
ਪ੍ਰੋ. ਰੌਣਕੀ ਰਾਮ –
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸਮੁੱਚਾ ਨਿਸ਼ਕਾਮ ਤੇ ਲਾਸਾਨੀ ਸੰਘਰਸ਼ ਕਿਸੇ ਇਕ ਫਿਰਕੇ, ਕੁਨਬੇ, ਇਲਾਕੇ ਤੇ ਸਿਆਸੀ ਸੀਮਾਵਾਂ ਤੋਂ ਹਟ ਕੇ ਅਨਿਆਂ ਦੇ ਖ਼ਿਲਾਫ਼ ਸਚਾਈ ਦੀ ਆਵਾਜ਼ ਬੁਲੰਦ ਕਰਨ ਨਾਲ ਸਿੱਧੇ ਰੂਪ ‘ਚ ਜੁੜਦਾ ਹੈ। ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਜੇ ਉਨ੍ਹਾਂ ਨੇ ਪੀੜਤ ਬ੍ਰਾਹਮਣਾਂ ਦੇ ਦੁੱਖਾਂ ਤੋਂ ਪ੍ਰਭਾਵਿਤ ਹੋ ਕੇ ਔਰੰਗਜ਼ੇਬ ਦੇ ਤਸ਼ੱਦਦ ਵਿਰੁੱਧ ਆਵਾਜ਼ ਉਠਾਈ ਤੇ ਜੇਕਰ ਉਨ੍ਹਾਂ ਦੀ ਥਾਂ ਅਜਿਹਾ ਮੁਸਲਮਾਨਾਂ ਨਾਲ ਵੀ ਹੋਇਆ ਹੁੰਦਾ ਤਾਂ ਵੀ ਉਨ੍ਹਾਂ ਨੇ ਸੱਚ ‘ਤੇ ਪਹਿਰਾ ਦਿੰਦੇ ਹੋਏ ਆਪਣੀ ਆਵਾਜ਼ ਉਸ ਹੁਕਮਰਾਨ ਧਿਰ ਖ਼ਿਲਾਫ਼ ਵੀ ਉਠਾਉਣੀ ਸੀ, ਜਿਹੜੀ ਧਿਰ ਉਨ੍ਹਾਂ ਨੂੰ ਪੀੜਤ ਕਰ ਰਹੀ ਸੀ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਇਕ ਦਿਨ ਪਹਿਲਾਂ 10 ਨਵੰਬਰ, 1675 ਨੂੰ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਜਿਸ ਤਰ੍ਹਾਂ ਦੇ ਗ਼ੈਰ-ਮਨੁੱਖੀ ਤੇ ਭੈ-ਭੀਤ ਕਰਨ ਵਾਲੇ ਤਸ਼ੱਦਦ ਰਾਹੀਂ ਸ਼ਹੀਦ ਕੀਤਾ ਗਿਆ, ਉਸ ਦਾ ਇਕਹਿਰਾ ਮਕਸਦ ਸੀ, ਗੁਰੂ ਤੇਗ਼ ਬਹਾਦਰ ਜੀ ਦੇ ਅਡੋਲ ਤੇ ਅਟੱਲ ਫ਼ੈਸਲੇ ਤੋਂ ਉਨ੍ਹਾਂ ਨੂੰ ਪਿਛੇ ਹਟਾਉਣਾ ਸੀ, ਪਰ ਮੁਗਲ ਸ਼ਾਸਨ ਦੀ ਤੁੱਛ ਸਮਝ ਵਿਚੋਂ ਉਪਜੇ ਤਸ਼ੱਦਦਾਂ ਨੇ ਗੁਰੂ ਸਾਹਿਬ ਤੇ ਉਨ੍ਹਾਂ ਨਾਲ ਸ਼ਹਾਦਤ ਪਾ ਗਏ ਤਿੰਨੋ ਲਾਸਾਨੀ ਸ਼ਹੀਦਾਂ ਨੂੰ ਸਦਾ-ਸਦਾ ਵਾਸਤੇ ਲੋਕਾਈ ਦੇ ਮਨਾਂ ਵਿਚ ਜੀਵਤ ਕਰ ਦਿੱਤਾ। ਇਸ ਤੋਂ ਅਗਾਂਹ ਵਧ ਕੇ ਇਨ੍ਹਾਂ ਸ਼ਹਾਦਤਾਂ ਨੇ ਮੁਗਲ ਸ਼ਾਸਨ ਦੀ ਜੜ੍ਹ ਵੀ ਪੁੱਟ ਸੁੱਟੀ। ਇਤਿਹਾਸਕ ਤੱਥਾਂ ਵਿਚ ਦਰਜ ਹੈ ਕਿ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦਾ ਪਰਿਵਾਰ ਚਿਰਕਾਲ ਤੋਂ ਗੁਰੂ ਘਰ ਨਾਲ ਜੁੜਿਆ ਆ ਰਿਹਾ ਸੀ। ਦੋਵੇਂ ਸ਼ਹੀਦ ਭਾਈ ਹੀਰਾ ਨੰਦ ਦੇ ਸਪੁੱਤਰ ਸਨ, ਜਿਨ੍ਹਾਂ ਦੇ ਪੁਰਖੇ ਭਾਈ ਗੌਤਮ ਦਾਸ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਕਰਿਆਲਾ ਦੇ ਇਹ ਪਿੰਡ ਦੇ ਵਾਸੀ ਸਨ, ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਇਸ ਪਰਿਵਾਰ ਨੂੰ ‘ਭਾਈ’ ਦਾ ਲਕਬ ਗੁਰੂ ਅਰਜਨ ਦੇਵ ਜੀ ਵਲੋਂ ਦਿੱਤਾ ਗਿਆ ਸੀ, ਜੋ ਕਿ ਹੁਣ ਤੱਕ ਪਰਿਵਾਰ ਨਾਲ ਬਾਇੱਜ਼ਤ ਬਰਕਰਾਰ ਹੈ। ਇਨ੍ਹਾਂ ਦਾ ਦਾਦਾ ਭਾਈ ਪਰਗਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮੁਗਲਾਂ ਨਾਲ ਪਹਿਲੀ ਲੜਾਈ (1628) ਸਮੇਂ ਇਕ ਜਥੇ ਦੀ ਅਗਵਾਈ ਕਰ ਰਿਹਾ ਸੀ, ਜਿਨ੍ਹਾਂ ਨੇ ਲੜਾਈ ਦੌਰਾਨ ਡੂੰਘੇ ਜ਼ਖ਼ਮਾਂ ਕਾਰਨ ਸ਼ਹਾਦਤ ਦਾ ਜਾਮ ਪੀਤਾ ਸੀ, ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਭਾਈ ਹੀਰਾ ਨੰਦ ਗੁਰੂ ਸਾਹਿਬ ਦੀ ਖਿਦਮਤ ਵਿਚ ਸ਼ਾਮਿਲ ਹੋ ਗਏ। ਉਨ੍ਹਾਂ ਨੇ 1657 ਵਿਚ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਦੋ ਸਪੁੱਤਰਾਂ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਗੁਰੂ ਦੇ ਸੰਗ ਲਾਇਆ, ਜਿਨ੍ਹਾਂ ਨੇ ਪੂਰੀ ਸ਼ਿੱਦਤ ਨਾਲ ਗੁਰੂ ਘਰ ਦੀ ਸੇਵਾ ਵਿਚ ਲਾਸਾਨੀ ਯੋਗਦਾਨ ਪਾਇਆ। ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਗੁਰੂ ਹਰਿ ਰਾਏ ਸਾਹਿਬ, ਗੁਰੂ ਹਰਿਕ੍ਰਿਸ਼ਨ ਜੀ ਤੇ ਗੁਰੂ ਤੇਗ਼ ਬਹਾਦਰ ਜੀ ਦੇ ਸਮਿਆਂ ਦੌਰਾਨ ਵੀ ਗੁਰੂ ਘਰ ਵਿਚ ਆਪਣੀ ਸੇਵਾ ਨਿਭਾਉਂਦੇ ਰਹੇ। ਅੱਠਵੇਂ ਗੁਰੂ ਜੀ ਦੇ ਸਮੇਂ ਜਿਹੜੀ ਪੰਜ ਮੈਂਬਰੀ ਸਭਾ ਸਥਾਪਤ ਕੀਤੀ ਗਈ ਸੀ, ਉਨ੍ਹਾਂ ਵਿਚ ਗੁਰਦਿੱਤਾ ਰੰਧਾਵਾ ਸਪੁੱਤਰ ਬਾਬਾ ਬੁੱਢਾ ਜੀ, ਦੁਰਗਾ ਮੱਲ ਸਪੁੱਤਰ ਦਿਵਾਰਕਾ ਦਾਸ ਛਿੱਬਰ ਜੋ ਕਿ ਜੇਹਲਮ ਜ਼ਿਲ੍ਹੇ ਦੇ ਰਹਿਣ ਵਾਲੇ ਮੋਹੀਵਾਲ ਬ੍ਰਾਹਮਣ ਸਨ, ਇਸ ਤੋਂ ਵੀ ਅੱਗੇ ਉਨ੍ਹਾਂ ਦੇ ਭਤੀਜੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਵੀ ਇਸ ਸਭਾ ਵਿਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਸੀ।

