ਸੂਆ ਟੁੱਟਣ ਕਾਰਨ 70 ਏਕੜ ਤੋਂ ਵੱਧ ਰਕਬੇ ’ਚ ਲਾਈਆਂ ਸਬਜ਼ੀਆਂ ਤੇ ਫ਼ਸਲਾਂ ਤਬਾਹ

ਕੋਟਕਪੂਰਾ, 11 ਦਸੰਬਰ: ਨੇੜਲੇ ਪਿੰਡ ਕੋਹਾਰਵਾਲਾ ਕੋਲੋਂ ਲੰਘਦੇ ਸੂਏ ਦੇ ਟੁੱਟਣ ਕਾਰਨ 70 ਏਕੜ ਤੋਂ ਜ਼ਿਆਦਾ ਸਬਜ਼ੀਆਂ ਤੇ ਹੋਰ ਫ਼ਸਲ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆਹੈ। ਕਿਸਾਨਾਂ ਨੇ ਟੁੱਟੇ ਸੂਏ ਵਾਲਾ ਬੰਨ੍ਹ ਮਾਰਨ ਦੀ ਬਹੁਤ ਕੋਸ਼ਿਸ਼ ਕੀਤੀ ਹੈ। ਸੂਚਨਾ ਮਿਲਣ ’ਤੇ ਪੁੱਜੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਇਹ ਸੂਆ ਹਰ ਸਾਲ ਟੁੱਟ ਜਾਂਦਾ ਹੈ। ਲਿਖਤੀ ਤੇ ਜੁਬਾਨੀ ਤੌਰ ’ਤੇ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਇਸ ਦੀ ਨਾਕਿਸ ਹੋ ਚੁੱਕੀ ਹਾਲਤ ਦੀ ਮੁਰੰਮਤ ਕਰਵਾਉਣ ਦੀ ਜ਼ਰੂਰਤ ਹੀ ਨਹੀਂ ਸਮਝੀ ਗਈ। ਜਰਨੈਲ ਸਿੰਘ, ਚਮਕੌਰ ਸਿੰਘ, ਜਗਸੀਰ ਸਿੰਘ, ਤੇਜਿੰਦਰ ਸਿੰਘ ਸਮੇਤ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਇਹ ਸੂਆ ਪਿਛਲੇ ਕਈ ਸਾਲਾਂ ਤੋਂ ਬੁਰੀ ਹਾਲਤ ਵਿਚ ਹੈ ਤੇ ਅਕਸਰ ਤੇਜ਼ ਬਾਰਿਸ਼ ਦੌਰਾਨ ਟੁੱਟ ਜਾਂਦਾ ਹੈ ਪਰ ਵਿਭਾਗ ਵੱਲੋਂ ਹਾਲੇ ਤੱਕ ਇਸ ਦੀ ਪੱਕੀ ਮੁਰੰਮਤ ਨਹੀਂ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਇਸੇ ਜਗ੍ਹਾ ਸੂਆ ਟੁੱਟਣ ਨਾਲ ਅਜਿਹੀ ਸਥਿਤੀ ਪੈਦਾ ਹੋਈ ਸੀ, ਉਦੋਂ ਵੀ ਵਿਭਾਗ ਨੂੰ ਇਸ ਦੀ ਪੱਕੀ ਮੁਰੰਮਤ ਲਈ ਬੇਨਤੀ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ। ਕਈ ਕਿਸਾਨਾਂ ਨੇ ਦੱਸਿਆ ਕਿ ਗੋਭੀ, ਮਿਰਚ, ਫੁੱਲ ਗੋਭੀ, ਪਾਠਕ ਸਮੇਤ ਹੋਰ ਅਨੇਕਾਂ ਮੌਸਮੀ ਸਬਜ਼ੀਆਂ ਦੀ ਫ਼ਸਲ ਪੂਰੀ ਤਰ੍ਹਾਂ ਨਸ਼ਟ ਹੋ ਜਾਣ ਕਾਰਨ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫਿਰ ਗਿਆ ਪਰ ਕਰਜ਼ਾ ਚੁੱਕ ਕੇ ਉਗਾਈਆਂ ਸਬਜ਼ੀਆਂ ਦਾ ਨੁਕਸਾਨ ਬਰਦਾਸ਼ਤ ਤੋਂ ਬਾਹਰ ਹੈ। ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਰ ਸੰਭਵ ਮਦਦ ਦਿਵਾਉਣ ਦਾ ਭਰੋਸਾ ਦਿੰਦਿਆਂ ਪ੍ਰਸ਼ਾਸ਼ਨਕ ਅਧਿਕਾਰੀਆਂ ਨੂੰ ਇਸ ਸਮੱਸਿਆ ਦੇ ਮੁਕੰਮਲ ਹੱਲ ਕਰਨ ਦੀ ਹਦਾਇਤ ਕੀਤੀ।

——————————
This news is auto published from an agency/source and may be published as received.

Leave a Reply

Your email address will not be published. Required fields are marked *