
ਸ਼ਹੀਦੀ ਸਭਾ ਦੌਰਾਨ 20 ਆਮ ਆਦਮੀ ਕਲੀਨਿਕ, 7 ਡਿਸਪੈਂਸਰੀਆਂ, 41 ਐਂਬੂਲੈਂਸਾਂ ਦੇ ਨਾਲ ਨਾਲ 24 ਘੰਟੇ ਐਮਰਜੈਂਸੀ ਸਿਹਤ ਸੇਵਾਵਾਂ ਉਪਲਬੱਧ ਰਹਿਣਗੀਆਂ : ਡਾ. ਬਲਬੀਰ ਸਿੰਘ
ਸ਼ਹੀਦੀ ਸਭਾ ਨੂੰ ਸਮਰਪਿਤ ਦੋ ਰੋਜ਼ਾ ਖੂਨਦਾਨ ਕੈਂਪ 25 ਤੇ 26 ਦਸੰਬਰ ਨੂੰ ਲੱਗੇਗਾ: ਡਾ. ਬਲਬੀਰ ਸਿੰਘ
ਹੈਲਪਲਾਈਨ ਨੰਬਰ 104 'ਤੇ ਮਿਸ ਕਾਲ ਕਰਕੇ ਖੂਨਦਾਨੀ ਵਜੋਂ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ
ਸ਼ਹੀਦੀ ਸਭਾ ਦੌਰਾਨ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾਈ
ਸਿਹਤ ਮੰਤਰੀ ਨੇ ਸ਼ਹੀਦੀ ਸਭਾ ਦੌਰਾਨ ਲੱਗਣ ਵਾਲੇ ਵਿਸ਼ਾਲ ਖੂਨਦਾਨ ਕੈਂਪ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ
ਫਤਹਿਗੜ੍ਹ ਸਾਹਿਬ, 24 ਦਸੰਬਰ:
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਜਿਥੇ ਪੰਜਾਬ ਸਰਕਾਰ ਦੀ ਤਰਫੋ਼ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਨੂੰ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ ਉਥੇ ਹੀ ਅੰਗਦਾਨ ਤੇ ਖੂਨਦਾਨ ਕਰਨ ਦੀ ਮੁਹਿੰਮ ਨੂੰ ਲੋਕ ਲਹਿਰ ਵਜੋਂ ਪ੍ਰਫੁਲਿਤ ਕਰਨ ਦਾ ਆਗਾਜ਼ 25 ਦਸੰਬਰ ਨੂੰ ਸ਼ਹੀਦਾਂ ਦੀ ਇਸ ਮਹਾਨ ਧਰਤੀ ਤੋਂ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਿਵਲ ਹਸਪਤਾਲ ਵਿਖੇ ਸ਼ਹੀਦੀ ਸਭਾ ਮੌਕੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਚਲਾਈਆਂ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਕੀਤਾ।
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਸ਼ਹੀਦੀ ਸਭਾ ਦੌਰਾਨ 25 ਤੇ 26 ਦਸੰਬਰ ਨੂੰ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਸ਼ਰਧਾਲੂ, ਵਿਦਿਆਰਥੀ ਜਾਂ ਨਾਗਰਿਕ ਆਪਣੇ ਆਪ ਨੂੰ ਖੂਨਦਾਨੀ ਵਜੋ਼ ਰਜਿਸਟਰ ਕਰਵਾਉਣ ਲਈ ਹੈਲਪਲਾਈਨ ਨੰਬਰ 104 ਉਤੇ ਮਿਸ ਕਾਲ ਕਰ ਸਕਦਾ ਹੈ ਅਤੇ ਸਬੰਧਤ ਨਾਗਰਿਕ ਦੀ ਰਜਿਸਟਰੇਸ਼ਨ ਹੋਣ ਤੋਂ ਬਾਅਦ ਉਸ ਦਾ ਨਾਮ ਖੂਨਦਾਨੀ ਵਲੰਟੀਅਰਾਂ ਦੀ ਸੂਚੀ ਵਿੱਚ ਦਰਜ ਕਰ ਲਿਆ ਜਾਵੇਗਾ ਅਤੇ ਲੋੜ ਪੈਣ ਤੇ ਹੀ ਖੂਨਦਾਨ ਕਰਵਾਇਆ ਜਾਵੇਗਾ। ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਕਿ ਸ਼ਹੀਦੀ ਸਭਾ ਦੇ ਪਵਿੱਤਰ ਦਿਹਾੜੇ ਮੌਕੇ ਸਾਰਿਆਂ ਨੂੰ ਜਿੰਦਗੀ ਵਿੱਚ ਘੱਟੋ ਘੱਟ ਇੱਕ ਵਾਰ ਜ਼ਰੂਰ ਖੂਨਦਾਨ ਕਰਨ ਅਤੇ ਮਰਨ ਉਪਰੰਤ ਅੰਗ ਦਾਨ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ ਤਾਂ ਜੋ ਜੀਵਨ ਵਿੱਚ ਅਤੇ ਮਰਨ ਤੋਂ ਬਾਅਦ ਵੀ ਹੋਰਨਾਂ ਦੀ ਕੀਮਤੀ ਜਿੰਦਗੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੂਨਦਾਨ ਤੇ ਅੰਗਦਾਨ ਕਰਨ ਦੀ ਮੁਹਿੰਮ ਵਿੱਚ ਸਰਗਰਮ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਖੂਨਦਾਨੀ ਵਜੋਂ ਰਜਿਸਟਰੇਸ਼ਨ ਕਰਵਾਉਣਾ ਚਾਹੀਦਾ ਹੈ।
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸ਼ਹੀਦੀ ਸਭਾ ਦੇ ਖੇਤਰ ਵਿੱਚ ਹਰ 500 ਮੀਟਰ ਦੀ ਦੂਰੀ ਉਤੇ ਆਮ ਆਦਮੀ ਕਲੀਨਿਕਾਂ ਨੂੰ ਸਥਾਪਤ ਕੀਤਾ ਗਿਆ ਹੈ ਜਿਥੋ ਸਵੇਰ ਤੋਂ ਸ਼ਾਮ ਤੱਕ ਕੋਈ ਵੀ ਸ਼ਰਧਾਲੂ ਲੋੜ ਪੈਣ ਤੇ ਮਾਹਿਰ ਡਾਕਟਰਾਂ ਦੀ ਸਲਾਹ ਅਨੁਸਾਰ ਦਵਾਈ ਮੁਫ਼ਤ ਪ੍ਰਾਪਤ ਕਰ ਸਕੇਗਾ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਟੈਸਟ ਦੀ ਸੁਵਿਧਾ ਵੀ ਬਿਲਕੁਲ ਮੁਫ਼ਤ ਹੋਵੇਗੀ। ਉਨ੍ਹਾਂ ਦੱਸਿਆ ਕਿ 7 ਡਿਸਪੈਂਸਰੀਆਂ ਤੋਂ ਇਲਾਵਾ 41 ਐਬੂਲੈਂਸਾਂ 24 ਘੰਟੇ ਸੇਵਾਵਾਂ ਪ੍ਰਦਾਨ ਕਰਨ ਲਈ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ 24 ਘੰਟੇ ਹਰ ਤਰ੍ਹਾਂ ਦੀਆਂ ਐਮਰਜੈਸੀ ਇਲਾਜ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਤੋ਼ ਵੀ 20 ਮਾਹਿਰ ਡਾਕਟਰ ਤਾਇਨਾਤ ਕੀਤੇ ਗਏ ਹਨ ਜਿਹੜੇ ਸਰਕਾਰੀ ਮੈਡੀਕਲ ਕਾਲਜ ਨਾਲ ਤਾਲਮੇਲ ਵਿੱਚ ਰਹਿਣਗੇ ਅਤੇ ਕ੍ਰਿਟੀਕਲ ਕੇਅਰ ਦੇ ਮਾਮਲਿਆਂ ਵਿੱਚ ਸੇਵਾਵਾਂ ਦੇਣਗੇ। ਉਨ੍ਹਾਂ ਕਿਹਾ ਕਿ ਸਾਰੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਵੀ 24 ਘੰਟੇ ਡਾਕਟਰੀ ਸੇਵਾਵਾਂ ਉਪਲਬਧ ਰਹਿਣਗੀਆਂ ਤੇ ਮੈਡੀਕਲ ਸਟਾਫ਼ ਵੀ ਪੂਰੀ ਸ਼ਰਧਾ ਨਾਲ ਸੰਗਤ ਦੀ ਸੇਵਾ ਕਰ ਰਿਹਾ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਬਹੁਤ ਜਲਦੀ ਹੀ ਕ੍ਰਿਟੀਕਲ ਕੇਅਰ ਬਲਾਕ ਵੀ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਸਥਾਪਤ ਕੀਤਾ ਜਾਵੇਗਾ। ਇਸ ਉਪਰੰਤ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਸਮੇਤ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 25 ਤੇ 26 ਦਸੰਬਰ ਨੂੰ ਲਗਾਏ ਜਾਣ ਵਾਲੇ ਖੂਨਦਾਨ ਕੈਂਪਾਂ ਦੇ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ।
——————————
This news is auto published from an agency/source and may be published as received.
