ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਹਦੂਦ ਅੰਦਰ ਵੱਖ-ਵੱਖ ਪਾਬੰਦੀ ਹੁਕਮ ਜਾਰੀ

– ਚਾਇਨਾ ਮੇਡ ਡੋਰ ਦੀ ਵਿਕਰੀ, ਸਟੋਰ ਅਤੇ ਵਰਤੋਂ ਕਰਨ ‘ਤੇ ਮਨਾਹੀ
– ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਵੀ ਲਗਾਈ ਰੋਕ

ਲੁਧਿਆਣਾ, 20 ਦਸੰਬਰ – ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਰੁਪਿੰਦਰ ਸਿੰਘ ਪੀ.ਪੀ.ਐਸ. ਨੇ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਪਾਬੰਦੀ ਹੁਕਮ ਜਾਰੀ ਕੀਤੇ ਹਨ।

ਉਨ੍ਹਾਂ ਕਮਿਸ਼ਨਰੇਟ ਲੁਧਿਆਣਾ ਅੰਦਰ ਚਾਇਨਾ ਮੇਡ ਡੋਰ (ਸਿੰਥੈਟਿਕ ਪਲਾਸਟਿਕ ਦੀਆਂ ਬਣੀਆਂ ਚਾਇਨਾ ਮੇਡ ਜਾਂ ਹੋਰ ਡੋਰਾਂ ਜੋ ਪਤੰਗ ਬਾਜੀ ਲਈ ਵਰਤੀਆਂ ਜਾਂਦੀਆਂ ਹਨ) ਦੀ ਵਿਕਰੀ ਕਰਨ, ਸਟੋਰ ਕਰਨ ਅਤੇ ਵਰਤੋਂ ਕਰਨ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।

ਡਿਪਟੀ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਦੇ ਇਲਾਕਿਆਂ ਅੰਦਰ ਵੱਖ-ਵੱਖ ਦੁਕਾਨਾਂ ‘ਤੇ ਬਹੁਤ ਹੀ ਖ਼ਤਰਨਾਕ ਚਾਈਨਾ ਮੇਡ ਡੋਰਾਂ (ਸਿੰਥੈਟਿਕ ਪਲਾਸਟਿਕ ਦੀਆਂ ਬਣੀਆ ਚਾਈਨਾ ਮੇਡ ਜਾਂ ਹੋਰ ਡੋਰਾਂ ਜਂੋ ਪਤੰਗ ਬਾਜੀ ਲਈ ਵਰਤੀਆਂ ਜਾਂਦੀਆਂ ਹਨ), ਵਿਕ ਰਹੀਆਂ ਹਨ, ਜੋ ਕਿ ਬਹੁਤ ਹੀ ਖਤਰਨਾਕ ਡੋਰ ਹੈ, ਕਾਫੀ ਸਖ਼ਤ ਅਤੇ ਨਾ-ਟੁੱਟਣਯੋਗ ਹਨ। ਇਹ ਮਨੁੱਖੀ ਜੀਵਨ ਲਈ ਖ਼ਤਰਨਾਕ ਹਨ ਅਤੇ ਇਹਨਾਂ ਦੀ ਵਰਤੋਂ ਨਾਲ ਕੋਈ ਵੀ ਮੰਦਭਾਗੀ ਘਟਨਾ ਵਾਪਰ ਸਕਦੀ ਹੈ। ਆਮ ਜਨਤਾ ਦੇ ਜਾਨ-ਮਾਲ ਦੀ ਸੁਰੱਖਿਆ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ।
ਉਨ੍ਹਾਂ ਜਾਰੀ ਹੁਕਮਾਂ ਵਿੱਚ ਕਿਹਾ ਕਿ ਜੇਕਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਜੁਰਮ ਅ/ਧ 05 ਵਾਤਾਵਰਨ ਪ੍ਰੋਟੈਕਸ਼ਨ ਐਕਟ 1986 ਅਤੇ 188 ਭ:ਦੰਡ ਤਹਿਤ ਬਣਦੀ ਕਾਨੂੰਨੀ ਕਾਰਵਾਈ ਅਮਲੀ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਪੁਲਿਸ ਦੇ ਧਿਆਨ ਵਿੱਚ ਆਇਆ ਹੈ ਕਿ ਮੈਰਿਜ ਪੈਲਸਾਂ ਵਿਚ ਵਿਆਹ/ਸ਼ਾਦੀਆਂ ਮੌਕੇ ਆਮ ਵਿਅਕਤੀਆਂ ਵੱਲੋ ਲਾਇੰਸਸੀ ਅਸਲਾ ਲੈ ਕੇ ਵਿਆਹ ਸ਼ਾਦੀਆਂ ਵਿਚ ਖੁਲੇਆਮ ਘੁੰਮਿਆ ਜਾਂਦਾ ਹੈ ਅਤੇ ਕਈ ਵਾਰੀ ਆਪਸੀ ਮਾਮੂਲੀ ਤਕਰਾਰਬਾਜੀ ਹੋਣ ਕਾਰਨ ਅਤੇ ਨਸ਼ੇ ਦੀ ਹਾਲਤ ਵਿੱਚ ਲਾਇੰਸਸੀ ਅਸਲੇ ਦੀ ਨਜਾਇਜ ਵਰਤੋ ਕੀਤੀ ਜਾਂਦੀ ਹੈ। ਜਿਸ ਨਾਲ ਆਮ ਜਨਤਾ ਦੀ ਜਾਨ ਮਾਲ ਦਾ ਖਤਰਾ ਬਣ ਸਕਦਾ ਹੈ। ਇਸ ਲਈ ਮੈਰਿਜ ਪੈਲਸਾਂ ਅੰਦਰ ਅਸਲਾ ਲੈ ਕੇ ਜਾਣ ਸਬੰਧੀ ਕਮਿਸ਼ਨਰੇਟ ਲੁਧਿਆਣਾਂ ਦੇ ਅੰਦਰ ਠੋਸ ਕਦਮ ਚੁੱਕਣ ਦੀ ਲੋੜ ਮਹਿਸੂਸ ਕੀਤੀ ਗਈ ਹੈ ਤਾਂ ਜੋ ਆਮ ਜੰਨਤਾ ਦੀ ਜਾਨ ਮਾਲ ਨੂੰ ਸੁਰਖਿਅਤ ਬਣਾਇਆ ਜਾ ਸਕੇ ਅਤੇ ਅਮਨ ਸ਼ਾਤੀ ਦੀ ਸਥਿਤੀ ਕਾਇਮ ਰਹੇ ਅਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ।

