ਅੰਤਰਰਾਸ਼ਟਰੀ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦਿੱਲੀ ਵਿਖੇ ਪੰਜਾਬ ਦੇ ਦੋ ਖਿਡਾਰੀਆਂ ਨੇ ਮੈਡਲ ਜਿੱਤੇ

ਜੈਤੋ (ਰੂਪ ਨਰੇਸ਼): ਨਿਊ ਦਿੱਲੀ ਵਿਖੇ ਅੰਤਰਰਾਸ਼ਟਰੀ ਪੈਰਾ ਅਥਲੈਟਿਕਸ ਗਰੈਂਡ ਪ੍ਰਿਕਸ ਚੈਂਪੀਅਨਸ਼ਿਪ ਮਿਤੀ 12 ਤੋਂ 14 ਮਾਰਚ 2025 ਤੱਕ ਧੂਮਧਾਮ ਨਾਲ ਕਰਵਾਈ ਗਈ। ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਪ੍ਰੈੱਸ ਸਕੱਤਰ ਪ੍ਰਮੋਦ ਧੀਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅੰਤਰਰਾਸ਼ਟਰੀ ਪੱਧਰ ਦੀ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 23 ਦੇਸ਼ਾਂ ਦੇ 300 ਤੋਂ ਵੱਧ ਖਿਡਾਰੀਆਂ ਨੇ ਵੱਖ-ਵੱਖ ਪੈਰਾ ਖੇਡਾਂ ਵਿੱਚ ਹਿੱਸਾ ਲਿਆ। ਇਹਨਾਂ ਵਿੱਚ ਪੰਜਾਬ ਦੇ ਵੀ ਚਾਰ ਖਿਡਾਰੀਆਂ ਨੇ ਹਿੱਸਾ ਲਿਆ। ਪੰਜਾਬ ਦੀ ਜਸਪ੍ਰੀਤ ਕੌਰ ਨੇ ਡਿਸਕਸ ਥਰੋ ਵਿਚੋਂ ਗੋਲਡ ਮੈਡਲ ਜਿੱਤਿਆ ਅਤੇ ਅਨੰਨਿਆ ਬਾਂਸਲ ਨੇ ਐੱਫ 20 ਕੈਟਾਗਰੀ ਅਧੀਨ ਸ਼ਾਟ ਪੁੱਟ ਖੇਡ ਵਿੱਚੋਂ ਤਾਂਬੇ ਦਾ ਮੈਡਲ ਜਿੱਤ ਕੇ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਬਿਨ੍ਹਾਂ ਪੰਜਾਬ ਦੇ ਪੈਰਾ ਖਿਡਾਰੀ ਮਿਥੁਨ ਨੇ 400 ਮੀਟਰ ਦੌੜ ਵਿੱਚੋਂ ਚੌਥਾ ਸਥਾਨ ਹਾਸਿਲ ਕੀਤਾ ਅਤੇ ਖਿਡਾਰੀ ਵਿਸ਼ਵ ਨੇ ਜੈਵਲਿਨ ਥਰੋ ਵਿੱਚ ਹਿੱਸਾ ਲਿਆ। ਜੇਤੂ ਖਿਡਾਰੀਆਂ ਨੂੰ ਪੈਰਾਓਲੰਪਿਕ ਕਮੇਟੀ ਆਫ ਇੰਡੀਆ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪੀਸੀਆਈ ਦੇ ਐਗਜੀਕਿਊਟਿਵ ਮੈਂਬਰ ਸ਼ਮਿੰਦਰ ਸਿੰਘ ਢਿੱਲੋਂ ਨੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਜਸਪ੍ਰੀਤ ਸਿੰਘ ਧਾਲੀਵਾਲ, ਦਵਿੰਦਰ ਸਿੰਘ ਟਫੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ, ਜਗਰੂਪ ਸਿੰਘ ਸੂਬਾ ਬਰਾੜ, ਜਸਇੰਦਰ ਸਿੰਘ, ਸੁਖਜਿੰਦਰ ਸਿੰਘ ਸੁੱਖ, ਜੋਬਨ ਸਿੰਘ, ਖੁਸ਼ਦੀਪ ਸਿੰਘ ਅਤੇ ਸੁੱਖ ਢਿੱਲੋਂ ਆਦਿ ਨਾਲ ਮਿਲਕੇ ਪੀ ਸੀ ਆਈ ਵਲੋਂ ਸੌਂਪੀ ਸਮੁੱਚੇ ਟੂਰਨਾਮੈਂਟ ਦੌਰਾਨ ਸਮੂਹ ਖਿਡਾਰੀਆਂ ਦੇ ਟਰਾਂਸਪੋਰਟੇਸ਼ਨ ਦੇ ਪ੍ਰਬੰਧ ਦੀ ਸੇਵਾ ਬਾਖੂਬੀ ਸੰਭਾਲੀ। ਜਿਸ ਵਿਚ ਸਾਰੇ ਪੈਰਾ ਖਿਡਾਰੀਆਂ ਨੂੰ ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਸਟੈਂਡ, ਹੋਟਲਾਂ ਆਦਿ ਤੋਂ ਲੈ ਕੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੱਕ ਲਿਆਉਣ ਅਤੇ ਵਾਪਸ ਛੱਡ ਕੇ ਆਉਣ ਤੱਕ ਦੀ ਸੇਵਾ ਬਾਖੂਬੀ ਨਿਭਾਈ ਗਈ।

Leave a Reply

Your email address will not be published. Required fields are marked *