ਮੈਂਬਰ ਲੋਕ ਸਭਾ ਡਾ.ਅਮਰ ਸਿੰਘ,ਸਾਬਕਾ ਵਿਧਾਇਕ ਕੁਲਜੀਤ ਨਾਗਰਾ ਤੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਕੀਤੀ ਸ਼ਮੂਲੀਅਤ
ਫਤਿਹਗੜ੍ਹ ਸਾਹਿਬ, ਰੂਪ ਨਰੇਸ਼:
ਸੰਵਿਧਾਨ ਬਚਾਓ ਅਭਿਆਨ ਹੇਠ ਕਰਤਾਰ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਜ਼ਿਲਾ ਕਾਂਗਰਸ ਕਮੇਟੀ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਸਾਂਸਦ ਮੈਂਬਰ ਅਤੇ ਜ਼ਿਲ੍ਹਾ ਕੋਆਰਡੀਨੇਟਰ ਡਾ ਅਮਰ ਸਿੰਘ ਸਮੇਤ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਆਪੋ ਆਪਣੇ ਹਲਕਿਆਂ ਦੇ ਵਰਕਰਾਂ ਨਾਲ ਸ਼ਮੂਲੀਅਤ ਕੀਤੀ। ਇਸ ਭਰਮੀ ਮੀਟਿੰਗ ਦੌਰਾਨ ਸੰਗਰੂਰ ਅਤੇ ਹਲਕਾ ਅਮਲੋਹ ਵਿਚ ਹੋਣ ਜਾ ਰਹੀ ਸੂਬਾ ਪੱਧਰੀ ਸੰਵਿਧਾਨ ਬਚਾੳ ਰੈਲੀ ਨੂੰ ਸਫਲ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਸੰਬੋਧਨ ਕਰਦਿਆਂ ਸਾਂਸਦ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਵੱਡੇ ਵੱਡੇ ਦਾਅਵੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੱਲੋਂ ਅੱਜ ਵਿਕਾਸ ਪੱਖੋਂ ਮੋਹਰੀ ਪੰਜਾਬ ਨੂੰ ਆਰਥਿਕ ਮੰਦਹਾਲੀ ਵੱਲ ਧਕੇਲ ਦਿੱਤਾ ਹੈ। ਜਿਸ ਕਰਕੇ ਲੋਕਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ। ਉਹਨਾਂ ਕਿਹਾ ਕਿ ਭਰਿਸ਼ਟਾਚਾਰ ਨੂੰ ਮੁਕਤ ਕਰਕੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦਾ ਦਾਅਵਾ ਕਰਨ ਵਾਲੀ ‘ਆਪ’ ਦੇ ਮੰਤਰੀ ਅਤੇ ਵਿਧਾਇਕ ਲਗਾਤਾਰ ਭਰਿਸ਼ਟਾਚਾਰੀ ਦੀ ਦਲਦਲ ਵਿੱਚ ਫਸ ਰਹੇ ਹਨ ਅਤੇ ਵੱਡੇ ਪੱਧਰ ਦੇ ਘਬਲੇ ਕਰ ਰਹੇ ਹਨ।
ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਜਿੱਥੇ ਇਹਨਾਂ ਰੈਲੀਆਂ ਦੌਰਾਨ ਜਿੱਥੇ ਸੂਬਾ ਸਰਕਾਰ ਵੱਲੋਂ ਪੀੜਿਤ ਪੰਜਾਬ ਦੇ ਗਰੀਬ ਲੋਕ ਨਾਲ ਜੁੜੇ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਉੱਥੇ ਹੀ ਕਾਂਗਰਸ ਪਾਰਟੀ ਨੂੰ ਬੂਥ ਪੱਧਰ ਤੇ ਮਜਬੂਤ ਕਰਨ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ। ਪਾਣੀਆਂ ਦੇ ਮੁੱਦੇ ਤੇ ਬੋਲਦਿਆਂ ਨਾਗਰਾ ਨੇ ਕਿਹਾ ਕਿ ਪੰਜਾਬ ਤੂੰ ਜਦੋਂ ਵੀ ਕਿਸੇ ਨੇ ਮਦਦ ਦੀ ਗੁਹਾਰ ਲਾਈ ਹੈ ਤਾਂ ਪੰਜਾਬ ਨੇ ਅੱਗੇ ਹੋ ਕੇ ਸਹਿਯੋਗ ਕੀਤਾ ਹੈ ਪ੍ਰੰਤੂ ਹੁਣ ਜਦੋਂ ਪਾਣੀ ਦਾ ਮਸਲਾ ਸਾਹਮਣੇ ਆਇਆ ਹੈ ਤਾਂ ਪੰਜਾਬ ਪਿੱਛੇ ਨਹੀਂ ਹੋਵੇਗਾ ਪ੍ਰੰਤੂ ਹਰਿਆਣੇ ਦੇ ਕੁਝ ਜਿਲਿਆਂ ਵਿੱਚ ਹੀ ਪਾਣੀ ਦਾ ਪੱਧਰ ਘਟਿਆ ਹੈ ਜਦੋਂ ਕਿ ਬਾਕੀ ਜਿਲਿਆਂ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਮੌਜੂਦ ਹੈ ਇਸ ਲਈ ਹਰਿਆਣੇ ਨੂੰ ਪੰਜਾਬ ਤੋਂ ਪਾਣੀ ਮੰਗਣ ਦੀ ਬਜਾਏ ਹਰਿਆਣੇ ਦੇ ਦੂਜੇ ਇਲਾਕਿਆਂ ਵਿੱਚੋਂ ਪਾਣੀ ਲੈ ਕੇ ਵਰਤਣਾ ਚਾਹੀਦਾ ਹੈ। ਪੱਤਰਕਾਰਾਂ ਵੱਲੋਂ ਪਿੰਡ ਵਜੀਰਾਬਾਦ ਵਿਖੇ ਹੋਏ ਘਬਲੇ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਨਾਗਰਾ ਨੇ ਕਿਹਾ ਕਿ ਇਹ ਬਹੁਤ ਕਰੋੜੀ ਘਬਲੇ ਦਾ ਮੁੱਦਾ ਉਹਨਾਂ ਵੱਲੋਂ ਪੂਰੇ ਜੋਸ਼ ਨਾਲ ਵੱਡੇ ਲੈਵਲ ਤੇ ਉਠਾਇਆ ਗਿਆ ਸੀ ਅਤੇ ਅੱਗੇ ਤੋਂ ਵੀ ਇਸ ਲਈ ਜਦੋ ਜਾਹਿਰ ਜਾਰੀ ਰਹੇਗੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਆਖਰਕਾਰ ਕਿਸ ਵੱਲੋਂ ਇਸ ਇੰਨੇ ਵੱਡੇ ਘਬਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇੱਕ ਛੋਟਾ ਜਿਹਾ ਮਾਮਲਾ ਦਰਜ ਕਰਕੇ ਸਰਕਾਰ ਦੇ ਆਗੂਆਂ ਵੱਲੋਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹ ਸਭ ਕੁਝ ਸਿਆਸੀ ਸ਼ੈਅ ਉੱਤੇ ਹੀ ਹੋਇਆ ਹੈ ਜਿਸ ਸਬੰਧੀ ਉਹ ਆਉਣ ਵਾਲੇ ਸਮੇਂ ਵਿੱਚ ਵੀ ਜਦੋਂ ਜਾਹਿਰ ਕਰਦੇ ਰਹਿਣਗੇ ਅਤੇ ਅਸਲੀ ਗੁਨਾਗਾਰਾਂ ਨੂੰ ਜਰੂਰ ਸਜ਼ਾ ਦਵਾਉਣਗੇ।
ਇਸ ਮੌਕੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਮੁੱਖ ਮੰਤਰੀ ਹਰਿਆਣੇ ਨਾਲ ਆਪਣੀ ਰਿਸ਼ਤੇਦਾਰੀ ਨਿਭਾਉਣ ਦੀ ਬਜਾਏ ਪੰਜਾਬ ਦੇ ਲੋਕਾਂ ਦੇ ਹੱਕਾਂ ਪ੍ਰਤੀ ਸੋਚਣ। ਕਿਉਂਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਨੂੰ ਪੰਜਾਬ ਦੇ ਹੱਕਾਂ ਨੂੰ ਬਚਾਏ ਰੱਖਣ ਲਈ ਚੁਣਿਆ ਹੈ ਨਾ ਕਿ ਹਰਿਆਣੇ ਨਾਲ ਕਿਸੇ ਵੀ ਤਰ੍ਹਾਂ ਦੀ ਰਿਸ਼ਤੇਦਾਰੀ ਨਿਭਾਉਣ ਲਈ।
ਉਹਨਾਂ ਕਿਹਾ ਕਿ ਜਿਵੇਂ ਚੋਣਾਂ ਲੜਨ ਲਈ ਹਰ ਪਾਰਟੀ ਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਉਸੇ ਤਰ੍ਹਾਂ ਲੋਕਾਂ ਦੇ ਮੁੱਦੇ ਚੱਕਣ ਅਤੇ ਆਪਣੇ ਵਾਅਦਿਆਂ ਤੋਂ ਮੁੱਕਰੀ ਸੂਬਾ ਸਰਕਾਰ ਨੂੰ ਜਗਾਉਣ ਲਈ ਵੀ ਤਿਆਰ ਰਹਿਣਾ ਚਾਹੀਦਾ।
ਅੰਤ ਵਿੱਚ ਜ਼ਿਲ੍ਹਾ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਵੱਲੋਂ ਆਏ ਵਰਕਰਾਂ ਅਤੇ ਸਮੂਹ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਦੌਰਾਨ ਮੀਟਿੰਗ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ ਨੇ ਕੀਤੀ।ਇਸ ਮੌਕੇ ਕਾਂਗਰਸ ਪਾਰਟੀ ਦੀ ਸਮੂਹ ਲੀਡਰਸ਼ਿਪ,ਬਲਾਕਾ ਦੇ ਪ੍ਰਧਾਨ,ਸਾਬਕਾ ਜਿਲਾ ਪ੍ਰੀਸ਼ਦ ਮੈਂਬਰ,ਬਲਾਕ ਸੰਮਤੀ ਮੈਂਬਰ,ਨਗਰ ਕੌਂਸਲ ਪ੍ਰਧਾਨ,ਮਹਿਲਾ ਕਾਂਗਰਸ,ਯੂਥ ਕਾਂਗਰਸ,ਕੌਂਸਲਰ,ਸਰਪੰਚ,ਪੰਚ,ਕਾਂਗਰਸ ਪਾਰਟੀ ਦੇ ਸਮੂਹ ਅਹੁਦੇਦਾਰ ਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।