ਅਜਨਾਲਾ ‘ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦਾ ਕਾਂਗਰਸ ਵਲੋਂ ਬਾਈਕਾਟ

ਅਜਨਾਲਾ, 6 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਹੋ ਰਹੀ ਕਥਿਤ ਧੱਕੇਸ਼ਾਹੀ ਦੇ ਵਿਰੋਧ ‘ਚ ਕਾਂਗਰਸ ਪਾਰਟੀ ਨੇ ਅਜਨਾਲਾ ਹਲਕੇ ਵਿੱਚ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਇਸ ਸਬੰਧੀ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਅਜਨਾਲਾ ਵਿੱਚ ਪ੍ਰੈਸ ਕਾਨਫਰੰਸ ਕਰਕੇ ਸਰਕਾਰ 'ਤੇ ਗੰਭੀਰ ਆਰੋਪ ਲਗਾਏ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਸ ਤਰ੍ਹਾਂ ਦੀ ਧੱਕੇਸ਼ਾਹੀ ਜਾਰੀ ਰਹੀ ਤਾਂ ਕਾਂਗਰਸ ਹੋਰ ਵਧ ਚੜ੍ਹ ਕੇ ਲੋਕਤੰਤਰ ਦੀ ਰੱਖਿਆ ਲਈ ਸੰਘਰਸ਼ ਕਰੇਗੀ। ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਰਾਜਾਸਾਂਸੀ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਖ਼ਿਲਾਫ਼ ਜਾਣ-ਬੁੱਝ ਕੇ ਝੂਠੀ ਐਫਆਈਆਰ ਦਰਜ ਕਰਵਾਈ ਗਈ ਹੈ ਤਾਂ ਜੋ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾ ਸਕੇ ਤੇ ਚੋਣ ਮੈਦਾਨ ਤੋਂ ਦੂਰ ਕੀਤਾ ਜਾ ਸਕੇ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਸੂਬੇ ਭਰ ‘ਚ ਚੋਣਾਂ ਦੌਰਾਨ ਖੁੱਲ੍ਹੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਅਤੇ ਲਾਗੇ-ਲਾਗੇ ਦੇ ਖੇਤਰਾਂ ਵਿੱਚ ਕਾਂਗਰਸ ਦੇ ਉਹ ਉਮੀਦਵਾਰ, ਜੋ ਜਿੱਤ ਵੱਲ ਵਧ ਰਹੇ ਸਨ, ਉਨ੍ਹਾਂ ਦੇ ਨਾਮਜ਼ਦਗੀ ਪੱਤਰ ਜਾਣਬੁੱਝ ਕੇ ਰੱਦ ਕਰਵਾਏ ਗਏ ਹਨ, ਜੋ ਲੋਕਤੰਤਰ ਲਈ ਘਾਤਕ ਹੈ। ਹਰਪ੍ਰਤਾਪ ਸਿੰਘ ਅਜਨਾਲਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਇਹਨਾਂ ਗੰਭੀਰ ਮਾਮਲਿਆਂ ਵੱਲ ਤੁਰੰਤ ਧਿਆਨ ਦੇ ਕੇ ਜਾਂਚ ਕਰਵਾਈ ਜਾਵੇ ਅਤੇ ਪਾਰਦਰਸ਼ੀ, ਨਿਰਪੱਖ ਚੋਣ ਕਰਾਉਣ ਲਈ ਸਖ਼ਤ ਕਦਮ ਚੁੱਕੇ ਜਾਣ।

——————————
This news is auto published from an agency/source and may be published as received.

Leave a Reply

Your email address will not be published. Required fields are marked *