ਉਨ੍ਹਾਂ ਪਬਲਿਕ ਹਿੱਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਵਿੱਚ ਸਮੂਹ ਮੈਰਿਜ ਪੈਲੇਸਾਂ ਦੇ ਅੰਦਰ ਲਾਇਸੰਸੀ ਅਸਲਾ ਅਤੇ ਐਮੂਨੀਸ਼ਨ ਲੈ ਕੇ ਜਾਣ ‘ਤੇ ਪਾਬੰਦੀ ਲਗਾਈ ਹੈ। ਜੇਕਰ ਕੋਈ ਵਿਅਕਤੀ ਲਾਇਸੰਸ/ਐਮੂਨੀਸ਼ਨ ਅਸਲਾ ਐਮੂਨੀਸ਼ਨ ਲੈ ਕੇ ਮੈਰਿਜ ਪੈਲੇਸ ਵਿੱਚ ਦਾਖ਼ਲ ਹੁੰਦਾ ਹੈ ਤਾਂ ਮੈਰਿਜ ਪੈਲੇਸ ਦਾ ਮਾਲਕ ਸੰਬੰਧਤ ਥਾਣੇ ਨੂੰ ਤੁਰੰਤ ਸੂਚਿਤ ਕਰਨ ਦਾ ਜਿੰਮੇਵਾਰ ਹੋਵੇਗਾ। ਜੇਕਰ ਕਿਸੇ ਵਿਅਕਤੀ ਵੱਲੋਂ ਲਾਇਸੰਸੀ ਅਸਲੇ ਦੀ ਵਿਆਹ ਸ਼ਾਦੀ ਦੌਰਾਨ ਨਜਾਇਜ਼ ਵਰਤੋਂ ਕੀਤੀ ਜਾਂਦੀ ਹੈ ਤਾਂ ਸੰਬੰਧਤ ਵਿਅਕਤੀ ਅਤੇ ਮੈਰਿਜ ਪੈਲੇਸ ਦੇ ਮਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਬਣੀਆ ਗੱਡੀਆ ਦੀ ਪਾਰਕਿੰਗ ਵਿੱਚ ਅਪਰਾਧਿਕ ਵਿਅਕਤੀਆ ਦੁਆਰਾ ਦੋ ਪਹੀਆ ਜਾ ਚਾਰ ਪਹੀਆ ਗੱਡੀਆ ਆਦਿ ਨੂੰ ਵੱਖ-ਵੱਖ ਥਾਵਾ ਤੋ ਚੋਰੀ ਕਰਕੇ ਖੜਾ ਕਰ ਦਿੱਤਾ ਜਾਦਾ ਹੈ ਅਤੇ ਸਮਾਂ ਪਾ ਕੇ ਇਨ੍ਹਾਂ ਚੌਰੀ ਦੀਆ ਗੱਡੀਆ ਨੂੰ ਇਥੋ ਚੁੱਕ ਕੇ ਅੱਗੇ ਵੇਚ ਦਿੱਤਾ ਜਾਂਦਾ ਹੈ। ਇਸ ਤੋ ਇਲਾਵਾ ਇੰਨਾ ਚੌਰੀ ਦੀਆਂ ਗੱਡੀਆ ਨੂੰ ਇਨ੍ਹਾਂ ਅਪਰਾਧਿਕ ਵਿਅਕਤੀਆ ਵੱਲੋ ਸੰਗੀਨ ਜੁਰਮਾਂ ਦੀਆਂ ਵਾਰਦਾਤਾਂ ਸਮੇਂ ਵਰਤੋ ਵਿੱਚ ਲਿਆਉਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਆਮ ਜਨਤਾ ਦੀ ਜਾਨ ਮਾਲ ਨੂੰ ਖਤਰਾ ਪੈਦਾ ਹੋਣ ਦਾ ਡਰ ਰਹਿੰਦਾ ਹੈ।

