ਸ਼ਹੀਦੀ ਸਭਾ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ 5 ਕੰਟਰੋਲ ਰੂਮ ਸਥਾਪਤ

ਸ਼ਹੀਦੀ ਸਭਾ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ 5 ਕੰਟਰੋਲ ਰੂਮ ਸਥਾਪਤ

24 ਘੰਟੇ ਮੁਸਤੈਦ ਰਹਿਣਗੇ ਬਿਜਲੀ ਕਰਮਚਾਰੀ

ਖੁੱਲ੍ਹੀਆਂ ਤਾਰਾਂ ਅਤੇ ਢਿੱਲੀਆਂ ਤਾਰਾਂ ਨੂੰ ਕੀਤਾ ਦਰੁਸਤ

ਫ਼ਤਿਹਗੜ੍ਹ ਸਾਹਿਬ, 24 ਦਸੰਬਰ:

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 'ਸ਼ਹੀਦੀ ਸਭਾ' ਦੌਰਾਨ ਸੰਗਤਾਂ ਅਤੇ ਲੰਗਰ ਕਮੇਟੀਆਂ ਦੀ ਸਹੂਲਤ ਲਈ ਪਾਵਰਕਾਮ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਵਧੀਕ ਨਿਗਰਾਨ ਇੰਜੀਨੀਅਰ ਅਮਨਦੀਪ ਸਿੰਘ ਢੀਂਡਸਾ ਨੇ ਦੱਸਿਆ ਕਿ ਸਭਾ ਦੌਰਾਨ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਿਸ਼ੇਸ਼ ਯੋਜਨਾ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦੀ ਸਭਾ ਦੇ ਖੇਤਰ ਨੂੰ ਵੱਖ-ਵੱਖ ਜ਼ੋਨਾਂ ਵਿੱਚ ਵੰਡ ਕੇ 5 ਅਤਿ-ਆਧੁਨਿਕ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਜੋ ਕਿ ਸਿੱਧੇ ਤੌਰ 'ਤੇ ਮੁੱਖ ਦਫ਼ਤਰ ਨਾਲ ਜੁੜੇ ਰਹਿਣਗੇ ਤਾਂ ਜੋ ਕਿਸੇ ਵੀ ਤਕਨੀਕੀ ਨੁਕਸ ਨੂੰ ਤੁਰੰਤ ਠੀਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹਰੇਕ ਸੈਂਟਰ ਵਿੱਚ ਇੱਕ ਐਸਡੀਓ ਨਿਗਰਾਨੀ ਕਰੇਗਾ। ਇਸ ਤੋਂ ਇਲਾਵਾ ਇੱਕ ਹੋਰ ਐਸਡੀਓ ਦੀ ਡਿਊਟੀ ਇਨ੍ਹਾਂ 5 ਸੈਂਟਰਾਂ ਦੀ ਓਵਰ ਆਲ ਨਿਗਰਾਨੀ ਲਈ ਲਗਾਈ ਗਈ ਹੈ।

ਢੀਂਡਸਾ ਨੇ ਦੱਸਿਆ ਕਿ ਬਿਜਲੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਟੀਮਾਂ, ਸ਼ਿਫਟਾਂ ਵਿੱਚ 24 ਘੰਟੇ ਤਾਇਨਾਤ ਰਹਿਣਗੀਆਂ। ਹਰੇਕ ਕੰਟਰੋਲ ਰੂਮ ਵਿੱਚ ਤਜਰਬੇਕਾਰ ਲਾਈਨਮੈਨ ਅਤੇ ਜੇ.ਈ. ਵੀ ਹਾਜ਼ਰ ਰਹਿਣਗੇ। ਉਨ੍ਹਾਂ ਦੱਸਿਆ ਕਿ ਸੰਗਤ ਦੇ ਭਾਰੀ ਇਕੱਠ ਅਤੇ ਲੰਗਰਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਵਾਧੂ ਟ੍ਰਾਂਸਫਾਰਮਰ ਅਤੇ ਮੋਬਾਈਲ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਲੋਡ ਵਧਣ 'ਤੇ ਸਪਲਾਈ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਖੁੱਲ੍ਹੀਆਂ ਤਾਰਾਂ ਅਤੇ ਢਿੱਲੀਆਂ ਤਾਰਾਂ ਨੂੰ ਪਹਿਲਾਂ ਹੀ ਦਰੁਸਤ ਕਰ ਦਿੱਤਾ ਗਿਆ ਹੈ।

ਵਧੀਕ ਨਿਗਰਾਨ ਇੰਜੀਨੀਅਰ ਨੇ ਦੱਸਿਆ ਕਿ ਸ਼ਹੀਦੀ ਸਭਾ ਇੱਕ ਪਵਿੱਤਰ ਮੌਕਾ ਹੈ ਅਤੇ ਵਿਭਾਗ ਦਾ ਮਨੋਰਥ ਹੈ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਬਿਜਲੀ ਸਬੰਧੀ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਨੇ ਲੰਗਰ ਕਮੇਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਿਜਲੀ ਦੀ ਵਰਤੋਂ ਕਰਦੇ ਸਮੇਂ ਸੁਰੱਖਿਆ ਨਿਯਮਾਂ ਦਾ ਪਾਲਣ ਕਰਨ ਅਤੇ ਕਿਸੇ ਵੀ ਐਮਰਜੈਂਸੀ ਦੀ ਸੂਰਤ ਵਿੱਚ ਨਜ਼ਦੀਕੀ ਕੰਟਰੋਲ ਰੂਮ ਨਾਲ ਸੰਪਰਕ ਕਰਨ।

——————————
This news is auto published from an agency/source and may be published as received.

Leave a Reply

Your email address will not be published. Required fields are marked *