ਸ਼ਹਾਦਤ ਮਨੁੱਖਤਾ ਅਤੇ ਧਾਰਮਿਕ ਅਧਿਕਾਰਾਂ ਦੀ ਰਾਖੀ ਦੀ ਅਦੁੱਤੀ ਮਿਸਾਲ: ਮੁੱਖ ਮੰਤਰੀ / ਕੇਜਰੀਵਾਲ

ਅਨੰਦਪੁਰ ਸਾਹਿਬ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਬ-ਧਰਮ ਸੰਮੇਲਨ ਵਿੱਚ 9ਵੀਂ ਪਾਤਸ਼ਾਹੀ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਸ਼ਵ ਭਰ ਦੇ ਧਾਰਮਿਕ ਆਗੂਆਂ ਦੇ ਨਾਲ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਰਬ-ਧਰਮ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਹੈ, ਜਿਸ ਨੇ ਹਮੇਸ਼ਾ ਜ਼ੁਲਮ ਅਤੇ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਪ੍ਰੇਰਨਾ ਦਿੱਤੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖਤਾ ਅਤੇ ਧਾਰਮਿਕ ਅਧਿਕਾਰਾਂ ਦੀ ਰਾਖੀ ਦੀ ਅਦੁੱਤੀ ਮਿਸਾਲ ਹੈ। ਸੂਬਾ ਸਰਕਾਰ ਵੱਲੋਂ ਸ਼ਹੀਦੀ ਸਮਾਗਮਾਂ ਨੂੰ ਸਾਲ ਭਰ ਜਾਰੀ ਰੱਖਣ ਲਈ ਲੜੀਵਾਰ ਪ੍ਰੋਗਰਾਮ ਚੱਲ ਰਹੇ ਹਨ। ਸੰਗਤ ਦੀ ਆਵਾਜਾਈ ਅਤੇ ਰਹਿਣ-ਸਹਿਣ ਲਈ ਟੈਂਟ ਸਿਟੀ, ਵਿਸ਼ਾਲ ਪਾਰਕਿੰਗਾਂ, 700 ਇਲੈਕਟ੍ਰਿਕ ਰਿਕਸ਼ਿਆਂ ਅਤੇ ਮਿੰਨੀ ਬੱਸਾਂ ਸਮੇਤ ਵੱਖ-ਵੱਖ ਸਹੂਲਤਾਂ ਦਿੱਤੀਆਂ ਗਈਆਂ ਹਨ। ਸ੍ਰੀਨਗਰ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਹੁਸ਼ਿਆਰਪੁਰ ਅਤੇ ਹੋਰ ਜ਼ਿਲ੍ਹਿਆਂ ਵਿਚੋਂ ਹੁੰਦਾ ਹੋਇਆ ਸ੍ਰੀ ਆਨੰਦਪੁਰ ਸਾਹਿਬ ਪਹੁੰਚੇਗਾ। ਸਿੱਖ ਇਤਿਹਾਸ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਣ ਲਈ ਸਿਲੇਬਸ ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ ਤਾਂ ਜੋ ਗੁਰੂ ਸਾਹਿਬ ਅਤੇ ਮਹਾਨ ਸ਼ਹੀਦਾਂ ਦੇ ਯੋਗਦਾਨ ਬਾਰੇ ਅਗਲੀ ਪੀੜ੍ਹੀ ਨੂੰ ਪੂਰੀ ਜਾਣਕਾਰੀ ਮਿਲ ਸਕੇ।
ਕੇਜਰੀਵਾਲ ਨੇ ਕਿਹਾ ਕਿ ਇਤਿਹਾਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਿਸਾਲ ਕਿਤੇ ਨਹੀਂ ਮਿਲਦੀ ਜਿਥੇ ਕਿਸੇ ਨੇ ਧਰਮ ਦੀ ਰਾਖੀ ਲਈ ਆਪਣੀ ਸ਼ਾਹਦਤ ਦਿੱਤੀ ਹੋਵੇ। ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਗਈ ਇਹ ਬੇਮਿਸਾਲ ਸ਼ਹਾਦਤ ਪੂਰੇ ਸੰਸਾਰ ਲਈ ਪ੍ਰੇਰਨਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ 142 ਪਿੰਡਾਂ ਦੀ ਨੁਹਾਰ ਬਦਲਣ ਲਈ ਫੰਡ ਜਾਰੀ ਕੀਤੇ ਗਏ ਹਨ।






