ਪਾਣੀ ਕੁਦਰਤ ਦਾ ਇੱਕ ਅਣਮੁੱਲਾ ਤੋਹਫ਼ਾ ਹੈ, ਜਿਸ ਦੀ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ- ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਕੁਦਰਤ ਦੀ ਸ਼ੁੱਧਤਾ ਅਤੇ ਮਾਨਵਤਾ ਦੇ ਵਿਕਾਸ ਵੱਲ ਨਿਰੰਕਾਰੀ ਮਿਸ਼ਨ ਦਾ ਇੱਕ ਹੋਰ ਸੁਨਹਿਰੀ ਕਦਮ

ਦਿੱਲੀ/ ਸਰਹਿੰਦ (ਦਵਿੰਦਰ ਰੋਹਟਾ/ਰੂਪ ਨਰੇਸ਼): ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਾਵਨ ਆਸ਼ੀਰਵਾਦ ਨਾਲ 23 ਫਰਵਰੀ 2025 ਦੀ ਸੁਨਹਿਰੀ ਸਵੇਰ ਇੱਕ ਨਵੀਂ ਜਾਗ੍ਰਿਤੀ ਅਤੇ ਸੇਵਾ ਦੇ ਦੈਵੀ ਪ੍ਰਕਾਸ਼ ਦਾ ਸੁਨੇਹਾ ਲੈ ਕੇ ਆਈ, ਜਿਸ ਦੇ ਤਹਿਤ ‘ਅੰਮ੍ਰਿਤ ਪ੍ਰੋਜੈਕਟ’ ਦੇ ‘ਸਵੱਛ ਜਲ ਸਵੱਛ ਮਨ’ ਦੇ ਤੀਜੇ ਪੜ੍ਹਾਅ ਦਾ ਆਯੋਜਨ ਪੂਰੇ ਵਿਸ਼ਵ ਭਰ ਵਿੱਚ ਚਲਾਇਆ ਗਿਆ ਅਤੇ ਗਰਾਊਂਡ ਨੰਬਰ 8, ਦਿੱਲੀ ਵਿਖੇ ਸਤਿਸੰਗ ਦਾ ਆਯੋਜਨ ਵੀ ਕੀਤਾ ਗਿਆ। 

ਜਾਣਕਾਰੀ ਦਿੰਦੇ ਹੋਏ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਅਤੇ ਸਮਾਜ ਭਲਾਈ ਇੰਚਾਰਜ ਸ਼੍ਰੀ ਜੋਗਿੰਦਰ ਸੁਖੀਜਾ ਨੇ ਦੱਸਿਆ ਕਿ ਦੇਸ਼ ਭਰ ਵਿੱਚ ਆਯੋਜਿਤ ਕੀਤੇ ਗਏ ‘ਅੰਮ੍ਰਿਤ ਪ੍ਰੋਜੈਕਟ’ ਦੌਰਾਨ ਸੁਰੱਖਿਆ ਦੇ ਸਾਰੇ ਮਾਪਦੰਡਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਸੀ। ਨੌਜਵਾਨਾਂ ਦੀ ਵਿਸ਼ੇਸ਼ ਸ਼ਮੂਲੀਅਤ ਇਸ ਮੁਹਿੰਮ ਦਾ ਮੁੱਖ ਆਧਾਰ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਮੁਹਿੰਮ ਸਿਰਫ਼ ਇੱਕ ਦਿਨ ਲਈ ਨਹੀਂ ਹੈ ਸਗੋਂ ਵੱਖ-ਵੱਖ ਘਾਟਾਂ ਅਤੇ ਪਾਣੀ ਦੇ ਸੋਮਿਆਂ ਦੀ ਸਫ਼ਾਈ ਲਈ ਹਰ ਮਹੀਨੇ ਜਾਰੀ ਰਹੇਗੀ।

 ਬਾਬਾ ਹਰਦੇਵ ਸਿੰਘ ਜੀ ਦੀਆਂ ਸਦੀਵੀ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ, ਸੰਤ ਨਿਰੰਕਾਰੀ ਮਿਸ਼ਨ ਦੀ ਸਮਾਜਿਕ ਸ਼ਾਖਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਅਗਵਾਈ ਹੇਠ ਇਹ ਪਵਿੱਤਰ ਮੁਹਿੰਮ ਚਲਾਈ ਗਈ। ਪਹਿਲਾਂ ਵਾਂਗ ਇਸ ਸਾਲ ਵੀ ਇਸ ਯਤਨ ਨੂੰ ‘ਆਓ ਸਵਾਰੇਂ , ਯਮੁਨਾ ਕਿਨਾਰੇ ’ ਦਾ ਐਲਾਨ ਕਰਕੇ ਹੋਰ ਵਿਆਪਕ ਰੂਪ ਦਿੱਤਾ ਗਿਆ।

