
ਐਨ.ਡੀ.ਆਰ.ਐਫ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਭੂਚਾਲ ਆਫ਼ਤ ਪ੍ਰਬੰਧਨ ਮੌਕ ਡਰਿੱਲ ਦਾ ਆਯੋਜਨ
ਫਤਹਿਗੜ੍ਹ ਸਾਹਿਬ, 11 ਦਸੰਬਰ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੀ ਟੀਮ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵੱਡੀ ਭੂਚਾਲ ਆਫ਼ਤ ਪ੍ਰਬੰਧਨ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆ। ਇਸ ਡਰਿੱਲ ਦਾ ਮੁੱਖ ਉਦੇਸ਼ ਭੂਚਾਲ ਵਰਗੀ ਅਚਾਨਕ ਆਫ਼ਤ ਦੀ ਸਥਿਤੀ ਵਿੱਚ ਪ੍ਰਸ਼ਾਸਨ, ਐਨ.ਡੀ.ਆਰ.ਐਫ. ਅਤੇ ਹੋਰ ਸਬੰਧਤ ਏਜੰਸੀਆਂ ਦੀ ਤਿਆਰੀ ਅਤੇ ਤਾਲਮੇਲ ਦਾ ਜਾਇਜ਼ਾ ਲੈਣਾ ਸੀ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ ਸੋਨਾ ਥਿੰਦ, ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਮੁੱਖ ਮੰਤਰੀ ਫੀਲਡ ਅਫਸਰ ਸ਼ੰਕਰ ਸ਼ਰਮਾ ਨੇ ਮੌਕ ਡਰਿੱਲ ਪ੍ਰਕਿਰਿਆ ਦੇਖੀ।
ਐਨ.ਡੀ.ਆਰ.ਐਫ ਦੀ 7ਵੀਂ ਬਟਾਲੀਅਨ ਦੀਪਕ ਸਿੰਘ, ਡਿਪਟੀ ਕਮਾਂਡੈਂਟ, ਇੰਸਪੈਕਟਰ ਸੰਜੇ ਬਿਸ਼ਟ ਅਤੇ ਸਬ ਇੰਸਪੈਕਟਰ ਅਸ਼ੀਸ਼ ਦੀ ਮੌਜੂਦਗੀ ਵਿੱਚ ਹੋਈ ਮੌਕ ਡਰਿੱਲ ਦੌਰਾਨ ਇੱਕ ਵਿਨਾਸ਼ਕਾਰੀ ਭੂਚਾਲ ਦੇ ਮਾਹੌਲ ਨੂੰ ਦਰਸਾਇਆ ਗਿਆ, ਜਿਸ ਵਿੱਚ ਇਮਾਰਤਾਂ ਦੇ ਨੁਕਸਾਨ ਅਤੇ ਲੋਕਾਂ ਦੇ ਜ਼ਖਮੀ ਹੋਣ ਦੇ ਦ੍ਰਿਸ਼ ਸ਼ਾਮਲ ਸਨ। ਐਨ.ਡੀ.ਆਰ.ਐਫ. ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਖੋਜ ਅਤੇ ਬਚਾਅ ਕਾਰਜਾਂ ਦਾ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਮਲਬੇ ਹੇਠਾਂ ਦੱਬੇ ਹੋਏ ‘ਪੀੜਤਾਂ’ ਨੂੰ ਬਾਹਰ ਕੱਢਣ, ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਅਤੇ ਐਂਬੂਲੈਂਸਾਂ ਰਾਹੀਂ ਹਸਪਤਾਲ ਭੇਜਣ ਦੀ ਪ੍ਰਕਿਰਿਆ ਦਾ ਅਭਿਆਸ ਕੀਤਾ ਗਿਆ।
ਇਸ ਡਰਿੱਲ ਵਿੱਚ ਪੁਲਿਸ, ਸਿਹਤ ਵਿਭਾਗ, ਫਾਇਰ ਬ੍ਰਿਗੇਡ, ਫੂਡ ਤੇ ਸਿਵਲ ਸਪਲਾਈ, ਪੰਜਾਬ ਹੋਮ ਗਾਰਡਸ, ਸਿਵਲ ਡਿਫੈਂਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ।

ਮੌਕ ਡਰਿੱਲ ਦੇ ਮੁਕੰਮਲ ਹੋਣ ਤੋਂ ਬਾਅਦ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਇਸ ਅਭਿਆਸ ਨੇ ਸਾਡੀ ਤਿਆਰੀ ਦੇ ਪੱਧਰ ਨੂੰ ਪਰਖਣ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ. ਦੀ ਪੇਸ਼ੇਵਰਾਨਾ ਪਹੁੰਚ ਸ਼ਲਾਘਾਯੋਗ ਹੈ। ਉਨ੍ਹਾਂ ਨੇ ਸਮੂਹ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਅਤੇ ਆਫ਼ਤ ਪ੍ਰਬੰਧਨ ਯੋਜਨਾਵਾਂ ਦੀ ਨਿਯਮਤ ਤੌਰ ‘ਤੇ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ।
——————————
This news is auto published from an agency/source and may be published as received.