ਡਿਪਟੀ ਕਮਿਸ਼ਨਰ ਪੁਲਿਸ ਵੱਲੋਂ ਲੁਧਿਆਣਾ ਸ਼ਹਿਰ ਦੇ ਅੰਦਰ ਪਾਰਕਿੰਗ ਦੇ ਠੇਕੇਦਾਰ ਜਾ ਕੇਅਰ ਟੇਕਰ ਨੂੰ ਹੁੱਕਮ ਜਾਰੀ ਕੀਤੇ ਜਾਂਦੇ ਹਨ ਕਿ ਜਿਹੜੇ ਵਿਅਕਤੀ ਪਾਰਕਿੰਗ ਵਿੱਚ ਆਪਣੀ ਗੱਡੀ ਜਾ ਮੋਟਰ ਸਾਈਕਲ ਆਦਿ ਖੜਾ ਕਰਦਾ ਹੈ ਤਾ ਉਸਦਾ ਨਾਮ ਪੱਤਾ ਮੋਬਾਇਲ ਨੰਬਰ ਸਬੰਧੀ ਰਿਕਾਰਡ ਰੱਖਣ ਦੇ ਜਿੰਮੇਵਾਰ ਹੋਣਗੇ. ਇਸਤੋ ਇਲਾਵਾ ਜੇਕਰ ਕੋਈ ਗੱਡੀ ਮੋਟਰ ਸਾਈਕਲ ਆਦਿ ਇੱਕ ਹਫਤੇ ਤੋ ਉਪਰ ਪਾਰਕਿੰਗ ਵਿੱਚ ਲਗਾਤਾਰ ਖੜੀ ਰਹਿੰਦੀ ਤਾ ਉਸਦੀ ਲਿਖਤੀ ਤੋਰ ‘ਤੇ ਨੇੜੇ ਦੀ ਪੁਲਿਸ ਚੋਕੀ ਜਾਂ ਥਾਣਾ ਵਿੱਚ ਇਤਲਾਹ ਦੇਣ ਦੇ ਜਿੰਮੇਵਾਰ ਹੋਣਗੇ।

ਇੱਕ ਹੋਰ ਹੁਕਮਾਂ ਵਿੱਚ ਉਨ੍ਹਾਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਆ ਵਿੱਚ ਪੰਜ ਜਾਂ ਪੰਜ ਤੋਂ ਵੱਧ ਬੰਦੇ ਇਕੱਤਰ ਹੋਣ, ਧਰਨੇੇੇ/ਜਲੂਸ/ਰੈਲੀਆਂ ਆਦਿ ‘ਤੇ ਪੂਰਨ ਤੌਰ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਰੈਲੀਆਂ/ਧਰਨਿਆਂ/ਜਲੂਸ ਆਦਿ ਲਈ ਸੈਕਟਰ 39-ਏ, ਪੁੱਡਾ ਗਰਾਊਂਡ ਸਾਹਮਣੇ ਵਰਧਮਾਨ ਮਿੱਲ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਮੁਕਰਰ ਕੀਤੀ ਥਾਂ ਤੋਂ ਇਲਾਵਾ ਬਿਨਾਂ ਮੰਨਜੂਰੀ ਰੈਲੀਆਂ/ਧਰਨਿਆਂ/ਜਲੂਸ ਆਦਿ ਕਰਨ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਹਥਿਆਰ ਲੈ ਕੇ ਚੱਲਣ ਅਤੇ ਅਗਜ਼ਨੀ ਵਾਲੇ ਤਰਲ ਪਦਾਰਥਾਂ ਨੂੰ ਨਾਲ ਲੈ ਕੇ ਚੱਲਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਸਾਰੀਆਂ ਕਿਸਮ ਦੀਆਂ ਗੱਡੀਆਂ ਦੇ ਸ਼ੀਸ਼ਿਆਂ ਤੇ ਕਾਲੀਆਂ ਫਿਲਮਾਂ ਦੀ ਵਰਤੋਂ ਤੇ ਪਾਬੰਦੀ ਲਗਾਈ ਹੈ। ਉਹਨਾਂ ਕਿਹਾ ਕਿ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਵਿੱਚ ਬੈਠੇ ਵਿਅਕਤੀ ਦੀ ਪਹਿਚਾਣ ਕੀਤੀ ਜਾਣੀ ਮੁਸ਼ਕਿਲ ਹੋ ਜਾਂਦੀ ਹੈ ਅਤੇ ਕਈ ਵਾਰ ਅਜਿਹੀਆਂ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਦੀ ਵਰਤੋਂ ਕਰਕੇ ਸੰਗੀਨ ਜ਼ੁਰਮਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਆਮ ਜਨਤਾ ਦੀ ਜਾਨ-ਮਾਲ ਦੀ ਰਾਖੀ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ।