27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1650 ਤੋਂ ਵੱਧ ਸਥਾਨਾਂ ‘ਤੇ, ਸੇਵਾ ਦੀ ਭਾਵਨਾ ਨਾਲ ਰੰਗੇ 10 ਲੱਖ ਤੋਂ ਵੱਧ ਸਵੈ-ਸੇਵਕ ਸ਼ਰਧਾਲੂ ਇਸ ਪਵਿੱਤਰ ਮੁਹਿੰਮ ਨੂੰ ਹਕੀਕਤ ਬਣਾਉਣ ਲਈ ਇਕੱਠੇ ਹੋਏ। ਇਹ ਦ੍ਰਿਸ਼ ਕੇਵਲ ਕੁਦਰਤੀ ਸਵੱਛਤਾ ਤੱਕ ਹੀ ਸੀਮਤ ਨਾ ਰਹਿ ਕੇ ਅੰਤਰ ਆਤਮਾ ਨੂੰ ਸ਼ੁੱਧ ਕਰਨ ਦੀ ਅਧਿਆਤਮਿਕ ਯਾਤਰਾ ਦਾ ਸੁੰਦਰ ਪ੍ਰਤੀਕ ਬਣ ਗਿਆ। ਹਰ ਸ਼ਰਧਾਲੂ ਦੀ ਸਮਰਪਿਤ ਹਾਜ਼ਰੀ ਇਸ ਗੱਲ ਦਾ ਸਬੂਤ ਸੀ ਕਿ ਜਦੋਂ ਪਿਆਰ, ਸੇਵਾ ਅਤੇ ਸਦਭਾਵਨਾ ਦਾ ਇਲਾਹੀ ਸੰਗਮ ਹੁੰਦਾ ਹੈ ਤਾਂ ਕੁਦਰਤ ਵੀ ਨਵੇਂ ਜੀਵਨ ਦਾ ਅਨੁਭਵ ਕਰਦੀ ਹੈ।

ਇਸੇ ਲੜੀ ਤਹਿਤ ਮਿਸ਼ਨ ਦੀ ਬ੍ਰਾਂਚ ਸਰਹਿੰਦ ਦੇ ਸੇਵਾਦਲ ਦੇ ਭੈਣਾਂ ਤੇ ਭਾਈਆਂ ਅਤੇ ਸੰਗਤ ਨੇ ਸੇਵਾਦਲ ਦੇ ਸੰਚਾਲਕ ਭਾਈ ਸਾਹਿਬ ਗੁਰਮੁਖ ਰਾਮ ਦੀ ਅਗਵਾਈ ਹੇਠ,ਪਿੰਡ ਸਾਨੀਪੁਰ ਦੇ ਸੂਏ ਦੇ ਕਿਨਾਰਿਆਂ ਦੀ ਸਾਫ਼ ਸਫ਼ਾਈ ਕੀਤੀ ਤੇ ਬੂਟੇ ਵੀ ਲਗਾਏ ਇਸ ਸੰਬੰਧੀ ਸਾਰੀ ਜਾਣਕਾਰੀ ਸਰਹਿੰਦ ਬ੍ਰਾਂਚ ਦੇ ਮੁਖੀ ਸ੍ਰੀ ਰਣਧੀਰ ਸਿੰਘ ਨੇ ਦਿੱਤੀ |

ਪਾਣੀ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਸਤਿਗੁਰੂ ਮਾਤਾ ਜੀ ਨੇ ਦੱਸਿਆ ਕਿ ਪਾਣੀ ਅੰਮ੍ਰਿਤ ਵਰਗਾ ਹੈ, ਜੋ ਕੁਦਰਤ ਨੇ ਸਾਨੂੰ ਜੀਵਨ ਲਈ ਸਭ ਤੋਂ ਮਹੱਤਵਪੂਰਨ ਤੋਹਫ਼ੇ ਵਜੋਂ ਪ੍ਰਦਾਨ ਕੀਤਾ ਹੈ। ਇਸ ਦੀ ਸਫ਼ਾਈ ਅਤੇ ਸੰਭਾਲ ਸਿਰਫ਼ ਜ਼ਿੰਮੇਵਾਰੀ ਹੀ ਨਹੀਂ ਹੋਣੀ ਚਾਹੀਦੀ ਸਗੋਂ ਸਾਡੀ ਕੁਦਰਤੀ ਆਦਤ ਹੋਣੀ ਚਾਹੀਦੀ ਹੈ। ਅਸੀਂ ਅਕਸਰ ਅਣਜਾਣੇ ਵਿੱਚ ਕੂੜਾ-ਕਰਕਟ ਅਤੇ ਗੰਦਗੀ ਨੂੰ ਪਾਣੀ ਦੇ ਸਰੋਤਾਂ ਜਾਂ ਹੋਰ ਥਾਵਾਂ ‘ਤੇ ਸੁੱਟ ਕੇ ਪ੍ਰਦੂਸ਼ਣ ਵਿੱਚ ਯੋਗਦਾਨ ਪਾਉਂਦੇ ਹਾਂ, ਜਿਸ ਨਾਲ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ। ਇਸੇ ਸੋਚ ਤੋਂ ਪ੍ਰੇਰਿਤ ਹੋ ਕੇ ‘ਪ੍ਰੋਜੈਕਟ ਅੰਮ੍ਰਿਤ’ ਵਰਗੀਆਂ ਸਮਾਜਿਕ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਕਿ ਪਾਣੀ ਦੀ ਸੰਭਾਲ ਅਤੇ ਸਵੱਛਤਾ ਬਾਰੇ ਜਾਗਰੂਕਤਾ ਫੈਲਾਉਣ ਦਾ ਅਹਿਮ ਉਪਰਾਲਾ ਹੈ।

ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਪਵਿੱਤਰ ਸੇਵਾ ਮੁਹਿੰਮ ਵਿੱਚ ਹਰ ਸੰਤ ਨੂੰ ਪਾਣੀ ਦੀ ਸੰਭਾਲ ਲਈ ਯੋਗਦਾਨ ਪਾਉਣ ਦਾ ਮੌਕਾ ਮਿਲਿਆ। ਇਸ ਪਹਿਲ ਕਦਮੀ ਨੇ ਨਾ ਸਿਰਫ਼ ਘਾਟਾਂ ਅਤੇ ਜਲਘਰਾਂ ਦੀ ਸਫ਼ਾਈ ‘ਤੇ ਧਿਆਨ ਕੇਂਦਰਿਤ ਕੀਤਾ ਸਗੋਂ ਘਰਾਂ ਵਿੱਚ ਛੋਟੀਆਂ ਆਦਤਾਂ ਰਾਹੀਂ ਪਾਣੀ ਦੀ ਬਚਤ ਨੂੰ ਵੀ ਉਤਸ਼ਾਹਿਤ ਕੀਤਾ ਜੋ ਪਾਣੀ ਦਾ ਸਤਿਕਾਰ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਕੀਮਤੀ ਸਰੋਤ ਨੂੰ ਸੁਰੱਖਿਅਤ ਰੱਖਿਆ ਜਾ ਸਕੇ ।

ਗਲੋਬਲ ਐਨਰਜੀ ਐਂਡ ਇਨਵਾਇਰਮੈਂਟ ਫਾਊਂਡੇਸ਼ਨ (ਜੀ.ਈ.ਈ.ਐੱਫ.) ਨੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਐੱਸ.ਐੱਨ.ਸੀ.ਐੱਫ.) ਨੂੰ ਵਾਤਾਵਰਣ ਸੁਰੱਖਿਆ ਦੇ ਅੰਦਰ ਪਾਣੀ ਦੀ ਸੰਭਾਲ ਲਈ ਸਕਾਰਾਤਮਕ ਕਿਰਿਆਸ਼ੀਲ ਭੂਮਿਕਾ ਲਈ ਸਾਲ 2025 ਦੇ ਵੱਕਾਰੀ ਜਲ ਸੰਭਾਲ ਪਹਿਲਕਦਮੀ ਐਨਜੀਓ ਨਾਲ ਸਨਮਾਨਿਤ ਕੀਤਾ ਹੈ। ਇਹ ਗੌਰਵਮਈ ਸਨਮਾਨ ਐੱਸ. ਐੱਨ. ਸੀ. ਐਫ਼ ਦੇ ਪ੍ਰੋਜੈਕਟ ਅੰਮ੍ਰਿਤ ਸਵੱਛ ਜਲ਼ ਸਵੱਛ ਮਨ ਅਤੇ ਇਸ ਦੀਆਂ ਵੱਖ-ਵੱਖ ਜਲ ਸੰਭਾਲ ਅਤੇ ਸੈਨੀਟੇਸ਼ਨ ਪਹਿਲਕਦਮੀਆਂ ਪ੍ਰਤੀ ਅਣਥੱਕ ਸਮਰਪਣ ਦਾ ਪ੍ਰਤੀਕ ਹੈ। ਬਿਨਾਂ ਸ਼ੱਕ, ਪਾਣੀ ਦੇ ਸਰੋਤਾਂ ਦੀ ਸ਼ੁੱਧਤਾ ਅਤੇ ਟਿਕਾਊ ਸੰਭਾਲ ਵਿੱਚ ਐੱਸ ਐੱਨ ਸੀ ਐਫ਼ ਦੁਆਰਾ ਕੀਤੇ ਗਏ ਸ਼ਾਨਦਾਰ ਯਤਨ ਸਮਾਜ ਨੂੰ ਇੱਕ ਸਾਫ਼, ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਵੱਲ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