
ਗੁਰਦੁਆਰਾ ਜੋਤੀ ਸਰੂਪ ਵਿਖੇ ਨਤਮਸਤਕ ਹੋਏ ਸੰਤ ਸੀਚੇਵਾਲ
ਵੀਰ-ਬਾਲ ਦਿਵਸ ਦਾ ਨਾਂਅ ਬਦਲਣ ਲਈ ਮੁੜ ਕੀਤੀ ਅਪੀਲ
ਫਤਿਹਗੜ੍ਹ ਸਾਹਿਬ ਦੇ ਚੌਗਿਰਦੇ ਨੂੰ ਹਰਿਆ ਭਰਿਆ ਬਣਾਉਣ ਲਈ ਸੰਤ ਸੀਚੇਵਾਲ ਰਹਿਣਗੇ ਯਤਨਸ਼ੀਲ
ਫਤਿਹਗੜ੍ਹ ਸਾਹਿਬ/ਸੁਲਤਾਨਪੁਰ ਲੋਧੀ, 23 ਦਸੰਬਰ:
ਸਰਹੰਦ ਦੀ ਪਵਿੱਤਰ ਧਰਤੀ 'ਤੇ ਸਥਿਤ ਗੁਰਦੁਆਰਾ ਜੋਤੀ ਸਰੂਪ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਨੇ ਨਤਮਸਤਕ ਹੋ ਕੇ ਅਰਦਾਸ ਕੀਤੀ। ਸੰਤ ਸੀਚੇਵਾਲ ਨੇ ਗੁਰਸੰਗਤਾਂ ਵੱਲੋਂ ਰੁਮਾਲਾ ਸਾਹਿਬ ਭੇਟ ਕਰਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ ਕੀਤਾ।
ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜਿਹੜਾ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਾਪਤ ਹੋਇਆ ਸੀ, ਉਸ ਦੇ ਆਦੇਸ਼ 'ਤੇ ਉਨ੍ਹਾਂ ਨੇ ਸਰਦ ਰੁੱਤ ਦੇ ਸ਼ੈਸ਼ਨ ਦੌਰਾਨ 9 ਦਸੰਬਰ ਨੂੰ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਬਾਲ ਵਿਕਾਸ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ "ਵੀਰ-ਬਾਲ ਦਿਵਸ" ਦਾ ਨਾਂਅ ਬਦਲ ਕੇ "ਸਾਹਿਬਜ਼ਾਦੇ ਸ਼ਹਾਦਤ ਦਿਵਸ" ਰੱਖਿਆ ਜਾਵੇ। ਉਨ੍ਹਾਂ ਨੇ ਸਰਹੰਦ ਦੀ ਪਵਿੱਤਰ ਧਰਤੀ ਤੋਂ ਮੁੜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਨਾਂਅ ਬਦਲਿਆ ਜਾਵੇ।
ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਨੂੰ ਪਾਰਲੀਮੈਂਟ ਵਿੱਚ ਸਿਫਰ ਕਾਲ ਰਾਹੀ 15 ਦਸੰਬਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਭਾਜਪਾ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਇਸ ਮੱਦੇ ਨੂੰ ਉਠਾਇਆ ਨਹੀਂ ਜਾ ਸਕਿਆ। 