ਇਨ੍ਹਾਂ ਦੇ ਤਾਇਆ ਦੁਰਗਾ ਮੱਲ ਗੁਰੂ ਘਰ ਵਿਚ ਦੀਵਾਨ ਸਨ, ਜਦੋਂ ਕਿ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੇ ਕ੍ਰਮਵਾਰ ਗੁਰੂ ਹਰਿਕ੍ਰਿਸ਼ਨ ਜੀ ਦੇ ਅੰਗ-ਰੱਖਿਅਕ ਤੇ ਬਤੌਰ ਲੇਖਾਕਾਰ ਵਜੋਂ ਸੇਵਾਵਾਂ ਨਿਭਾਈਆਂ। ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਜਦੋਂ ਗੁਰੂ ਤੇਗ਼ ਬਹਾਦਰ ਜੀ ਨੂੰ ਗੁਰਗੱਦੀ ਸੌਂਪਣ ਦੀ ਰਸਮ ਅਦਾ ਕਰਨੀ ਸੀ, ਉਸ ਸਮੇਂ ਦਿਵਾਰਕਾ ਦਾਸ ਪੜਪੋਤਾ ਗੁਰੂ ਅਮਰਦਾਸ ਜੀ ਵਲੋਂ ਬੁਲਾਈ ਗਈ ਸਭਾ ਵਿਚ ਮਾਤਾ ਸੁਲੱਖਣੀ (ਗੁਰੂ ਹਰਿਕ੍ਰਿਸ਼ਨ ਜੀ ਦੇ ਮਾਤਾ ਜੀ) ਚੌਪਟ ਰਾਏ, ਜੇਠਾ ਅਤੇ ਮਨੀ ਰਾਮ ਤੇ ਹੋਰਨਾਂ ਦੇ ਨਾਲ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਵੀ ਸ਼ਾਮਿਲ ਹੋਏ ਸਨ। ਦੋਵੇਂ ਭਾਈ ਉਨ੍ਹਾਂ ਦੀ ਸੇਵਾ ਵਿਚ ਸਮਰਪਤ ਹੋ ਗਏ। ਜਦੋਂ ਗੁਰਗੱਦੀ ਦੀ ਰਸਮ ਦੌਰਾਨ ਧੀਰ ਮੱਲ ਤੇ ਉਸ ਦੇ ਸਾਥੀਆਂ ਨੇ ਗੁਰੂ ਤੇਗ਼ ਬਹਾਦਰ ਜੀ ‘ਤੇ ਜਾਨ ਲੇਵਾ ਹਮਲਾ ਕੀਤਾ, ਉਸ ਸਮੇਂ ਭਾਈ ਮਨੀ ਰਾਮ ਤੇ ਭਾਈ ਸਤੀ ਦਾਸ ਨੇ ਗੁਰੂ ਸਾਹਿਬ ਦੀ ਸੁਰੱਖਿਆ ਲਈ ਆਏ ਮੱਖਣ ਸ਼ਾਹ ਲੁਬਾਣਾ ਦਾ ਸਾਥ ਦਿੱਤਾ। ਗੁਰੂ ਘਰ ਦੇ ਦੀਵਾਨ ਦੁਰਗਾ ਮੱਲ ਨੇ ਗੁਰੂ ਤੇਗ਼ ਬਹਾਦਰ ਜੀ ਅੱਗੇ ਬੇਨਤੀ ਕੀਤੀ ਕਿ ਵੱਡੀ ਉਮਰ ਕਾਰਨ ਆਪਣੀਆਂ ਸੇਵਾਵਾਂ ਨਿਭਾਉਣ ਵਿਚ ਕਮੀ ਮਹਿਸੂਸ ਕਰਦਿਆਂ ਉਨ੍ਹਾਂ ਵਲੋਂ ਭਾਈ ਮਤੀ ਦਾਸ ਨੂੰ ਗੁਰੂ ਘਰ ਦਾ ਦੀਵਾਨ ਤੇ ਭਾਈ ਸਤੀ ਦਾਸ ਨੂੰ ਵਜ਼ੀਰ ਦੇ ਤੌਰ ‘ਤੇ ਥਾਪਿਆ ਜਾਵੇ, ਜਿਸ ਨੂੰ ਗੁਰੂ ਸਾਹਿਬ ਨੇ ਮਾਨਤਾ ਦਿੱਤੀ। ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੇ ਗੁਰੂ ਘਰ ਪ੍ਰਤੀ ਆਪਣੀਆਂ ਸੇਵਾਵਾਂ ਬਾਕਮਾਲ ਨਿਭਾਉਂਦੇ ਹੋਏ 10 ਨਵੰਬਰ, 1675 ਨੂੰ ਅਤਿ ਦੇ ਗ਼ੈਰ-ਮਾਨਵੀ ਤਸੀਹੇ ਸ਼ਾਂਤ ਮਨ ਨਾਲ ਝਲਦੇ ਹੋਏ ਸ਼ਹਾਦਤ ਦੇ ਜਾਮ ਪੀਤੇ। ਉਨ੍ਹਾਂ ਨਾਲ ਤੀਸਰੇ ਮਹਾਨ ਸ਼ਹੀਦ ਭਾਈ ਦਿਆਲਾ ਜੀ ਵੀ ਸਨ। ਭਾਈ ਦਿਆਲਾ ਜੀ ਮਾਈ ਦਾਸ ਦੇ ਸਪੁੱਤਰ ਸਨ ਤੇ ਸ਼ਹੀਦ ਮਨੀ ਸਿੰਘ ਉਨ੍ਹਾਂ ਦੇ ਛੋਟੇ ਭਰਾ ਸਨ। ਉਨ੍ਹਾਂ ਦੇ ਪੜਦਾਦਾ ਬਾਲੂ ਰਾਮ ਜੀ ਗੁਰੂ ਹਰਿਗੋਬਿੰਦ ਜੀ ਦੀ ਪਹਿਲੀ ਲੜਾਈ ਦੌਰਾਨ ਸ਼ਹੀਦ ਹੋਏ ਸਨ। ਇਨ੍ਹਾਂ ਦੇ ਪੁਰਖੇ ਮੁਲਤਾਨ ਲਾਗੇ ਅਲੀਪੁਰ ਇਲਾਕੇ ਨਾਲ ਸੰਬੰਧ ਰੱਖਦੇ ਸਨ। ਭਾਈ ਮਾਈ ਦਾਸ 1657 ਈਸਵੀ ਵਿਚ ਕੀਰਤਪੁਰ ਗੁਰੂ ਹਰਿਰਾਏ ਜੀ ਨੂੰ ਮਿਲਣ ਆਏ। ਉਨ੍ਹਾਂ ਨੇ ਆਪਣੇ ਤਿੰਨ ਸਪੁੱਤਰਾਂ ਨੂੰ ਗੁਰੂ ਘਰ ਲਈ ਸਮਰਪਿਤ ਕਰ ਦਿੱਤਾ, ਉਸ ਸਮੇਂ ਭਾਈ ਦਿਆ ਦਾਸ ਪੰਦਰਾਂ ਵਰ੍ਹਿਆਂ ਦੇ ਸਨ। ਦੀਵਾਨ ਦੁਰਗਾ ਮੱਲ ਦੇ ਕਹਿਣ ‘ਤੇ ਗੁਰੂ ਤੇਗ਼ ਬਹਾਦਰ ਜੀ ਨੇ ਇਨ੍ਹਾਂ ਨੂੰ ਘਰੇਲੂ ਮਾਮਲਿਆਂ ਦੇ ਵਜ਼ੀਰ ਬਣਾ ਦਿੱਤਾ। ਜਦੋਂ ਗੁਰੂ ਸਾਹਿਬ ਆਸਾਮ ਵੱਲ ਯਾਤਰਾ ‘ਤੇ ਗਏ, ਭਾਈ ਦਿਆਲਾ ਨੂੰ ਉਨ੍ਹਾਂ ਦੇ ਪਰਿਵਾਰ ਦੀ ਦੇਖ-ਭਾਲ ਲਈ ਪਟਨਾ ਵਿਖੇ ਛੱਡ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਤੇ ਉਨ੍ਹਾਂ ਦੀ ਦੇਖ-ਭਾਲ ਜਦੋਂ ਤੱਕ ਉਹ ਸ੍ਰੀ ਅਨੰਦਪੁਰ ਸਾਹਿਬ ਨਹੀਂ ਪਹੁੰਚੇ, ਭਾਈ ਦਿਆਲਾ ਵਲੋਂ ਹੀ ਕੀਤੀ ਗਈ। ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਗੁਰੂ ਸਾਹਿਬ ਦੇ ਨਾਲ ਹੀ ਸਰਹਿੰਦ ਤੋਂ ਦਿੱਲੀ ਗਏ ਸਨ, ਭਾਈ ਦਿਆਲਾ ਜੀ ਨੇ ਸ਼ਹਾਦਤ ਦਾ ਜਾਮ ਖੌਲਦੇ ਪਾਣੀ ਵਿਚ ਪੰਜ ਭੌਤਿਕ ਸਰੀਰ ਤਿਆਗਦੇ ਹੋਏ ਪੀਤਾ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਮਨਾਈ ਜਾ ਰਹੀ 350ਵੀਂ ਸ਼ਹੀਦੀ ਵਰ੍ਹੇਗੰਢ ਦੌਰਾਨ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਦੇ ਨਾਲ-ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਨੂੰ ਵੀ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।






