ਅਧਿਆਪਕਾਂ ਦੇ ਲਈ ਖੁਸ਼ਖਬਰੀ; ਮਿਹਨਤਾਨੇ ਵਿੱਚ 33% ਦਾ ਵਾਧਾ

ਮੋਹਾਲੀ, 05 ਜਨਵਰੀ (ਨਿਊਜ਼ ਟਾਊਨ) : ਪਿਛਲੇ ਦਿਨੀ ਬੋਰਡ ਦੇ ਚੇਅਰਪਰਸਨ ਡਾ਼ ਸਤਬੀਰ ਬੇਦੀ, ਆਈ.ਏ.ਐੱਸ.(ਰਿਟਾ.) ਦੀ ਪ੍ਰਧਾਨਗੀ ਹੇਠ ਹੋਈ ਬੋਰਡ ਦੀ ਇਕੱਤਰਤਾ ਵਿੱਚ ਅਧਿਆਪਕ ਵਰਗ ਦੇ ਹੱਕ ਵਿੱਚ ਅਹਿਮ ਫੈਸਲਾ ਲੈਂਦੇ ਹੋਏ ਬੋਰਡ ਦੀ ਪ੍ਰੀਖਿਆਵਾਂ ਦੌਰਾਨ ਹੱਲ ਹੋਈਆਂ ਉੱਤਰ ਪੱਤਰੀਆਂ ਦੀ ਮਾਰਕਿੰਗ ਕਰਨ ਦੇ ਇਵਜ ਵਿੱਚ ਦਿੱਤੇ ਜਾਂਦੇ ਮਿਹਨਤਾਨੇ ਵਿੱਚ ਵਾਧਾ ਕੀਤਾ ਗਿਆ ਹੈ। ਕੀਤੇ ਗਏ ਵਾਧੇ ਅਨੁਸਾਰ ਹੁਣ ਮਾਰਕਿੰਗ ਕਰਨ ਵਾਲੇ ਪਰੀਖਿਅਕਾਂ ਨੂੰ ਮਾਰਚ 2024 ਦੀਆਂ ਪਰੀਖਿਆਵਾਂ ਤੋਂ ਦਸਵੀਂ ਸ਼੍ਰੇਣੀ ਦੀ ਉੰਤਰ ਪੱਤਰੀ ਦੀ ਮਾਰਕਿੰਗ ਲਈ ਪਹਿਲਾਂ ਨਿਰਧਾਰਜਤ 6.25/- ਰੁਪਏ ਦੀ ਥਾਂ 8.50/-ਰੁਪਏ ਅਤੇ ਬਾਰ੍ਹਵੀਂ ਸ਼੍ਰੇਣੀ ਲਈ 7.50/-ਰੁਪਏ ਦੀ ਥਾਂ 10.00/- ਰੁਪਏ ਪ੍ਰਤੀ ਉੱਤਰ ਪੱਤਰੀ ਮਿਹਨਤਾਨੇ ਵਜੋਂ ਅਦਾਇਗੀ ਦਿੱਤੀ ਜਾਵੇਗੀ।

ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਅਪੀਅਰ ਹੋਣ ਵਾਲੇ ਪਰੀਖਿਆਰਥੀਆਂ ਨੂੰ ਬੋਰਡ ਵੱਲੋਂ ਮੁੜ ਮੁਲੰਕਣ ਦੀ ਸੁਵਿਧਾ ਦਿੱਤੀ ਹੋਈ ਸੀ। ਇਸ ਵਿਧੀ ਅਨੁਸਾਰ ਨਤੀਜਾ ਘੋਸ਼ਿਤ ਕਰਨ ਵਿੱਚ ਹੁੰਦੀ ਦੇਰੀ ਕਾਰਨ ਪਰੀਖਿਆਰਥੀਆਂ ਦੀ ਪ੍ਰੇਸ਼ਾਨੀ ਅਤੇ ਕੁੱਝ ਤਕਨੀਕੀ ਕਾਰਨਾ ਦੇ ਮੱਦੇਨਜ਼ਰ ਬੋਰਡ ਵੱਲੋਂ ਲਏ ਗਏ ਫੈਸਲੇ ਅਨੁਸਾਰ ਮੁੜ ਮੁਲੰਕਣ ਦੇ ਉਪਬੰਧ ਨੂੰ ਮਾਰਚ 2024 ਦੀਆਂ ਪ੍ਰੀਖਿਆਵਾਂ ਤੋਂ ਬੰਦ ਕਰਨ ਦਾ ਨਿਰਣਾ ਲਿਆ ਗਿਆ  ਹੈ। ਪਰੀਖਿਆਰਥੀਆਂ ਲਈ ਉੱਤਰ ਪੱਤਰੀਆਂ ਦੀ ਰੀ-ਚੈਕਿੰਗ ਦੀ ਸੁਵਿਧਾ ਪਹਿਲਾਂ ਦੀ ਤਰਾਂ ਜਾਰੀ ਰਹੇਗੀ।

