ਬੇਟੀ ਨਾਲ ਛੇੜਛਾੜ ਦਾ ਵਿਰੋਧ ਕਰਨ ਵਾਲੇ ਪਿਤਾ ਦਾ ਕਤਲ ਘਰੋਂ ਨਿਕਲਦੇ ਹੀ ਘੇਰ ਕੇ ਕੀਤਾ ਹਮਲਾ

ਫ਼ਾਜ਼ਿਲਕਾ, 8 ਦਸੰਬਰ (ਨਿਊਜ਼ ਟਾਊਨ ਨੈਟਵਰਕ): ਫ਼ਾਜ਼ਿਲਕਾ ਵਿਚ ਬੇਟੀ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਇਕ ਵਿਅਕਤੀ ਦਾ ਕਤਲ ਕਰ ਦਿਤਾ ਗਿਆ ਹੈ। ਇਕ ਗੁਆਂਢੀ ਪਰਿਵਾਰ ਨੇ ਉਸ ਨੂੰ ਘਰ ਦੇ ਬਾਹਰ ਘੇਰ ਲਿਆ ਅਤੇ ਉਸ ਦੀ ਗਰਦਨ ਅਤੇ ਸਿਰ 'ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਹਮਲਾ ਕਰਨ ਵਾਲੇ ਪਰਿਵਾਰ ਵਿਰੁਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ੀ ਇਸ ਸਮੇਂ ਆਪਣੇ ਪਰਿਵਾਰ ਸਮੇਤ ਫ਼ਰਾਰ ਹੈ। ਪੁਲਿਸ ਅਨੁਸਾਰ ਭੰਗਾਲਾ ਪਿੰਡ ਦਾ ਇਕ ਨੌਜਵਾਨ ਕੁਝ ਸਮੇਂ ਤੋਂ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਉਸ ਦਾ ਉਲਾਭਾ ਲੈ ਕੇ ਉਹ ਉਸ ਦੇ ਘਰ ਜਾ ਰਿਹਾ ਸੀ। ਇਸ ਦੌਰਾਨ ਉਸ 'ਤੇ ਹਮਲਾ ਕਰ ਦਿਤਾ। ਮ੍ਰਿਤਕ ਤਿੰਨ ਬੱਚਿਆਂ ਦਾ ਪਿਤਾ ਸੀ। ਮ੍ਰਿਤਕ ਬਲਕਾਰ ਸਿੰਘ ਮਜ਼ਦੂਰੀ ਕਰਦਾ ਸੀ। ਉਸ ਦੇ ਪਿੱਛੇ ਦੋ ਪੁੱਤਰ ਅਤੇ ਇਕ ਧੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰੇ ਅਤੇ ਸਖ਼ਤ ਕਾਰਵਾਈ ਕਰੇ। ਜਾਣਕਾਰੀ ਅਨੁਸਾਰ ਬਲਕਾਰ ਸਿੰਘ ਐਤਵਾਰ ਨੂੰ ਪਿੰਡ ਵਿਚ ਇਕ ਵਿਆਹ ਸਮਾਰੋਹ ਲਈ ਇਕ ਰਿਸ਼ਤੇਦਾਰ ਦੇ ਘਰ ਗਿਆ ਸੀ। ਉਥੇ ਹੀ ਉਸ ਦੀ ਬੇਟੀ ਨਾਲ ਛੇੜਛਾੜ ਕਰਨ ਵਾਲੇ ਨੌਜਵਾਨ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ। ਜਿਸ ਤੋਂ ਪ੍ਰੇਸ਼ਾਨ ਹੋ ਕੇ ਬਲਕਾਰ ਸਿੰਘ ਵਿਆਹ ਛੱਡ ਕੇ ਘਰ ਵਾਪਸ ਆ ਗਿਆ। ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ ਸ਼ਾਮ 5 ਵਜੇ ਉਸ ਦਾ ਪਤੀ ਸ਼ਿਕਾਇਤ ਕਰਨ ਲਈ ਮਨਜਿੰਦਰ ਸਿੰਘ ਉਰਫ਼ ਮਨੀ ਦੇ ਘਰ ਜਾ ਰਿਹਾ ਸੀ। ਘਰ ਦੇ ਬਾਹਰ ਹੀ ਨੌਜਵਾਨ ਮਨਜਿੰਦਰ ਸਿੰਘ ਉਰਫ਼ ਮਨੀ, ਉਸ ਦੇ ਭਰਾ ਤਰਸੇਮ ਸਿੰਘ, ਪਿਤਾ ਚੰਦ ਸਿੰਘ ਅਤੇ ਮਾਂ ਹਰਪ੍ਰੀਤ ਕੌਰ ਨੇ ਬਲਕਾਰ ਸਿੰਘ 'ਤੇ ਹਮਲਾ ਕਰ ਦਿਤਾ। ਉਨ੍ਹਾਂ ਨੇ ਉਸ ਦੀ ਗਰਦਨ ਅਤੇ ਸਿਰ 'ਤੇ ਕਈ ਵਾਰ ਕੀਤੇ। ਦੋਸ਼ੀ ਇਸ ਸਮੇਂ ਆਪਣੇ ਪਰਿਵਾਰ ਸਮੇਤ ਫ਼ਰਾਰ ਹੈ। ਪਰਿਵਾਰ ਅਨੁਸਾਰ ਲੜਕਾ ਕਾਫ਼ੀ ਸਮੇਂ ਤੋਂ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਲੜਕੀ 12ਵੀਂ ਪਾਸ ਕਰਨ ਤੋਂ ਬਾਅਦ ਘਰ ਹੀ ਰਹਿ ਰਹੀ ਸੀ ਅਤੇ ਪੜ੍ਹਾਈ ਨਹੀਂ ਕਰ ਰਹੀ ਸੀ। ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਇੰਚਾਰਜ ਰਵਿੰਦਰ ਸ਼ਰਮਾ ਨੇ ਕਿਹਾ ਕਿ ਲੜਕੀ ਦੀ ਮਾਂ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਤਿੰਨ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਚਾਰਾਂ ਵਿਚੋਂ ਇੱਕ ਨੂੰ ਦੇਰ ਸ਼ਾਮ ਤਕ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

——————————
This news is auto published from an agency/source and may be published as received.

Leave a Reply

Your email address will not be published. Required fields are marked *