ਸਾਬਕਾ ਜਥੇਦਾਰ ਅਤੇ ਵਲਟੋਹਾ ਸਮੇਤ 5 ਸ਼ਖ਼ਸੀਅਤਾਂ ਨੂੰ ਮਿਲੀ ਮੁਆਫ਼ੀ, ਪਾਬੰਦੀਆਂ ਖ਼ਤਮ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਦੀ ਮੁਆਫ਼ੀ ਕਬੂਲ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਲਾਈ ਤਨਖ਼ਾਹ ਯੂ.ਕੇ. ਦੇ ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੂੰ ਵੀ ਦਿਤੀ ਮੁਆਫ਼ੀ

ਅੰਮ੍ਰਿਤਸਰ, 9 ਦਸੰਬਰ (ਨਿਊਜ਼ ਟਾਊਨ ਨੈਟਵਰਕ): ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿਚ ਜਥੇਦਾਰ ਨੇ ਕਈ ਅਹਿਮ ਸੁਣਾਏ ਹਨ, ਜਿਸ ਵਿਚ ਸਿਆਸੀ ਆਗੂਆਂ, ਸਾਬਕਾ ਜਥੇਦਾਰਾਂ ਅਤੇ ਵਿਦਵਾਨਾਂ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਏ ਫ਼ੈਸਲਿਆਂ ਦੇ ਸਬੰਧ 'ਚ ਕੁੱਝ ਲੋਕਾਂ ਵਲੋਂ ਪੇਸ਼ ਹੋ ਕੇ ਮੁਅਫ਼ੀਆਂ ਮੰਗੀਆਂ ਗਈਆਂ ਹਨ। ਇਸ ਦੌਰਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ, ਜਸਵੰਤ ਸਿੰਘ ਜ਼ਫਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸਮੇਤ 5 ਜਣੇ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਪੇਸ਼ ਹੋਏ। ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਵਿਰਸਾ ਸਿੰਘ ਵਲਟੋਹਾ ਨੇ ਮੁਆਫ਼ੀ ਮੰਗੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਲਟੋਹਾ ਨੂੰ ਸਪੱਸ਼ਟ ਆਦੇਸ਼ ਦਿਤਾ ਕਿ ਉਹ ਧਾਰਮਿਕ ਸ਼ਖ਼ਸੀਅਤਾਂ ਬਾਰੇ ਕੋਈ ਬਿਆਨਬਾਜ਼ੀ ਨਾ ਕਰਨ। ਵਿਰਸਾ ਸਿੰਘ ਵਲਟੋਹਾ 'ਤੇ ਲੱਗੀ 10 ਸਾਲ ਲਈ ਅਕਾਲੀ ਦਲ ਵਿਚੋਂ ਕੱਢੇ ਜਾਣ ਦੀ ਪਾਬੰਦੀ ਹਟਾ ਦਿਤੀ ਗਈ ਹੈ। ਇਸ ਪਾਬੰਦੀ ਨੂੰ ਹਟਾਉਣ ਦੇ ਨਾਲ ਵਲਟੋਹਾ ਦਾ ਅਕਾਲੀ ਦਲ ਵਿਚ ਮੁੜ ਸ਼ਾਮਲ ਹੋਣ ਦਾ ਰਸਤਾ ਹੁਣ ਖੁੱਲ੍ਹ ਗਿਆ ਹੈ। ਵਿਰਸਾ ਸਿੰਘ ਵਲਟੋਹਾ ਨੇ ਅਕਤੂਬਰ 2024 ’ਚ ਪੰਥ ਦੀਆਂ ਸਿਰਮੌਰ ਸ਼ਖ਼ਸੀਅਤਾਂ ਵਿਰੁਧ ਬਿਆਨਬਾਜ਼ੀ ਕੀਤੀ ਸੀ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵਿਰਸਾ ਸਿੰਘ ਵਲਟੋਹਾ ਦੀ ਮੁਆਫ਼ੀ ਕਬੂਲ ਕੀਤੀ ਅਤੇ ਧਾਰਮਿਕ ਸਜ਼ਾ ਲਗਾਉਂਦੇ ਹੋਏ 3 ਦਿਨ ਸ੍ਰੀ ਦਰਬਾਰ ਸਾਹਿਬ ’ਚ ਜੂਠੇ ਭਾਂਡੇ ਮਾਂਜਣਗੇ ,ਇਕ ਘੰਟਾ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਲਗਾਈ ਗਈ ਅਤੇ 11 ਦਿਨ ਰੋਜ਼ਾਨਾ ਗੁਰਬਾਣੀ ਦਾ ਜਾਪ ਕਰਨਗੇ। ਧਾਰਮਿਕ ਸਜ਼ਾ ਪੂਰੀ ਹੋਣ ਮਗਰੋਂ 1100 ਰੁਪਏ ਦੀ ਦੇਗ ਤੇ 1100 ਰੁਪਏ ਗੋਲਕ ’ਚ ਪਾਉਣ ਦੇ ਆਦੇਸ਼ ਦਿਤੇ ਗਏ ਹਨ। ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਸਮੁੱਚੀ ਕੌਮ ਤੋਂ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੇ ਗੁਨਾਹ ਦੀ ਮੁਆਫ਼ੀ ਮੰਗੀ ਹੈ। ਸਤੰਬਰ 2015 ’ਚ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਨੇ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦਿਤੀ ਸੀ। ਗਿਆਨੀ ਗੁਰਬਚਨ ਸਿੰਘ ਨੂੰ ਵੀ ਧਾਰਮਿਕ ਸਜ਼ਾ ਲਗਾਈ ਗਈ ਹੈ। ਗਿਆਨੀ ਗੁਰਬਚਨ ਸਿੰਘ 2 ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ 'ਚ ਰੋਜ਼ਾਨਾ ਇਕ ਘੰਟਾ ਜੂਠੇ ਬਰਤਨ ਮਾਂਜਣ ਦੀ ਸੇਵਾ ਕਰਨਗੇ ਅਤੇ 2 ਦਿਨ ਜਪੁਜੀ ਸਾਹਿਬ, ਆਸਾ ਕੀ ਵਾਰ ਪਾਤਸ਼ਾਹੀ ਦਸਵੀਂ ਦਾ ਜਾਪ ਕਰਨਗੇ। 1100 ਦੀ ਦੇਗ ਕਰਵਾ ਕੇ ਭੁੱਲ ਬਖ਼ਸ਼ਾਉਣ ਦੀ ਅਰਦਾਸ ਕਰਨਗੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਵੀ.ਸੀ.) ਡਾ. ਕਰਮਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣੀ ਭੁੱਲ ਲਈ ਮੁਆਫ਼ੀ ਮੰਗੀ ਅਤੇ ਉਨ੍ਹਾਂ ਨੂੰ ਤਨਖ਼ਾਹ ਲਾਈ ਗਈ ਹੈ। ਡਾ. ਕਰਮਜੀਤ ਸਿੰਘ 2 ਦਿਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ’ਚ ਸੇਵਾ ਕਰਨਗੇ ਅਤੇ ਜੂਠੇ ਭਾਂਡੇ ਮਾਂਜਣ ਤੇ ਜੋੜੇ ਸਾਫ਼ ਕਰਨ ਦੀ ਸਜ਼ਾ ਲਗਾਈ ਗਈ। 5 ਦਿਨ ਰੋਜ਼ਾਨਾ ਨਿਤਨੇਮ ਅਤੇ ਆਸਾ ਕੀ ਵਾਰ ਦਾ ਪਾਠ ਕਰਨ ਦੇ ਵੀ ਆਦੇਸ਼ ਦਿਤੇ ਗਏ। ਨਾਲ ਹੀ ਉਨ੍ਹਾਂ ਨੂੰ ਭਾਈ ਕਾਹਨ ਸਿੰਘ ਨਾਭਾ ਦੀ ਕਿਤਾਬ 'ਹਮ ਹਿੰਦੂ ਨਹੀਂ' ਦੀਆਂ 500 ਕਾਪੀਆਂ ਸਿੱਖ ਸੰਗਤ ਵਿਚ ਵੰਡਣ ਦਾ ਹੁਕਮ ਵੀ ਦਿਤਾ ਗਿਆ ਹੈ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹ ਲਗਾਈ ਗਈ ਹੈ। ਜਸਵੰਤ ਸਿੰਘ ਜ਼ਫਰ ਨੂੰ ਆਪਣੀਆਂ ਲਿਖਤਾਂ 'ਚ ਗੁਰੂ ਸਾਹਿਬ ਦੇ ਅਦਬ ਸਤਿਕਾਰ ਦਾ ਧਿਆਨ ਰੱਖਣ ਦਾ ਆਦੇਸ਼ ਦਿਤਾ ਗਿਆ ਹੈ। ਜਸਵੰਤ ਸਿੰਘ ਜ਼ਫਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ 'ਚ 2 ਦਿਨ ਇਕ-ਇਕ ਘੰਟਾ ਬਰਤਨ ਮਾਂਝਣ ਅਤੇ ਜੋੜੇ ਝਾੜਨ ਦੀ ਸੇਵਾ ਅਤੇ 4 ਦਿਨ ਜਾਪ ਕਰਨਗੇ। ਜਸਵੰਤ ਸਿੰਘ ਜ਼ਫਰ ਨੂੰ ਪ੍ਰਿੰਸੀਪਲ ਸਤਬੀਰ ਸਿੰਘ ਦੀ ਕਿਤਾਬ ਦੀਆਂ 100 ਕਾਪੀਆਂ ਵੰਡਣ ਦਾ ਆਦੇਸ਼ ਦਿਤਾ ਗਿਆ ਹੈ। ਯੂ.ਕੇ. ਦੇ ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੇ ਵੀ ਆਪਣੀ ਭੁੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਮੁਆਫ਼ੀ ਮੰਗੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਚਾਰਕ ਹਰਿੰਦਰ ਸਿੰਘ ਨੂੰ ਤਨਖ਼ਾਹ ਲਗਾਈ ਗਈ ਹੈ। ਸਿੱਖ ਪ੍ਰਚਾਰਕ ਹਰਿੰਦਰ ਸਿੰਘ ਦੇ ਪ੍ਰਚਾਰ ਕਰਨ 'ਤੇ ਲੱਗੀ ਰੋਕ ਹਟਾ ਦਿਤੀ ਗਈ ਹੈ। ਸਿੱਖ ਪ੍ਰਚਾਰਕ ਹਰਿੰਦਰ ਸਿੰਘ 2 ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ 'ਚ ਰੋਜ਼ਾਨਾ ਇਕ ਘੰਟਾ ਜੂਠੇ ਬਰਤਨ ਮਾਂਝਣਗੇ ਅਤੇ 2 ਦਿਨ ਜਾਪ ਕਰਨਗੇ।

——————————
This news is auto published from an agency/source and may be published as received.

Leave a Reply

Your email address will not be published. Required fields are marked *