AAP ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਚਾਚੀ ਵੀ ਹਾਰ ਗਈ ਚੋਣ ਤਕਰਾਰ ਤੋਂ ਬਾਅਦ ਅਕਾਲੀ ਦਲ ਦਾ ਉਮੀਦਵਾਰ 23 ਵੋਟਾਂ ਨਾਲ ਜੇਤੂ ਐਲਾਨਿਆ

ਤਲਵੰਡੀ ਸਾਬੋ, 18 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਇਥੇ ਕੱਲ ਐਲਾਨੇ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਕਾਰਨ ਜਿੱਥੇ ਸੱਤਾ ਧਿਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਉਥੇ ਹਲਕੇ ਦੀ ਸਭ ਤੋਂ ‘ਵੱਕਾਰੀ’ ਬਲਾਕ ਸੰਮਤੀ ਜ਼ੋਨ ਜੰਬਰ ਬਸਤੀ ਦੇ ਨਤੀਜੇ ਨੇ ਸੱਤਾਧਿਰ ਨੂੰ ਵੱਡੀ ਢਾਹ ਲਾ ਦਿਤੀ ਕਿਉਂਕਿ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਦੇ ਪਿੰਡ ਤੇ ਆਧਾਰਿਤ ਇਸ ਬਲਾਕ ਸੰਮਤੀ ਜ਼ੋਨ ਤੋਂ ‘ਆਪ’ ਉਮੀਦਵਾਰ ਵਜੋਂ ਚੋਣ ਲੜ ਰਹੇ ਵਿਧਾਇਕਾ ਦੇ ਚਾਚੀ ਚੋਣ ਹਾਰ ਗਏ। ਵਿਧਾਇਕਾ ਬੀਬਾ ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ 'ਤੇ ਆਧਾਰਤ ਬਲਾਕ ਸੰਮਤੀ ਜ਼ੋਨ ਉਦੋਂ ਤੋਂ ਹੀ ਚਰਚਾ 'ਚ ਸੀ। ਜਦ ਵਿਧਾਇਕਾ ਨੇ ਆਪਣੀ ਚਾਚੀ ਗੁਰਦੀਪ ਕੌਰ ਨੂੰ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ 'ਚ ਉਤਾਰ ਦਿਤਾ ਸੀ। ਅਕਾਲੀ ਦਲ (ਬ) ਨੇ ਵਿਧਾਇਕਾ ਦੇ ਪਿੰਡ ਦੇ ਹੀ ਇਕ ਸਾਬਕਾ ਪੰਚਾਇਤ ਮੈਂਬਰ ਨੂੰ ਚੋਣ ਮੈਦਾਨ 'ਚ ਉਤਾਰਿਆ। ਸਮੁੱਚੇ ਹਲਕੇ ਦੀ ਨਜ਼ਰ ਹੀ ਇਸ ਬਲਾਕ ਸੰਮਤੀ ਜ਼ੋਨ ਦੇ ਨਤੀਜਿਆਂ ਤੇ ਲੱਗੀ ਹੋਈ ਸੀ ਕਿਉਂਕਿ ਅਕਾਲੀ ਦਲ ਨੇ ਵਿਧਾਇਕਾ ਦੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਕਥਿਤ ਦੋਸ਼ ਲਾ ਕੇ ਆਪਣੇ ਚਾਚੀ ਨੂੰ ਜਿਤਾਉਣ ਦੀ ਕੋਸ਼ਿਸ ਦੇ ਇਲਜ਼ਾਮ ਲਾਏ ਸਨ। ਅਕਾਲੀ ਉਮੀਦਵਾਰ ਗੁਰਦਿੱਤ ਸਿੰਘ ‘ਆਪ’ ਉਮੀਦਵਾਰ ਤੋਂ 23 ਵੋਟਾਂ ਨਾਲ ਜਿੱਤ ਗਿਆ। ਹਾਲਾਂਕਿ ‘ਆਪ’ ਦੇ ਚੋਣ ਏਜੰਟਾਂ ਵਲੋਂ ਦੁਬਾਰਾ ਗਿਣਤੀ ਦੀ ਮੰਗ ਕਰਨ ਅਤੇ ਇਸੇ ਦੌਰਾਨ ਅਕਾਲੀ ਵਰਕਰਾਂ ਨੇ ਨਤੀਜਿਆਂ 'ਚ ਹੇਰਫੇਰ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਅਕਾਲੀ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ 'ਚ ਗਿਣਤੀ ਕੇਂਦਰ ਦੇ ਬਾਹਰ ਤਲਵੰਡੀ ਸਾਬੋ ਬਠਿੰਡਾ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਆਰੰਭ ਦਿਤਾ, ਜਿਸ ਨਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉੱਧਰ, ਪ੍ਰਸ਼ਾਸਨ ਵਲੋਂ ਬਾਅਦ 'ਚ ਅਕਾਲੀ ਉਮੀਦਵਾਰ ਨੂੰ ਜੇਤੂ ਕਰਾਰ ਦੇ ਕੇ ਉਸ ਨੂੰ ਜਿੱਤ ਦਾ ਪ੍ਰਮਾਣ ਪੱਤਰ ਦੇ ਦੇਣ ਤੇ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਅਕਾਲੀ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਵਿਧਾਇਕਾ ਦੇ ਪਿੰਡ ਦੇ ਲੋਕਾਂ ਨੇ ਧੱਕੇਸ਼ਾਹੀ ਤੇ ਵਧੀਕੀਆਂ ਖਿਲਾਫ਼ ਫ਼ਤਵਾ ਦਿਤਾ ਹੈ।

——————————
This news is auto published from an agency/source and may be published as received.

Leave a Reply

Your email address will not be published. Required fields are marked *