ਸਤਲੁਜ ਦਰਿਆ ‘ਤੇ ਬਣੇ ਬੰਨ ਉੱਤੇ ਬਗੈਰ ਜਰੂਰਤ ਨਾ ਜਾਣ ਦੀ ਅਪੀਲ

ਜ਼ਿਆਦਾ ਭੀੜ ਇਕੱਠੀ ਹੋਣ ਨਾਲ ਬਣ ਨੂੰ ਮਜ਼ਬੂਤ ਕਰਨ ਲਈ ਪਾਈ ਜਾ ਰਹੀ ਮਿੱਟੀ ਲਈ ਵੱਡੀ ਆ ਰਹੀ ਹੈ ਦਿੱਕਤ!

ਲੋਕਾਂ ਦੀ ਸੁਰੱਖਿਆ ਨੂੰ ਲੈਕੇ ਕਿਸ਼ਤੀਆਂ ਨੂੰ ਹੌਲ਼ੀ ਚਲਾਉਣ ਦੀ ਵੀ ਹਦਾਇਤ!

ਪੱਤਰ ਪ੍ਰੇਰਕ,ਫਾਜ਼ਿਲਕਾ:

ਸਤਲੁਜ ‘ਚ ਵੱਡੀ ਮਾਤਰਾ ਵਿੱਚ ਪਾਣੀ ਆਉਣ ਨਾਲ ਸਰਹੱਦੀ ਪਿੰਡਾਂ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਹਨ। ਸਤਲੁਜ ਕ੍ਰੀਕ ਦੇ ਪ੍ਰੋਟੈਕਸ਼ਨ ਬੰਨ ਤੇ ਪਾਣੀ ਦਾ ਬਹੁਤ ਦਬਾਓ ਹੈ ਅਤੇ ਇਸ ਬੰਨ ਨੂੰ ਲਗਾਤਾਰ ਮਜਬੂਤ ਕਰਦੇ ਰਹਿਣ ਲਈ ਵਿਭਾਗ ਨੂੰ ਇੱਥੇ ਨਾਲੋਂ ਨਾਲ ਨਵੀਂ ਮਿੱਟੀ ਪਹੁੰਚਾਉਣੀ ਪੈ ਰਹੀ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਵੱਲੋਂ ਸਮੂਹ ਇਲਾਕਾ ਵਾਸੀਆਂ ਨੂੰ ਅਤੇ ਸੇਵਾ ਭਾਵਨਾ ਲਈ ਆ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਆਪਾਂ ਲੋਕਾਂ ਨੂੰ ਬਚਾਉਣ ਲਈ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਾਂ, ਇਸ ਦਾ ਸਵਾਗਤ ਹੈ ਪਰੰਤੂ ਜੇਕਰ ਕੋਈ ਦਿੱਕਤ ਆ ਰਹੀ ਹੈ ਤਾਂ ਉਸ ਲਈ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ।

ਉਹਨਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਲੋਕ ਬਿਨਾਂ ਕਿਸੇ ਕੰਮ ਤੋਂ ਸਤਲੁਜ ਦੀ ਕ੍ਰੀਕ ਦੇ ਕਾਵਾਂ ਵਾਲੀ ਅਤੇ ਦੂਜੇ ਬੰਨਾਂ ਤੇ ਪਹੁੰਚ ਰਹੇ ਹਨ। ਅਜਿਹੇ ਲੋਕਾਂ ਦੇ ਉੱਥੇ ਇਕੱਠੇ ਹੋਣ ਅਤੇ ਇਹਨਾਂ ਦੇ ਵਾਹਨ ਸੜਕ ਤੇ ਖੜੇ ਹੋਣ ਕਾਰਨ ਸਤਲੁਜ ਬੰਨ ਤੱਕ ਹੋਰ ਮਿੱਟੀ ਭੇਜਣ ਵਿੱਚ ਦਿੱਕਤ ਆ ਰਹੀ ਹੈ ।

ਇਸ ਲਈ ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਵਿਅਕਤੀ ਸਿਰਫ ਬੰਨ ਵੇਖਣ ਜਾਂ ਪਾਣੀ ਵੇਖਣ ਲਈ ਸਤਲੁਜ ਦੀ ਕ੍ਰੀਕ ਤੇ ਨਾ ਜਾਵੇ, ਕਿਉਂਕਿ ਅਜਿਹੇ ਲੋਕਾਂ ਦੇ ਵਾਹਨਾਂ ਨਾਲ ਟਰੈਫਿਕ ਜਾਮ ਹੋ ਜਾਂਦਾ ਹੈ ਅਤੇ ਬੰਨ ਤੇ ਮਿੱਟੀ ਭੇਜਣ ਵਿੱਚ ਦਿੱਕਤ ਆਉਂਦੀ ਹੈ । ਇਸੇ ਤਰ੍ਹਾਂ ਬੰਨ ਤੇ ਭੀੜ ਇਕੱਠੀ ਹੋਣ ਨਾਲ ਬੰਨ ਤੇ ਹੋਰ ਦਬਾਓ ਵਧਦਾ ਹੈ ਅਤੇ ਇਸ ਨਾਲ ਇੱਥੇ ਪਹੁੰਚਣ ਵਾਲਿਆਂ ਲਈ ਵੀ ਖਤਰਾ ਹੋ ਸਕਦਾ ਹੈ।

ਇਸ ਤੋਂ ਬਿਨਾਂ ਰਾਹਤ ਸਮੱਗਰੀ ਲੈ ਕੇ ਜਾਣ ਵਾਲਿਆਂ ਨੂੰ ਵੀ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਹ ਵੱਡੇ ਵਾਹਨ ਲੈ ਕੇ ਨਾ ਜਾਣ,ਕਿਉਂਕਿ ਇਸ ਨਾਲ ਟ੍ਰੈਫ਼ਿਕ ਵਿੱਚ ਰੁਕਾਵਟ ਆਉਂਦੀ ਹੈ ਅਤੇ ਬੰਨ ਤੱਕ ਮਿੱਟੀ ਪਹੁੰਚਾਉਣ ਵਿੱਚ ਦੇਰੀ ਹੁੰਦੀ ਹੈ। ਰਾਹਤ ਕਾਰਜਾਂ ਵਿੱਚ ਲੱਗੀਆਂ ਕਿਸ਼ਤੀਆਂ ਨੂੰ ਵੀ ਆਪਣੀ ਰਫਤਾਰ ਹੌਲੀ ਕਰਨ ਲਈ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਹੈ, ਤਾਂ ਕਿ ਇਹਨਾਂ ਦੀਆਂ ਛੱਲਾਂ ਨਾਲ ਬੰਨ ਨੂੰ ਨੁਕਸਾਨ ਨਾ ਪਹੁੰਚੇ।

Leave a Reply

Your email address will not be published. Required fields are marked *