
ਸਾਬਕਾ ਮੰਤਰੀ ਪਰਗਟ ਸਿੰਘ ਨੇ ਮੋਦੀ ਸਰਕਾਰ ਨੂੰ ਘੇਰਿਆ
ਸੰਗਰੂਰ, 27 ਦਸੰਬਰ : ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਸੰਗਰੂਰ ਦੇ ਕੇ.ਟੀ.ਰੋਇਲ ਹੋਟਲ ਵਿਖੇ ਕਾਂਗਰਸ ਦੇ ਜਿਲਾ ਪ੍ਰਧਾਨ ਜਗਦੇਵ ਗਾਗਾ ਦੀ ਅਗਵਾਈ ਹੇਠ ਮਨਰੇਗਾ ਕਾਨੂੰਨ ਨੂੰ ਨਾਮ ਬਦਲੀ ਦੇ ਬਹਾਨੇ ਖਤਮ ਕਰਨ ਦੇ ਵਿਰੋਧ ਵਿੱਚ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਆਯੋਜਨ ਕੀਤਾ ਗਿਆ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਸ੍ਰੀ ਪਰਗਟ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮਨਰੇਗਾ ਵਰਗੀ ਲੋਕ-ਹਿਤੈਸ਼ੀ ਯੋਜਨਾ ਦਾ ਨਾਮ ਅਤੇ ਰੂਪ-ਰੇਖਾ ਬਦਲ ਕੇ ਇਸਨੂੰ ਹੌਲੀ-ਹੌਲੀ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸਦਾ ਕਾਂਗਰਸ ਪਾਰਟੀ ਡਟ ਕੇ ਵਿਰੋਧ ਕਰੇਗੀ। ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਲਗਭਗ 20 ਸਾਲ ਪਹਿਲਾਂ ਲਿਆਂਦੀ ਮਨਰੇਗਾ ਸਕੀਮ ਨੇ ਕਰੋੜਾਂ ਪੇਂਡੂ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਗਾਰੰਟੀ ਦਿੱਤੀ, ਪਰ ਮੋਦੀ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਇਸ ਸਕੀਮ ਦਾ ਬਜਟ ਘਟਾਉਣ ਦੀ ਕੋਸ਼ਿਸ਼ ਕੀਤੀ। ਕਾਂਗਰਸ ਦੇ ਵਿਰੋਧ ਕਾਰਨ ਹੀ ਇਹ ਬਜਟ ਬਹਾਲ ਹੋਇਆ, ਜਿਸ ਨਾਲ ਮੋਦੀ ਸਰਕਾਰ ਦੀ ਮਨਰੇਗਾ ਪ੍ਰਤੀ ਨੀਅਤ ਬੇਨਕਾਬ ਹੋ ਗਈ ਸੀ। ਸਾਬਕਾ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਅਤੇ ਕੇਂਦਰ ਵਿਚ 10 ਫੀਸਦੀ ਤੇ 90 ਫੀਸਦੀ ਦੀ ਸਾਂਝ ਹੁੰਦੀ ਸੀ ਜੋ ਹੁਣ 40 ਫੀਸਦੀ ਅਤੇ 60 ਫੀਸਦੀ ਕਰ ਦਿੱਤੀ ਹੈ ਇਸ ਨਾਲ ਸੂਬਿਆਂ ‘ਤੇ ਵਾਧੂ ਆਰਥਿਕ ਬੋਝ ਪਵੇਗਾ। ਇਸਦੇ ਨਾਲ ਹੀ 125 ਦਿਨਾਂ ਦੇ ਰੁਜ਼ਗਾਰ ਵਾਲੇ ਕਾਰਡ ਸਾਲ ਵਿੱਚ ਸਿਰਫ ਇੱਕ ਵਾਰ ਬਣਨਗੇ, ਜਿਸ ਨਾਲ ਪਿੰਡਾਂ ਵਿੱਚ ਮਜ਼ਦੂਰਾਂ ਨੂੰ ਕੰਮ ਮਿਲਣ ‘ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਪੰਚਾਇਤਾਂ ਆਪਣੇ ਪੱਧਰ ‘ਤੇ ਮਜ਼ਦੂਰਾਂ ਤੋਂ ਕੰਮ ਕਰਵਾ ਕੇ ਉਨ੍ਹਾਂ ਨੂੰ ਭੁਗਤਾਨ ਕਰਦੀਆਂ ਸਨ, ਪਰ ਹੁਣ ਨਵੇਂ ਪ੍ਰਬੰਧਾਂ ਨਾਲ ਲੱਖਾਂ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰਨ ਦੀ ਤਿਆਰੀ ਹੈ। ਇਸ ਨਾਲ ਕਰੀਬ 25 ਲੱਖ ਮਜ਼ਦੂਰਾਂ, ਮਨਰੇਗਾ ਸਕੱਤਰਾਂ ਅਤੇ ਪੇਂਡੂ ਮੇਟਾਂ ਦਾ ਸਿੱਧਾ ਨੁਕਸਾਨ ਹੋਵੇਗਾ। ਪਰਗਟ ਸਿੰਘ ਨੇ ਦੋ ਟੋਕ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਮਨਰੇਗਾ ਨੂੰ ਕਮਜ਼ੋਰ ਜਾਂ ਖਤਮ ਨਹੀਂ ਹੋਣ ਦੇਵੇਗੀ ਅਤੇ ਰਾਜਨੀਤਿਕ ਤੇ ਸਮਾਜਿਕ ਸੰਗਠਨਾਂ ਨਾਲ ਮਿਲ ਕੇ ਇਸਦਾ ਵਿਰੋਧ ਕੀਤਾ ਜਾਵੇਗਾ। ਉਹਨਾਂ ਐਲਾਨ ਕੀਤਾ ਕਿ 30 ਦਸੰਬਰ ਤੱਕ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਇਸ ਮਸਲੇ ‘ਤੇ ਜਨਤਾ ਨੂੰ ਜਾਗਰੂਕ ਕਰੇਗੀ ਅਤੇ 5 ਜਨਵਰੀ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਮਜ਼ਦੂਰਾਂ ਅਤੇ ਆਮ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ ਜਾਵੇਗਾ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਮੋਦੀ ਸਰਕਾਰ ਨੇ ਸੰਵਿਧਾਨਕ ਦਾਇਰੇ ਤੋਂ ਬਾਹਰ ਜਾ ਕੇ ਇਹ ਕੋਝੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਵੱਡੀ ਲਹਿਰ ਖੜੀ ਹੋਵੇਗੀ, ਜਿਸਦੀ ਪੂਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਦੇਵ ਗਾਗਾ ਨੇ ਸਾਬਕਾ ਮੰਤਰੀ ਪਰਗਟ ਸਿੰਘ ਦਾ ਸੰਗਰੂਰ ਪਹੁੰਚਣ ‘ਤੇ ਸਵਾਗਤ ਕਰਦਿਆਂ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਦੀ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਕਾਂਗਰਸ ਪਾਰਟੀ ਬੂਥ ਪੱਧਰ ਤੱਕ ਲੜਾਈ ਲੜੇਗੀ ਅਤੇ ਹਰ ਕਾਂਗਰਸੀ ਵਰਕਰ ਇਸ ਸੰਘਰਸ਼ ਵਿੱਚ ਅੱਗੇ ਰਹੇਗਾ।
——————————
This news is auto published from an agency/source and may be published as received.
