀਤਾ। ਉਨ੍ਹਾਂ ਕਿਹਾ ਨੇ ਕਿ ਪੰਜਾਬ ਅੰਦਰ ਜੰਗਲ ਰਾਜ ਹੈ।ਦਿਨ-ਦਿਹਾੜੇ ਲੁੱਟਾਂ-ਖੋਹਾਂ,ਕਤਲ ਹੋ ਰਹੇ ਹਨ, ਇੱਥੋਂ ਤੱਕ ਕਿ ਕਈ ਵਾਰ ਗੁੰਡਾ ਅਨਸਰ ਘਰਾਂ ‘ਚ ਵੜ੍ਹ ਕੇ ਦਿਨ ਦੇ ਸਮੇਂ ਕਤਲ ਕਰਨ ਤੋਂ ਨਹੀਂ ਡਰਦੇ।ਜਿਸ ਕਾਰਨ ਲੋਕ ਸਹਿਮੇ ਹੋਏ ਆਪਣੇ-ਆਪ ਨੂੰ ਅਣ-ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ।ਇਸ ਲਈ ਪੰਜਾਬ ਦੇ ਲੋਕਾਂ ਕੋਲ ਸਾਰੀਆਂ ਪਾਰਟੀਆਂ ਦਾ ਸਿਆਸੀ ਬਦਲ ਸਿਰਫ਼ ਭਾਰਤੀਯ ਜਨਤਾ ਪਾਰਟੀ ਹੀ ਹੈ। ਕਿਉਂਕਿ ਕਿ ਉਹ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਚੰਗੀ ਤਰ੍ਹਾਂ ਨਾਲ ਪਰਖ ਚੁੱਕੇ ਹਨ।

Leave a Reply

Your email address will not be published. Required fields are marked *