ਸਰਹਿੰਦ, ਦਵਿੰਦਰ ਰੋਹਟਾ:
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ, ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖ਼ੇ ਅੱਜ ਕੇਂਦਰੀ ਪ੍ਰਚਾਰ ਟੂਰ ਦੌਰਾਨ ਕੇਂਦਰੀ ਗਿਆਨ ਪ੍ਰਚਾਰਕ ਪੂਜਯ ਮਹਾਤਮਾ ਸ਼ਾਮ ਲਾਲ ਗਰਗ ਜੀ ਦੀ ਹਜੂਰੀ ਵਿੱਚ ਇੱਕ ਵਿਸ਼ੇਸ ਸਤਿਸੰਗ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਉਹਨਾਂ ਨੇ ਆਪਣੇ ਪ੍ਰਵਚਨਾਂ ਚ ਕਿਹਾ ਕਿ ਅੱਜ ਸਾਨੂੰ ਜਿੱਥੇ ਹਰ ਪਲ ਬ੍ਰਹਮਗਿਆਨ ਦਾ ਅਹਿਸਾਸ ਰੱਖਣਾ ਹੈ, ਓਥੇ ਹੀ ਜੀਵਨ ਨੂੰ ਅਮਲੀ ਰੰਗ ਦੇਣਾ ਹੈ ਕਿਉਂਕਿ ਸਤਿਗੁਰੂ ਨਿਰੰਕਾਰ ਨੂੰ ਖੁਸ਼ ਕਰਨਾ ਹੀ ਸਾਡੀ ਭਗਤੀ ਨੂੰ ਸਾਰਥਿਕ ਬਣਾਉਂਦਾ ਹੈ, ਉਹਨਾਂ ਕਿਹਾ ਕਿ ਗੁਰਮੁਖੋ ਆਪਸ ਵਿੱਚ ਸਾਰੇ ਸੰਤ ਮਿਲ ਕੇ ਰਹੋ ਇੱਕ ਦੂਜੇ ਨੂੰ ਦੇਖ ਕੇ ਦਿਲੋਂ ਖੁਸ਼ ਹੋਇਆ ਕਰੋ, ਹਰ ਕਿਸੇ ਦਾ ਭਲਾ ਮੰਗਣਾ ਹੈ, ਕਿਉਂਕਿ ਸਾਰੀ ਦੁਨੀਆਂ ਨਿਰੰਕਾਰ ਦੀ ਰਚਨਾ ਹੈ। ਉਹਨਾਂ ਨੇ ਸਤਿਗੁਰੂ ਦੀ ਮਹਿਮਾਂ ਦਾ ਵਰਨਣ ਕਰਦੇ ਹੋਏ ਕਿਹਾ ਕਿ ਸਤਿਗੁਰੂ ਹੀ ਇੱਕ ਅਜਿਹੀ ਸੁਪ੍ਰੀਮ ਸ਼ਕਤੀ ਹੈ ਜੋ ਮਨੁੱਖ ਨੂੰ ਬ੍ਰਹਮਗਿਆਨ ਦੀ ਦਾਤ ਦੇ ਕੇ ਮਨੁੱਖ ਨੂੰ ਚੌਰਾਸੀ ਦੇ ਚੱਕਰ ਤੋਂ ਮੁਕਤੀ ਪ੍ਰਦਾਨ ਕਰਦੇ ਹਨ। ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੁਨੀਆਂ ਦਾ ਭਰਮਣ ਕਰਦੇ ਹਨ ਜਗ੍ਹਾ ਜਗ੍ਹਾ ਤੇ ਜਾ ਕੇ ਮਨੁੱਖ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਮਨੁੱਖੀ ਆਤਮਾ ਦੇ ਅੰਧਕਾਰ ਨੂੰ ਬ੍ਰਾਹਮਗਿਆਨ ਦੀ ਰੌਸ਼ਨੀ ਦੇ ਕੇ, ਮਨੁੱਖ ਦੀ ਜ਼ਿੰਦਗ਼ੀ ਚ ਉਜਾਲਾ ਕਰਦੇ ਹਨ, ਲੋਕ ਸੁਖੀ ਪਰਲੋਕ ਸੁਹੇਲਾ ਕਰਨ ਦਾ ਰਾਹ ਦੱਸਦੇ ਹਨ। ਮਹਾਤਮਾ ਸ਼ਾਮ ਲਾਲ ਗਰਗ ਜੀ ਨੇ ਕਿਹਾ ਕਿ ਜੋ ਜੋ ਬਸ਼ਰ ਸਤਿਗੁਰੂ ਦੇ ਗਿਆਨ ਦੀ ਰੌਸ਼ਨੀ ਚ ਜੀਉਂਦਾ ਹੈ ਉਹ ਮਨਮਤ ਦਾ ਤਿਆਗ ਕਰਕੇ ਗੁਰਮਤਿ ਦੇ ਰਾਹ ਤੇ ਚੱਲਕੇ ਇਨਸਾਨੀਅਤ ਲਈ ਵਰਦਾਨ ਬਣ ਜਾਂਦਾ ਹੈ, ਇਸ ਲਈ ਹਰ ਮਾਨਵ ਸਭ ਤੋਂ ਪਹਿਲਾ ਆਪਣੇ ਅੰਗ ਸੰਗ ਵਸਦੇ ਰੱਬ ਨੂੰ ਦੇਖੇ, ਜਾਣੇ ਪਹਿਚਾਣੇ ਤੇ ਫਿਰ ਇੱਕ ਨੇਕ ਇਨਸਾਨ ਬਣ ਕੇ ਮਾਨਵਤਾ ਲਈ ਸਕੂਨ ਦੇਣ ਵਾਲਾ ਸਾਬਤ ਹੋਏ। ਇਸ ਮੌਕੇ ਸਰਹਿੰਦ ਬ੍ਰਾਂਚ ਦੇ ਮੁਖੀ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਪੂਜਯ ਮਹਾਤਮਾ ਸ਼ਾਮ ਲਾਲ ਜੀ ਨੂੰ ਜੀ ਆਇਆਂ ਕਿਹਾ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਤੇ ਸਰਬੱਤ ਸਾਧ ਸੰਗਤ ਨੂੰ ਵੀ ਜੀ ਆਇਆਂ ਕਿਹਾ।