ਲੁਧਿਆਣਾ ਸ਼ਹਿਰ ਵਿਚ ਵੱਡੀ ਮਾਤਰਾ ਵਿਚ ਨਿੱਜੀ ਸਕੂਲ ਖੋਲੇ ਹੋਏ ਹਨ। ਜਿਨ੍ਹਾਂ ਵੱਲੋ ਬੱਚਿਆਂ ਨੂੰ ਘਰਾਂ ਤੋ ਲੈ ਕੇ ਆਉਣ ਅਤੇ ਵਾਪਸ ਘਰ ਛੱਡਣ ਲਈ ਨਿੱਜੀ ਸਕੂਲ ਬੱਸਾਂ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ‘ਤੇ ਵੱਖ ਵੱਖ ਜਿਲ੍ਹਿਆ ਅਤੇ ਗੈਰ ਸਟੇਟ ਨਾਲ ਸਬੰਧਤ ਡਰਾਇਵਰ, ਕਡੰਕਟਰ ਰੱਖੇ ਹੋਏ ਹਨ। ਇਸ ਤੋ ਇਲਾਵਾ ਬੱਚਿਆ ਦੀ ਪੜਾਈ ਲਈ ਨਾਨ ਟੀਚਿੰਗ ਸਟਾਫ ਸਕੂਲਾਂ ਵਿੱਚ ਰੱਖਿਆ ਹੋਇਆ ਹੈ, ਜੋ ਗੈਰ ਜਿਲ੍ਹਾਂ ਅਤੇ ਗੈਰ ਸਟੇਟ ਨਾਲ ਸਬੰਧਤ ਹਨ। ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਨਾਨ ਟੀਚਿੰਗ ਸਟਾਫ ਅਤੇ ਸਕੂਲਾਂ ਦੀਆਂ ਨਿਜੀ ਬੱਸਾਂ ੋਤੇ ਤਾਇਨਾਤ ਡਰਾਇਵਰ ਅਤੇ ਕਡੰਕਟਰ ਦੀ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰਨੀ ਪਬਲਿਕ ਹਿੱਤ ਵਿਚ ਜਰੂਰੀ ਹੈ ਤਾਂ ਜੋ ਉਨਾ ਦੇ ਪਿਛੋਕੜ ਬਾਰੇ ਜਾਣਿਆ ਜਾ ਸਕੇ। ਇਸ ਲਈ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਇਲਾਕਾ ਵਿਚ ਉਨ੍ਹਾਂ ਇਹ ਹੁਕਮ ਪਾਸ ਕੀਤਾ ਹੈ ਕਿ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਦੇ ਨਿੱਜੀ ਸਕੂਲਾਂ ਦੇ ਮੁਖੀ ਸਕੂਲਾਂ ਵਿੱਚ ਤਾਇਨਾਤ ਨਾਨ ਟੀਚਿੰਗ ਸਟਾਫ ਅਤੇ ਗੱਡੀਆਂ ੋਤੇ ਤਾਇਨਾਤ ਡਰਾਇਵਰ ਅਤੇ ਕਡੰਕਟਰ ਅਤੇ ਹੋਰ ਜੋ ਕਿਸੇ ਵੀ ਤਰਾਂ ਨਾਲ ਉਨਾਂ ਪਾਸ ਨੌਕਰੀ ਕਰਦੇ ਹਨ, ਸਬੰਧੀ ਪੂਰਾ ਵੇਰਵਾ ਸਮੇਤ ਫੋਟੋ ਇਲਾਕਾ ਦੇ ਥਾਣੇ/ਪੁਲਿਸ ਚੌਕੀ ਵਿਚ ਤੁਰੰਤ ਦਰਜ ਕਰਾਉਣਗੇ।

Leave a Reply

Your email address will not be published. Required fields are marked *