ਗਿੱਦੜਬਾਹਾ ਵਿਖੇ ਪੱਤਰਕਾਰ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਫਤਿਹਗੜ੍ਹ ਸਾਹਿਬ ਦੇ ਪੱਤਰਕਾਰ ਨੇ ਡੀਸੀ ਨੂੰ ਗਵਰਨਰ ਦੇ ਨਾਮ ਮੰਗ ਪੱਤਰ ਸੌਂਪਿਆ

ਫਤਿਹਗੜ੍ਹ ਸਾਹਿਬ (ਰੂਪ ਨਰੇਸ਼) ਪੱਤਰਕਾਰਾਂ ‘ਤੇ ਹੋ ਰਹੇ ਲਗਾਤਾਰ ਹਮਲਿਆਂ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਇਲੈਕਟ੍ਰੋਨਿਕ ਮੀਡੀਆ ਕਲੱਬ ਵੱਲੋਂ ਤਿੱਖੀ ਨਿੰਦਾ ਕੀਤੀ ਗਈ ਹੈ। ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਮਜ਼ਬੂਤ ਨੀਤੀਆਂ ਬਣਾਈਆਂ ਜਾਣ ਤੇ ਨਾਲ-ਨਾਲ ਦੋਸ਼ੀਆਂ ਖ਼ਿਲਾਫ਼ ਤੁਰੰਤ ਅਤੇ ਕੜੀ ਕਾਰਵਾਈ ਹੋਣੀ ਚਾਹੀਦੀ ਹੈ।