19 ਦਸੰਬਰ ਤੱਕ ਹੋਣ ਵਾਲੇ ਸ਼ੈਸ਼ਨ ਵਿੱਚ ਇਹ ਮੱਦਾ ਚੁੱਕਣ ਲਈ 18 ਦਸੰਬਰ ਨੂੰ ਪਾਰਲੀਮੈਂਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਸਿੱਖ ਜਗਤ ਇਸ ਨਾਂਅ ਦਾ ਪਹਿਲੇ ਦਿਨ ਤੋਂ ਹੀ ਵਿਰੋਧ ਕਰ ਰਿਹਾ ਹੈ, ਕਿਉਂਕਿ "ਵੀਰ-ਬਾਲ" ਦਿਵਸ ਇਸ ਤਰੀਕੇ ਨਾਲ ਨਹੀਂ ਮਨਾਇਆ ਜਾ ਸਕਦਾ ਜਿਸ ਤਰ੍ਹਾਂ ਸਿੱਖ ਕੌਮ ਲਈ ਇਹ ਸਮਰਪਿਤ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਤੱਕ ਇਹ ਨਾਂਅ ਬਦਲਿਆ ਨਹੀਂ ਜਾਂਦਾ, ਤਦ ਤੱਕ ਇਹ ਵਿਰੋਧ ਜਾਰੀ ਰਹੇਗਾ। ਉਹਨਾਂ ਦਾ ਕਹਿਣਾ ਸੀ ਕਿ ਸਾਹਿਬਜ਼ਾਦੇ ਸਿੱਖ ਕੌਮ ਦੇ ਸਤਿਕਾਰਯੋਗ ਬਾਬੇ ਹਨ, ਅਤੇ ਉਹਨਾਂ ਨੂੰ "ਬਾਲ" ਦੇ ਤੌਰ ਤੇ ਨਹੀਂ ਜਾਣਿਆ ਜਾ ਸਕਦਾ।
ਉਨਾਂ ਜ਼ੋਰ ਦੇ ਕੇ ਕਿਹਾ ਕਿ ਸਰਹੰਦ ਦੀ ਕਚਹਿਰੀ ਵਿੱਚ ਜਿੱਥੇ ਵਜ਼ੀਰਖਾਨ ਅੱਗੇ ਇਨ੍ਹਾਂ ਛੋਟੇ ਸਾਹਿਬਜ਼ਾਦਿਆਂ ਨੇ ਦਲੇਰੀ ਅਤੇ ਨਿਡਰਤਾ ਨਾਲ ਆਪਣੇ ਧਰਮ ਅਤੇ ਕੌਮ ਦੀ ਰੱਖਿਆ ਕੀਤੀ, ਉਹ ਕੋਈ ਛੋਟੀ ਉਮਰ ਦੇ ਬੱਚੇ ਨਹੀਂ ਕਰ ਸਕਦੇ। ਉਨ੍ਹਾਂ ਦੀ ਦਾਦੀ ਮਾਤਾ ਗੁਜਰੀ ਜੀ ਨੇ ਉਨ੍ਹਾਂ ਦੇ ਦਾਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਜਿਹੜੀ ਪ੍ਰੇਰਨਾ ਦਿੱਤੀ ਸੀ, ਉਸ ਤੇ ਛੋਟੇ ਸਾਹਿਬਜ਼ਾਦੇ ਇਸ ਵਿੱਚ ਪੂਰੀ ਤਰ੍ਹਾਂ ਖਰੇ ਉਤਰੇੇ ਸਨ।

ਸੰਤ ਸੀਚੇਵਾਲ ਨੇ ਇਹ ਵੀ ਕਿਹਾ ਕਿ ਸਿੱਖ ਕੌਮ ਲਈ ਇਹ ਸ਼ਹਾਦਤ ਲਾਸਾਨੀ ਹੈ, ਅਤੇ ਇਸ ਦਿਹਾੜੇ ਨੂੰ ਉਸੇ ਸਤਿਕਾਰ ਨਾਲ ਮਨਾਉਣ ਦੀ ਲੋੜ ਹੈ। ਇਹ ਸ਼ਹਾਦਤ ਜ਼ੁਲਮ ਦੇ ਖਿਲਾਫ ਬੋਲਣ ਦਾ ਸਪੱਸ਼ਟ ਪ੍ਰਗਟਾਵਾ ਹੈ। ਸੰਤ ਸੀਚੇਵਾਲ ਨੇ ਆਖਰ ਵਿਚ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਚੌਗਿਰਦੇ ਨੂੰ ਹਰਿਆ ਭਰਿਆ ਬਣਾਉਣ ਲਈ ਯਤਨਸ਼ੀਲ ਰਹਿਣਗੇ।
——————————
This news is auto published from an agency/source and may be published as received.
