

ਥਾਈਲੈਂਡ, 8 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਇਕ ਵਾਰ ਫਿਰ ਤੋਂ ਹਿੰਸਾ ਭੜਕ ਗਈ ਹੈ, ਜਿਸ ਦੇ ਚਲਦਿਆਂ ਥਾਈਲੈਂਡ ਨੇ ਕੰਬੋਡੀਆ ਦੇ ਕਈ ਟਿਕਾਣਿਆਂ ’ਤੇ ਏਅਰ ਸਟ੍ਰਾਈਕ ਕਰ ਦਿੱਤੀ। ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ਵਿਚ ਦੋਵੇਂ ਦੇਸ਼ਾਂ ਵਿਚਾਲੇ ਸ਼ਾਂਤੀ ਸਮਝੌਤਾ ਹੋਇਆ ਸੀ। ਉਸ ਸਮੇਂ 5 ਦਿਨ ਚੱਲੀ ਲੜਾਈ ਵਿਚ 30 ਤੋਂ ਜ਼ਿਆਦਾ ਲੋਕ ਮਾਰੇ ਗਏ ਸੀ ਜਦਕਿ ਹਜ਼ਾਰਾਂ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਜਾਣਕਾਰੀ ਅਨੁਸਾਰ ਥਾਈਲੈਂਡ ਅਤੇ ਕੰਬੋਡੀਆ ਵਿਚਾਲੇ ਹੋ ਰਹੀ ਲੜਾਈ ਸਰਹੱਦ ’ਤੇ ਮੌਜੂਦ ਇਕ ਪ੍ਰਾਚੀਨ ਸ਼ਿਵ ਮੰਦਰ ਪ੍ਰੀਹ ਵਿਹਿਅਰ ਅਤੇ ਤਾ ਮੁਏਨ ਥਾਮ ਨੂੰ ਲੈ ਕੇ ਹੋ ਰਹੀ ਹੈ, ਜਿਸ ਨੂੰ ਲੈ ਕੇ ਲੰਬੇ ਸਮੇਂ ਤੋਂ ਦੋਵੇਂ ਦੇਸ਼ਾਂ ਵਿਚਾਲੇ ਵਿਵਾਦ ਚਲਦਾ ਆ ਰਿਹਾ ਹੈ। ਇਹ ਮੰਦਰ ਕੰਬੋਡੀਆ ਦੀ ਸਰਹੱਦ ਵਿਚ ਪੈਂਦਾ ਹੈ, ਪਰ ਆਸਪਾਸ ਦੀ ਜ਼ਮੀਨ ’ਤੇ ਦੋਵੇਂ ਦੇਸ਼ ਆਪਣਾ ਅਧਿਕਾਰ ਦੱਸਦੇ ਹੈ। ਕੁੱਝ ਮਹੀਨੇ ਪਹਿਲਾਂ ਦੋਵੇਂ ਦੇਸ਼ਾਂ ਵਿਚਾਲੇ ਪੰਜ ਦਿਨ ਤੱਕ ਲੜਾਈ ਚੱਲੀ ਸੀ, ਜਿਸ ਵਿਚ ਕਈ ਲੋਕ ਮਾਰੇ ਗਏ ਸੀ। ਹੁਣ ਮੌਜੂਦਾ ਸਮੇਂ ਲੜਾਈ ਇਸ ਕਰਕੇ ਛਿੜੀ ਕਿਉਂਕਿ ਥਾਈਲੈਂਡ ਦਾ ਕਹਿਣਾ ਹੈ ਕਿ ਕੰਬੋਡੀਆ ਵੱਲੋਂ ਕਈ ਦਿਨਾਂ ਤੋਂ ਸਰਹੱਦ ’ਤੇ ਭਾਰੀ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਸੀ ਅਤੇ ਫ਼ੌਜ ਤਾਇਨਾਤ ਕੀਤੀ ਜਾ ਰਹੀ ਸੀ, ਜਿਸ ਕਰਕੇ ਉਨ੍ਹਾਂ ਨੂੰ ਇਹ ਹਮਲਾ ਕਰਨਾ ਪਿਆ। ਇਹ ਮੰਦਰ ਭਾਵੇਂ ਕੰਬੋਡੀਆ ਦੀ ਸਰਹੱਦ ਵਿਚ ਪੈਂਦਾ ਹੈ ਪਰ ਥਾਈਲੈਂਡ ਵੱਲੋਂ ਇਸ ਮੰਦਰ ’ਤੇ ਆਪਣਾ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਇਸ ਮੰਦਰ ਨੂੰ ਲੈ ਕੇ ਰੋਜ਼ਾਨਾ ਹੀ ਦੋਵੇਂ ਦੇਸ਼ਾਂ ਵਿਚਾਲੇ ਝੜਪਾਂ ਹੋਣ ਲੱਗੀਆਂ ਤਾਂ ਤੰਗ ਆਏ ਕੰਬੋਡੀਆ ਨੇ ਇੰਟਰਨੈਸ਼ਨ ਕੋਰਟ ਦਾ ਰੁਖ਼ ਕੀਤਾ। – 1959 ਵਿਚ ਕੰਬੋਡੀਆ ਨੇ ਇਹ ਮਾਮਲਾ ਕੌਮਾਂਤਰੀ ਅਦਾਲਤ ’ਚ ਚੁੱਕਿਆ। – 1962 ਵਿਚ ਫ਼ੈਸਲਾ ਕੰਬੋਡੀਆ ਦੇ ਪੱਖ ਵਿਚ ਆਇਆ। – ਇੰਟਰਨੈਸ਼ਨਲ ਕੋਰਟ ਨੇ ਥਾਈਲੈਂਡ ਨੂੰ ਆਪਣੀ ਫ਼ੌਜ ਹਟਾਉਣ ਦੇ ਆਦੇਸ਼ ਦਿੱਤੇ। – ਥਾਈਲੈਂਡ ਨੇ ਫ਼ੈਸਲਾ ਸਵੀਕਾਰ ਕੀਤਾ ਵਿਵਾਦ ਹਾਲੇ ਵੀ ਜਾਰੀ ਐ। – 2008 ਵਿਚ ਯੂਨੈਸਕੋ ਨੇ ਮੰਦਰ ਨੂੰ ਵਰਲਡ ਹੈਰੀਟੇਜ ਵਿਚ ਸ਼ਾਮਲ ਕਰ ਲਿਆ। – ਮੰਦਰ ਨੂੰ ਮਾਨਤਾ ਮਿਲਣ ਨਾਲ ਦੋਵੇਂ ਦੇਸ਼ਾਂ ’ਚ ਝੜਪਾਂ ਵਧ ਗਈਆਂ। – 2011 ਵਿਚ ਹਾਲਾਤ ਵਿਗੜ ਗਏ ਤੇ ਹਜ਼ਾਰਾਂ ਲੋਕਾਂ ਨੂੰ ਘਰ ਛੱਡਣੇ ਪਏ। – 2013 ’ਚ ਕੋਰਟ ਨੇ ਫਿਰ ਤੋਂ ਥਾਈਲੈਂਡ ਨੂੰ ਸਖ਼ਤ ਤਾੜਨਾ ਕੀਤੀ। ਹੁਣ ਜ਼ਰ੍ਹਾ ਉਸ ਮੰਦਰ ਬਾਰੇ ਵੀ ਜਾਣ ਲੈਨੇ ਆਂ, ਜਿਸ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚਾਲੇ ਇਹ ਵਿਵਾਦ ਚੱਲ ਰਿਹਾ ਏ। – ਇਸ ਸ਼ਿਵ ਮੰਦਰ ਦਾ ਨਾਮ ‘ਤਾ ਮੁਏਨ ਥਾਮ’ ਮੰਦਰ ਹੈ। – ਇਹ ਮੰਦਰ 1000 ਸਾਲ ਪੁਰਾਣਾ ਦੱਸਿਆ ਜਾਂਦਾ ਹੈ। – ਮੰਦਰ ਦਾ ਨਿਰਮਾਣ 11ਵੀਂ ਸ਼ਤਾਬਦੀ ’ਚ ਖਮੇਰ ਰਾਜਾ ਉਦੈਦਿੱਤਿਆ ਵਰਮਨ ਦੂਜੇ ਨੇ ਕਰਵਾਇਆ ਸੀ। – ਮੰਦਰ ਦੀ ਵਿਸ਼ੇਸ਼ਤਾ ਇਸ ਦਾ ਗਰਭਗ੍ਰਹਿ ਹੈ, ਜਿੱਥੇ ਚੱਟਾਨ ਨੂੰ ਹੀ ਸ਼ਿਵÇਲੰਗ ਦੇ ਰੂਪ ’ਚ ਤਰਾਸ਼ਿਆ ਗਿਆ ਹੈ। – ਮੰਦਰ ਵਿਚ ਖਾਮੇਰ ਸ਼ੈਲੀ ਦੇ ਪੁਸ਼ਪਾਂ ਦੀ ਨੱਕਾਸ਼ੀ ਕੀਤੀ ਹੋਈ ਐ। – ਕਾਲੇ ਪੱਥਰਾਂ ਤੋਂ ਬਣੇ ਮੰਦਰ ’ਤੇ ਦੇਵਤਿਆਂ ਦੀਆਂ ਤਸਵੀਰਾਂ ਉਕਰੀਆਂ ਹੋਈਆਂ ਨੇ। – ਇਹ ਮੰਦਰ ਅੰਗਕੋਰਵਾਟ ਮੰਦਰ ਤੋਂ ਥਾਈਲੈਂਡ ਦੇ ਫਿਮਾਈ ਮੰਦਰ ਤੱਕ ਜਾਣ ਵਾਲੇ ਰਾਹ ’ਤੇ ਬਣਿਆ ਹੋਇਐ। – ਮੰਦਰ ਦਾ ਪ੍ਰਵੇਸ਼ ਦੁਆਰ ਦੱਖਣ ਦਿਸ਼ਾ ਵੱਲ ਐ ਜੋ ਖਮੇਰ ਪਰੰਪਰਾ ਤੋਂ ਵੱਖ ਇਕ ਦੁਰਲੱਭ ਉਦਾਹਰਨ ਹੈ। – ਇਸ ਮੰਦਰ ਦੇ ਦਰਸ਼ਨਾਂ ਲਈ ਦੋਵੇਂ ਦੇਸ਼ਾਂ ਤੋਂ ਪਹੁੰਚਿਆ ਜਾ ਸਕਦਾ ਏ। ਦੱਸਣਯੋਗ ਕਿ ਥਾਈਲੈਂਡ ਅਤੇ ਕੰਬੋਡੀਆ ਦਾ ਇਤਿਹਾਸ ਲੰਬੇ ਸਮੇਂ ਤੱਕ ਖਮੇਰ ਸਾਮਰਾਜ ਅਤੇ ਸਿਆਮ ਸਾਮਰਾਜ ਦੇ ਵਿਚਕਾਰ ਟਕਰਾਵਾਂ ਦੇ ਨਾਲ ਜੁੜਿਆ ਰਿਹਾ ਏ। ਫਰਾਂਸ ਅਤੇ ਬ੍ਰਿਟਿਸ਼ ਸ਼ਾਸਨ ਦੌਰਾਨ ਵੀ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ’ਤੇ ਤਣਾਅ ਸੀ, ਜਿਸ ਦੀ ਵਜ੍ਹਾ ਕਰਕੇ ਮੰਦਰ ਦੇ ਆਸਪਾਸ ਦੀ ਜ਼ਮੀਨ ’ਤੇ ਅਧਿਕਾਰ ਨੂੰ ਲੈ ਕੇ ਇਹ ਵਿਵਾਦ ਚਲਦਾ ਆ ਰਿਹਾ ਏ। ਸੰਨ 1907 ਵਿਚ ਜਦੋਂ ਕੰਬੋਡੀਆ ਫਰਾਂਸ ਦੇ ਅਧੀਨ ਸੀ ਤਾਂ ਦੋਵੇਂ ਦੇਸ਼ਾਂ ਦੇ ਵਿਚਾਲੇ 817 ਕਿਲੋਮੀਟਰ ਲੰਬੀ ਸਰਹੱਦ ਖਿੱਚੀ ਗਈ ਸੀ,, ਪਰ ਥਾਈਲੈਂਡ ਨੇ ਇਸ ਦਾ ਵਿਰੋਧ ਕੀਤਾ ਸੀ ਕਿਉਂਕਿ ਨਕਸ਼ੇ ਵਿਚ ਇਸ ਪ੍ਰੀਹ ਵਿਹਿਅਰ ਮੰਦਰ ਨੂੰ ਕੰਬੋਡੀਆ ਦੇ ਹਿੱਸੇ ਵਿਚ ਦਿਖਾਇਆ ਗਿਆ ਸੀ ਜਦਕਿ ਤਾ ਮੁਏਨ ਥਾਮ ਮੰਦਰ ਨੂੰ ਥਾਈਲੈਂਡ ਵਿਚ ਦਿਖਾਇਆ ਗਿਆ ਸੀ ਜਦਕਿ ਕੰਬੋਡੀਆ ਇਸ ਨੂੰ ਆਪਣਾ ਮੰਨਦਾ ਹੈ। ਫਿਲਹਾਲ ਦੋਵੇਂ ਦੇਸ਼ਾਂ ਵਿਚਾਲੇ ਫਿਰ ਤੋਂ ਸ਼ਾਂਤੀ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ ਤਾਂ ਜੋ ਮਸਲੇ ਦਾ ਹੱਲ ਕੀਤਾ ਜਾ ਸਕੇ।
——————————
This news is auto published from an agency/source and may be published as received.