ਬੋਰਡ ਵੱਲੋਂ ਚਲਾਏ ਜਾ ਰਹੇ 11 ਆਦਰਸ਼ ਸੀਨੀਅਰ ਸੈਕੰਡਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਬੋਰਡ ਦੀ ਮੀਟਿੰਗ ਵਿੱਚ ਹੋਏ ਡੂੰਘੇ ਵਿਚਾਰ ਵਟਾਂਦਰੇ ਉਪਰੰਤ ਸਕੂਲਾਂ ਦੀਆਂ ਗਤੀਵਿਧੀਆਂ , ਬੁਨਿਆਦੀ ਢਾਂਚੇ, ਵਿੱਤੀ ਸੁਧਾਰ  ਅਤੇ ਟੀਚਰ ਟ੍ਰੇਨਿੰਗ ਆਦਿ ਸਬੰਧੀ ਵਿਸ਼ੇਸ਼ ਨਿਰਣੇ ਲਏ ਗਏ। ਸਕੂਲਾਂ ਦੀ ਕਾਰਜ ਪ੍ਰਣਾਲੀ ਵਿੱਚ ਇੱਕਸਾਰਤਾ ਲਿਆਉਣ ਦੇ ਮੰਤਵ ਲਈ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਵਰਦੀਆਂ, ਸਵੇਰ ਦੀ ਅਸੈੱਬਲੀ ਵਿੱਚ ਕੀਤੀ ਜਾਣ ਵਾਲੀ ਪ੍ਰਾਰਥਨਾ, ਸਕੂਲ ਗੀਤ ਅਤੇ ਲੋਗੋ ਆਦਿ ਵਿੱਚ ਸਮਾਨਤਾ ਲਿਆਂਦੀ ਜਾਵੇਗੀ। ਇਨ੍ਹਾਂ ਸਕੂਲਾਂ ਵਿੱਚ ਸਮੂਹ ਸ਼੍ਰੇਣੀਆਂ ਦਾ ਟਾਈਮ ਟੇਬਲ ਇੱਕਸਾਰ ਕੀਤਾ ਜਾਵੇਗਾ ਤਾਂ ਜੋ ਕਿਸੇ ਅਧਿਆਪਕ ਦੀ ਘਾਟ/ਛੁੱਟੀ ਦੌਰਾਨ Kyan (ਆਨਲਾਈਨ) ਦੀ ਵਰਤੋਂ ਕਰਦੇ ਹੋਏ ਵਿਦਿਆਰਥੀਆਂ ਨੂੰ ਹੋਰ ਸਕੂਲ ਵਿੱਚ ਮੌਜੂਦ ਅਧਿਆਪਕ ਵੱਲੋਂ ਪੜ੍ਹਾਇਆ ਜਾ ਸਕੇ। ਸਮੂਹ 11 ਆਦਰਸ਼ ਸਕੂਲਾਂ ਦੀ ਇੱਕ ਵੱਖਰੀ ਵੈੱਬਸਾਈਟ ਬਣਾਈ ਜਾਵੇਗੀ ਜੋ ਕਿ ਬੋਰਡ ਦੀ ਵੈੱਬਸਾਈਟ ਨਾਲ ਲਿੰਕ ਹੋਵੇਗੀ।

 

Leave a Reply

Your email address will not be published. Required fields are marked *