ਜਾਣਕਾਰੀ ਅਨੁਸਾਰ, ਪਿਛਲੇ ਦਿਨੀ ਗਿੱਦੜਬਾਹਾ ਦੇ ਪਿੰਡ ਥੇੜੀ ਵਿੱਚ ਇੱਕ ਨਾਮਵਰ ਅਖ਼ਬਾਰ ਨਾਲ ਜੁੜੇ ਪੱਤਰਕਾਰ ਰਣਜੀਤ ਸਿੰਘ ਉੱਤੇ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਕਵਰੇਜ ਕਰ ਰਹੇ ਸਨ। ਸਥਾਨਕ ਸਿਆਸੀ ਆਗੂਆਂ ਨਾਲ ਜੁੜੇ ਕੁਝ ਲੋਕਾਂ ਵੱਲੋਂ ਕੀਤੇ ਗਏ ਇਸ ਹਮਲੇ ਨੇ ਖੇਤਰੀ ਪੱਤਰਕਾਰਾਂ ਵਿੱਚ ਤੀਬਰ ਰੋਸ ਪੈਦਾ ਕਰ ਦਿੱਤਾ ਹੈ। ਫਤਿਹਗੜ੍ਹ ਸਾਹਿਬ ਇਲੈਕਟ੍ਰੋਨਿਕ ਮੀਡੀਆ ਕਲੱਬ ਦੇ ਪ੍ਰਧਾਨ ਰਜਿੰਦਰ ਸਿੰਘ ਭੱਟ ਅਤੇ ਜਨਰਲ ਸਕੱਤਰ ਜਤਿੰਦਰ ਸਿੰਘ ਰਾਠੋਰ ਨੇ ਦੱਸਿਆ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹਨ ਅਤੇ ਪ੍ਰਸ਼ਾਸਨ ਤੇ ਜਨਤਾ ਵਿਚਾਲੇ ਸੂਚਨਾ ਦੀ ਕੜੀ ਵਜੋਂ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਜਨਤਾ ਤੱਕ ਪਹੁੰਚਾਉਣ ਵਿੱਚ ਅਤੇ ਭ੍ਰਿਸ਼ਟਾਚਾਰ ਜਾਂ ਸਿਆਸੀ ਧਾਂਧਲੀਆਂ ਨੂੰ ਬੇਨਕਾਬ ਕਰਨ ਵਿੱਚ ਪੱਤਰਕਾਰਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਪਰੰਤੂ ਜਦੋਂ ਪੱਤਰਕਾਰਾਂ ਵੱਲੋਂ ਸਿਆਸੀ ਆਗੂਆਂ ਦੀਆਂ ਗਲਤ ਕਾਰਵਾਈਆਂ ਨੂੰ ਬੇਨਕਾਬ ਕੀਤਾ ਜਾਂਦਾ ਹੈ, ਤਾਂ ਕਈ ਆਗੂ ਸਿਆਸੀ ਰੌਬ ਰੁਆਬ ਦੀ ਵਰਤੋਂ ਕਰਦੇ ਹੋਏ ਪੱਤਰਕਾਰਾਂ ਨੂੰ ਧਮਕਾਉਂਦੇ ਹਨ, ਹਮਲੇ ਕਰਵਾ ਦੇਂਦੇ ਹਨ ਅਤੇ ਕਈ ਵਾਰ ਉਨ੍ਹਾਂ ਉੱਤੇ ਝੂਠੇ ਕੇਸ ਵੀ ਕਰਵਾ ਦਿੰਦੇ ਹਨ। ਇਹ ਰੁਝਾਨ ਲੋਕਤੰਤਰ ਲਈ ਖ਼ਤਰਨਾਕ ਹੈ। ਆਗੂਆ ਵੱਲੋਂ ਦੱਸਿਆ ਗਿਆ ਕਿ ਰਣਜੀਤ ਸਿੰਘ ਤੇ ਹਮਲੇ ਦੇ ਤੁਰੰਤ ਬਾਅਦ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਪਰ ਇਸਦੇ ਬਾਵਜੂਦ ਪ੍ਰਸ਼ਾਸਨ ਨੇ ਕੇਵਲ ਨਾਮਮਾਤਰ ਕਾਰਵਾਈ ਕੀਤੀ। ਸੰਗਠਨ ਨੇ ਇਸਨੂੰ “ਲਿਪਾ-ਪੋਤੀ” ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਹਮਲਿਆਂ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਖ਼ਤ ਕਾਰਵਾਈ ਦੀ ਲੋੜ ਹੈ। ਘਟਨਾ ਦੇ ਵਿਰੋਧ ਵਿੱਚ ਜ਼ਿਲ੍ਹਾ ਦੇ ਸਮੂਹ ਪੱਤਰਕਾਰ ਇਕੱਠੇ ਹੋਏ ਅਤੇ ਗਵਰਨਰ ਪੰਜਾਬ ਦੇ ਨਾਮ ਇੱਕ ਵਿਸਥਾਰਕ ਮੰਗ ਪੱਤਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੂੰ ਸੌਂਪਿਆ। ਮੰਗ ਪੱਤਰ ਵਿੱਚ ਦੋਸ਼ੀਆਂ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕਰਨ, ਸਖ਼ਤ ਕਾਨੂੰਨੀ ਕਾਰਵਾਈ ਕਰਨ, ਪੱਤਰਕਾਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰੋਟੋਕੋਲ ਬਣਾਉਣ ਅਤੇ ਹਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਗਈ। ਪੱਤਰਕਾਰਾਂ ਨੇ ਸਪਸ਼ਟ ਕਿਹਾ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਵੱਡੇ ਪੱਧਰ ‘ਤੇ ਰੋਸ ਮੁਜ਼ਾਹਰਾ ਕਰਨ ਲਈ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਪੱਤਰਕਾਰਾਂ ਦੀ ਚੁੱਪੀ ਕਿਸੇ ਨੂੰ ਵੀ ਉਨ੍ਹਾਂ ਦੀ ਕਮਜ਼ੋਰੀ ਸਮਝਣੀ ਨਹੀਂ ਚਾਹੀਦੀ। ਇਸ ਮੌਕੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਕ, ਕਰਨ ਸ਼ਰਮਾ, ਦੀਪਕ ਸੂਦ, ਰੂਪ ਨਰੇਸ਼, ਅਮਰਬੀਰ ਸਿੰਘ ਚੀਮਾ, ਨਿਤਿਸ਼ ਗੌਤਮ, ਸਾਹਿਬ ਮੜਕਣ ਤੇ ਹੋਰ ਮੌਜੂਦ ਸਨ।

Leave a Reply

Your email address will not be published. Required fields are marked *