ਵਕਫ ਐਕਟ ਵਿਚ ਕਿਸੇ ਵੀ ਸੋਧ ਨੂੰ ਮੁਸਲਿਮ ਭਾਈਚਾਰੇ ਵਲੋਂ ਸਵੀਕਾਰ ਨਹੀਂ ਕੀਤਾ ਜਾਵੇਗਾ- ਦਿਲਬਰ ਮੁਹੰਮਦ ਖਾਨ

ਖੰਨਾ, 13 ਸਤੰਬਰ (ਰੂਪ ਨਰੇਸ਼) :

ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ

ਵਕਫ਼ ਐਕਟ ਵਿਚ ਸੋਧ ਕਰਨ ਦੇ ਮਕਸਦ ਨਾਲ ਪਾਰਲੀਮੈਂਟ ਚ ਪੇਸ਼ ਕੀਤੇ ਬਿੱਲ ਨੂੰ ਵਾਪਸ ਲਿਆ ਜਾਵੇ ਤੇ ਵਕਫ ਕਾਨੂੰਨ ਵਿਚ ਕਿਸੇ ਵੀ ਸੋਧ ਨੂੰ ਸਵੀਕਾਰ ਨਹੀਂ ਅਤੇ ਨਾ ਹੀ ਮੁਸਲਮਾਨਾਂ ਦੇ ਧਾਰਮਿਕ ਮਾਮਲਿਆਂ ਚ ਦਖ਼ਲ ਅੰਦਾਜ਼ੀ ਬਰਦਾਸ਼ਤ ਕੀਤੀ ਜਾਵੇਗੀ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਨੇ ਪਿਛਲੇ ਦਿਨੀਂ ਵਕਫ਼ ਬੋਰਡ ਚ ਦਖ਼ਲ ਅੰਦਾਜ਼ੀ ਕਰਨ ਦੇ ਮਕਸਦ ਨਾਲ ਪਾਰਲੀਮੈਂਟ ਵਿਚ ਪੇਸ਼ ਕੀਤੇ ਵਕਫ਼ ਸੋਧ ਬਿਲ ਦੇ ਵਿਰੋਧ ਵਿਚ ਅੱਜ ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਦੇਸ਼ ਦੀ ਮੌਜੂਦਾ ਸਰਕਾਰ ਆਏ ਦਿਨ ਮੁਸਲਮਾਨਾਂ ਅਤੇ ਘੱਟ ਗਿਣਤੀਆਂ ਨੂੰ ਕਈ ਤਰੀਕਿਆਂ ਨਾਲ ਪ੍ਰੇਸ਼ਾਨ ਕਰ ਰਹੀ ਹੈ ਅਤੇ ਉਹਨਾ ਦੇ ਧਾਰਮਿਕ ਮਸਲਿਆਂ ਵਿਚ ਦਖ਼ਲ ਅੰਦਾਜ਼ੀ ਦੇ ਮਕਸਦ ਨਾਲ ਤਰ੍ਹਾਂ ਤਰ੍ਹਾਂ ਦੇ ਬਿਲ ਉਨ੍ਹਾਂ ਦੇ ਖ਼ਿਲਾਫ਼ ਲਿਆ ਰਹੀ ਹੈ । ਖਾਨ ਨੇ ਦੱਸਿਆ ਕਿ ਜਿਵੇਂ ਸਿੱਖਾਂ ਜਾਂ ਹਿੰਦੂਆਂ ਦੀਆਂ ਧਾਰਮਿਕ ਕਮੇਟੀਆਂ ਵਿਚ ਕੋਈ ਮੁਸਲਮਾਨ ਮੈਂਬਰ ਨਹੀਂ ਹੈ ਅਤੇ ਨਾ ਹੀ ਕੋਈ ਮੁਸਲਮਾਨ ਇਸ ਤਰ੍ਹਾਂ ਦੀ ਇੱਛਾ ਰੱਖਦਾ ਹੈ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਮੁਸਲਮਾਨਾਂ ਦੀਆਂ ਧਾਰਮਿਕ ਕਮੇਟੀਆਂ ਵਿਚ ਕੋਈ ਦੂਜੇ ਧਰਮ ਦੇ ਲੋਕਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ । ਉਨ੍ਹਾ ਕਿਹਾ ਕਿ ਵਕਫ਼ ਜਾਇਦਾਦਾਂ ਓਹਨਾ ਦੇ ਪੁਰਖਿਆਂ ਦੀ ਦੇਣ ਹਨ ਅਤੇ ਵਕਫ਼ ਦੀ ਆਮਦਨ ਕਬਰਸਤਾਨਾਂ, ਮਦਰਸਿਆਂ, ਮਸਜਿਦਾਂ ਅਤੇ ਮੁਸਲਮਾਨਾਂ ਦੀ ਤਾਲੀਮੀ ਅਤੇ ਆਰਥਿਕ ਤਰੱਕੀ ਲਈ ਖ਼ਰਚ ਕੀਤੀ ਜਾਵੇਗੀ ਤਾਂ ਅਜਿਹੇ ਵਿਚ ਕੇਂਦਰ ਸਰਕਾਰ ਨੂੰ ਕੋਈ ਹੱਕ ਨਹੀਂ ਕਿ ਇਹ ਆਏ ਦਿਨ ਮੁਸਲਮਾਨਾਂ ਨੂੰ ਬਹਾਨੇ ਬਣਾ ਕੇ ਪ੍ਰੇਸ਼ਾਨ ਕਰੇ । ਉਨ੍ਹਾਂ ਕਿਹਾ ਕਿ ਫ਼ਿਲਹਾਲ ਵਕਫ਼ ਸਬੰਧੀ ਪੇਸ਼ ਕੀਤੇ ਬਿਲ ਤੇ ਵਿਚਾਰ ਕਰਨ ਲਈ 31 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਆਪਣੀ ਰਿਪੋਰਟ ਅਗਲੇ ਸੈਸ਼ਨ ਚ ਪੇਸ਼ ਕਰੇਗੀ । ਚੇਅਰਮੈਨ ਦਿਲਬਰ ਮੁਹੰਮਦ ਖਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਬਿਲ ਨੂੰ ਵਾਪਸ ਲਿਆ ਜਾਵੇ ਅਤੇ ਭਵਿੱਖ ਚ ਮੁਸਲਮਾਨਾਂ ਅਤੇ ਘੱਟ ਗਿਣਤੀਆਂ ਦੇ ਜਜ਼ਬਾਤਾਂ ਨਾਲ ਖੇਡਣ ਤੋਂ ਪਰਹੇਜ਼ ਕੀਤਾ ਜਾਵੇ ।
ਚੇਅਰਮੈਨ ਖਾਨ ਨੇ ਇਹ ਵੀ ਦੱਸਿਆ ਕਿ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਰਾਹੀ ਇਸ ਬਿਲ ਦੇ ਵਿਰੋਧ ਵਿਚ ਲੋਕ ਸਭਾ ਵਿਚ ਆਵਾਜ਼ ਬੁਲੰਦ ਕੀਤੀ ਜਾਵੇਗੀ, ਜਿਸ ਦੇ ਲਈ ਉਹ ਜਲਦ ਹੀ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਸਾਰੇ ਸਾਂਸਦਾਂ ਨੂੰ ਮਿਲਣਗੇ।
ਇਸ ਮੌਕੇ ਮੁਫ਼ਤੀ ਹਨੀਫ ਖਾਨ ਰਿੰਕੂ, ਮੁਹੰਮਦ ਵਸੀਮ, ਦਿਲਸ਼ਾਦ ਅਖਤਰ, ਗਫੂਰ ਮੁਹੰਮਦ, ਸਲਾਮ,ਅਨਵਰ ਖਾਨ, ਮੁਸ਼ਤਾਕ ਅਹਿਮਦ ਆਦਿ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *