ਫਤਹਿਗੜ੍ਹ ਸਾਹਿਬ, ਰੂਪ ਨਰੇਸ਼:
ਦਾ ਹਿਊਮਨ ਰਾਈਟਸ ਐਂਡ ਐਂਟੀ ਕਰੁਪਸ਼ਨ ਫ਼ਰੰਟ ਰਜਿ.ਪੰਜਾਬ ਵਲੋਂ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜੈਅੰਤੀ, ਸਰਕਾਰੀ ਪਰਾਇਮਰੀ ਸਕੂਲ ਪਿੰਡ ਬੋਰਾਂ ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖ਼ੇ ਮਨਾਈ ਗਈ। ਇਸ ਮੌਕੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਸਟੇਸ਼ਨਰੀ ਵੰਡੀ ਗਈ ਜਿਸ ਵਿੱਚ ਬੈਗ, ਕਾਪੀਆਂ, ਜੁਮੇਟਰੀ ਬਾਕਸ ਆਦਿ ਵੰਡੇ ਗਏ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਫ਼ਰੰਟ ਦੇ ਸੂਬਾ ਪ੍ਰਧਾਨ ਡਾ. ਐਮ ਐਸ ਰੋਹਟਾ ਨੇ ਸਟੇਸ਼ਨੇਰੀ ਵੰਡਣ ਉੱਪਰੰਤ ਆਪਣੇ ਸੰਬੋਧਨ ਚ ਕਿਹਾ ਕਿ ਬਾਬਾ ਸਾਹਿਬ ਨੇ ਪੂਰੇ ਦੇਸ਼ ਲਈ ਕੰਮ ਕੀਤਾ। ਉਨ੍ਹਾਂ ਨੇ ਆਪਣੀ ਇਮਾਨਦਾਰੀ ਤੇ ਸਖ਼ਤ ਮਿਹਨਤ ਕਰਕੇ ਸਾਨੂੰ ਸਾਡੇ ਦੇਸ਼ ਲਈ ਇੱਕ ਬਹੁਤ ਹੀ ਸ਼ਾਨਦਾਰ ਸੰਵਿਧਾਨ ਦਿੱਤਾ। ਬਾਬਾ ਸਾਹਿਬ ਨੇ ਅਨੇਕਾਂ ਕਠਿਨਾਈਆਂ ਝੱਲਣ ਦੇ ਵਾਬਜੂਦ ਆਪਣਾ ਕੱਦ ਇੰਨਾ ਕੁ ਉੱਚਾ ਕੀਤਾ ਕਿ ਅੱਜ ਭਾਰਤ ਤੋਂ ਇਲਾਵਾ ਵਿਦੇਸ਼ ਵਿੱਚ ਵੀ ਉਹਨਾਂ ਨੂੰ ਮਾਣ ਸਨਮਾਨ ਪ੍ਰਾਪਤ ਹੋ ਰਿਹਾ ਹੈ। ਡਾ. ਰੋਹਟਾ ਨੇ ਕਿਹਾ ਕਿ ਬਾਬਾ ਸਾਹਿਬ ਦੇ ਜੀਵਨ ਤੋਂ ਸਾਨੂੰ ਇੱਕ ਨਿਰੋਈ ਤੇ ਅਗਾਂਹਵਧੂ ਪ੍ਰੇਰਨਾ ਮਿਲਦੀ ਹੈ, ਮਿਲਦੀ ਰਹੂਗੀ। ਬਾਬਾ ਸਾਹਿਬ ਨੇ ਪੂਰੇ ਭਾਰਤ ਲਈ ਕੰਮ ਕੀਤਾ ਹੈ, ਉਹਨਾਂ ਨੇ ਗਰੀਬ ਵਰਗ ਦੇ ਸਦੀਆਂ ਤੋਂ ਲੀਤਾੜੇ ਦੱਬੇ ਕੁਚਲੇ ਲੋਕਾਂ ਨੂੰ ਸਨਮਾਨ ਨਾਲ ਜੀਣ ਦਾ ਹੱਕ ਲੈ ਕੇ ਦਿੱਤਾ। ਉਹਨਾਂ ਨੇ ਔਰਤਾਂ ਦੇ ਮਾਨ ਸਨਮਾਨ ਲਈ ਵੀ ਬਹੁਤ ਸ਼ਾਨਦਾਰ ਕਾਨੂੰਨ ਬਣਾਏ। ਬਾਬਾ ਸਾਹਿਬ ਨੇ ਕਿਹਾ ਸੀ ਕਿ ਪੜ੍ਹੋ ਤੇ ਆਪਣੇ ਭਵਿੱਖ ਨੂੰ ਹਮੇਸ਼ਾਂ ਲਈ ਰੋਸ਼ਨ ਕਰੋ। ਇੱਕ ਵਿਦਿਆ ਹੀ ਹੈ ਜੋ ਇਨਸਾਨ ਦੀ ਆਰਥਿਕ ਦਸ਼ਾ ਨੂੰ ਸੁਧਾਰ ਸਕਦੀ ਹੈ ਕਿਓਂਕਿ ਸਿੱਖਿਆ ਸ਼ੇਰਨੀ ਦਾ ਦੁੱਧ ਹੈ ਜੋ ਪੀਂਦਾ ਹੈ ਉਹ ਦਹਾੜਦਾ ਹੈ। ਡਾ. ਰੋਹਟਾ ਨੇ ਕਿਹਾ ਕਿ ਅੱਜ ਦੇ ਮੁੱਖ ਮਹਿਮਾਨ ਸ. ਨੀਲਮਦੀਪ ਸਿੰਘ ਮਝੈਲ ਸਨ ਪਰੰਤੂ ਉਹ ਕਿਸੇ ਕਾਰਨ ਨਹੀਂ ਆ ਸਕੇ। ਮਝੈਲ ਸਾਹਿਬ ਵਲੋਂ ਇਸ ਪ੍ਰੋਗਰਾਮ ਲਈ ਵਿੱਤੀ ਮੱਦਦ ਕੀਤੀ ਗਈ ਸੀ।
ਇਸ ਮੌਕੇ ਫ਼ਰੰਟ ਦੇ ਸੂਬਾ ਚੇਅਰਮੈਨ ਵੈਦ ਧਰਮ ਸਿੰਘ, ਖਜਾਨਚੀ ਹੰਸ ਰਾਜ ਤਾਲਣੀਆਂ, ਮੀਤ ਪ੍ਰਧਾਨ ਸੇਵਾ ਮੁਕਤ ਕੈਪਟਨ ਹਰਭਜਨ ਸਿੰਘ ਚੀਮਾ, ਜੋਇੰਟ ਸੈਕ੍ਰੇਟਰੀ ਡਾ. ਕੁਲਦੀਪ ਸਿੰਘ ਮੁਲਾਂਪੁਰ, ਗੁਰਸੇਵਕ ਸਿੰਘ ਮਜਾਤ, ਜਿਲ੍ਹਾ ਮੋਹਾਲੀ ਪ੍ਰਧਾਨ ਹਜ਼ਾਰਾ ਸਿੰਘ,ਉਘੇ ਸਮਾਜ ਸੇਵਕ ਗੁਰਮੀਤ ਸਿੰਘ ਕੁੰਭੜਾ, ਸੇਵਾ ਮੁਕਤ ਕੈਪਟਨ ਅਮਰੀਕ ਸਿੰਘ, ਸਕੂਲ ਦੀ ਮੁੱਖ ਅਧਿਆਪਕਾ ਮੈਡਮ ਚਰਨਜੀਤ ਕੌਰ, ਮੈਡਮ ਗੁਰਮੀਤ ਕੌਰ, ਆਂਗਣਵਾੜੀ ਵਰਕਰ ਹਰਜੀਤ ਕੌਰ, ਅਮਰੀਕ ਕੌਰ, ਕੁੱਕ ਨਿਰਵੈਰ ਕੌਰ ਆਦਿ ਹਾਜ਼ਰ ਸਨ।