
ਨਵੀਂ ਦਿੱਲੀ, 18 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਉੱਤਰੀ ਅਤੇ ਮੱਧ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਭਾਰੀ ਠੰਢ ਅਤੇ ਸੰਘਣੀ ਧੁੰਦ ਦਾ ਦੌਰ ਜਾਰੀ ਹੈ। ਭਾਰਤੀ ਮੌਸਮ ਵਿਭਾਗ ਅਤੇ ਵੱਖ-ਵੱਖ ਖੇਤਰੀ ਕੇਂਦਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ ਸੀਤ ਲਹਿਰ ਰਹੇਗੀ ਅਤੇ ਪਹਾੜਾਂ ਵਿਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਠੰਢੀਆਂ ਹਵਾਵਾਂ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਅਗਲੇ 48 ਘੰਟਿਆਂ ਵਿੱਚ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਠੰਢ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਪਹਾੜੀ ਇਲਾਕਿਆਂ ਤੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਸਰਗਰਮ ਰਹਿਣਗੀਆਂ। ਦਿੱਲੀ, ਪੰਜਾਬ ਅਤੇ ਹਰਿਆਣਾ ਤਕ ਉੱਤਰੀ ਭਾਰਤੀ ਰਾਜਾਂ ਵਿੱਚ ਸੰਘਣੀ ਧੁੰਦ ਛਾਈ ਰਹੀ। ਧੁੰਦ ਇੰਨੀ ਸੰਘਣੀ ਹੈ ਕਿ ਦ੍ਰਿਸ਼ਟੀ 5 ਮੀਟਰ ਦੀ ਦੂਰੀ ਤਕ ਸੀਮਤ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਇਨ੍ਹਾਂ ਉੱਤਰੀ ਭਾਰਤੀ ਰਾਜਾਂ ਵਿਚ ਸੰਘਣੀ ਅਤੇ ਬਹੁਤ ਸੰਘਣੀ ਧੁੰਦ ਦੀ ਚਿਤਾਵਨੀ ਦਿਤੀ ਸੀ। ਸੰਘਣੀ ਧੁੰਦ ਕਾਰਨ ਵਾਹਨ ਸੜਕਾਂ 'ਤੇ ਰੇਂਗਦੇ ਦਿਖਾਈ ਦਿਤੇ। 18 ਦਸੰਬਰ ਦੀ ਰਾਤ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ, ਅੰਮ੍ਰਿਤਸਰ ਅਤੇ ਪਠਾਨਕੋਟ ਦੇ ਆਲੇ-ਦੁਆਲੇ ਹਲਕੀ ਬੂੰਦਾ-ਬਾਂਦੀ ਹੋ ਸਕਦੀ ਹੈ, ਜਿਸ ਨਾਲ ਠੰਢ ਹੋਰ ਵਧੇਗੀ। ਲਗਾਤਾਰ ਡਿੱਗ ਰਹੇ ਤਾਪਮਾਨ ਦੇ ਕਾਰਨ, ਦਿਲ ਅਤੇ ਸਾਹ ਦੇ ਮਰੀਜ਼ਾਂ ਨੂੰ ਸਵੇਰ ਦੀ ਸੈਰ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਠੰਡ ਤੋਂ ਬਚਾਉਣ ਲਈ ਹਲਕੀ ਸਿੰਚਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਮੋਹਾਲੀ ਵਿਚ ਧੁੰਦ ਕਾਰਨ ਵੀਰਵਾਰ ਸਵੇਰੇ ਖਰੜ-ਕੁਰਾਲੀ ਹਾਈਵੇਅ 'ਤੇ ਦੋ ਸਕੂਲ ਬੱਸਾਂ ਆਪਸ ਵਿਚ ਟਕਰਾ ਗਈਆਂ। ਇਕ ਬੱਸ ਦਿੱਲੀ ਪਬਲਿਕ ਸਕੂਲ ਦੀ ਸੀ ਅਤੇ ਦੂਜੀ ਸੇਂਟ ਐਜ਼ਰਾ ਸਕੂਲ, ਖਰੜ ਦੀ ਸੀ। ਇਹ ਹਾਦਸਾ ਜਮੁਨਾ ਅਪਾਰਟਮੈਂਟਸ ਦੇ ਸਾਹਮਣੇ ਸਰਵਿਸ ਰੋਡ 'ਤੇ ਵਾਪਰਿਆ। ਇਕ ਬੱਸ ਕੁਰਾਲੀ ਤੋਂ ਆ ਰਹੀ ਸੀ ਜਦਕਿ ਦੂਜੀ ਗਲਤ ਦਿਸ਼ਾ ਤੋਂ ਕੁਰਾਲੀ ਵੱਲ ਜਾ ਰਹੀ ਸੀ। ਇਸ ਹਾਦਸੇ ਵਿਚ ਦਿੱਲੀ ਪਬਲਿਕ ਸਕੂਲ ਦੀ ਬੱਸ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ। ਕਈ ਬੱਚੇ ਵੀ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਨੇੜਲੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਸਮੇਂ ਭਾਰੀ ਧੁੰਦ ਸੀ।
——————————
This news is auto published from an agency/source and may be published as received.
